5 Dariya News

ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਾਂ 'ਤੇ ਭਾਜਪਾ ਦੇ ਤਿੱਖੇ ਸਵਾਲ, ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਪਹਿਲੀ ਹੀ ਬਾਰਿਸ਼ 'ਚ ਪੰਜਾਬ ਡੁੱਬਿਆ ਤਾਂ ਜ਼ਿੰਮੇਵਾਰ ਹੋਵੇਗੀ ਮਾਨ ਸਰਕਾਰ : ਕੇਵਲ ਸਿੰਘ ਢਿੱਲੋਂ

5 Dariya News

ਚੰਡੀਗੜ੍ਹ 15-Jul-2026

ਪੰਜਾਬ ਵਿੱਚ ਮਾਨਸੂਨ ਦੀ ਆਮਦ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਸੂਬੇ ਵਿੱਚ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ, ਖਾਸ ਕਰਕੇ ਨਾਲਿਆਂ ਅਤੇ ਡਰੇਨਾਂ ਦੀ ਸਫਾਈ ਨਾ ਹੋਣ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਢਿੱਲੋਂ ਨੇ ਪੱਤਰ ਵਿੱਚ ਲਿਖਿਆ ਕਿ ਮਾਨਸੂਨ ਸਿਰ 'ਤੇ ਹੈ ਅਤੇ ਪੰਜਾਬ ਦੇ ਲੋਕਾਂ ਵਿੱਚ ਇੱਕ ਵਾਰ ਫਿਰ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਹਾਲ ਹੀ ਵਿੱਚ ਮਿਲੀਆ ਰਿਪੋਰਟਾਂ ਮੁਤਾਬਕ ਵੱਖ-ਵੱਖ ਦਰਿਆਵਾਂ ਦੇ ਬੰਨ੍ਹਾਂ ਵਿੱਚ ਤਰੇੜਾਂ ਪੈਣ ਅਤੇ ਨਹਿਰਾਂ-ਰਜਵਾਹਿਆਂ ਵਿੱਚ ਪਾੜ ਪੈਣ ਕਾਰਨ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿਕਾਸੀ ਨਾਲਿਆਂ ਅਤੇ ਡਰੇਨਾਂ ਦੀ ਸਫਾਈ, ਅਜੇ ਤੱਕ ਪੂਰੀ ਨਹੀਂ ਕੀਤੀ ਗਈ। ਸ਼ਹਿਰਾਂ ਦੇ ਨਾਲੇ ਅਤੇ ਪਿੰਡਾਂ ਦੀਆਂ ਡਰੇਨਾਂ ਗਾਰ, ਪਲਾਸਟਿਕ ਅਤੇ ਗੰਦਗੀ ਨਾਲ ਭਰੀਆਂ ਹੋਈਆਂ ਹਨ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਹਿਲੀ ਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਜਾਂ ਪਿੰਡ ਡੁੱਬਦੇ ਹਨ, ਤਾਂ ਇਸਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਭਾਜਪਾ ਆਗੂ ਨੇ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਦਿੱਤੀ ਗਈ ਜਾਣਕਾਰੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਵਿੱਤ ਸਾਲ 2025-26 ਵਿੱਚ ਕੇਂਦਰ ਸਰਕਾਰ ਨੇ ਐਸਡੀਆਰਐਫ ਅਤੇ ਐਨਡੀਆਰਫ ਤਹਿਤ ਪੰਜਾਬ ਨੂੰ 481.6 ਕਰੋੜ ਰੁਪਏ ਜਾਰੀ ਕੀਤੇ ਸਨ।

ਇਸ ਵਿੱਚ ਪੰਜਾਬ ਸਰਕਾਰ ਦਾ 160.8 ਕਰੋੜ ਰੁਪਏ ਦਾ ਹਿੱਸਾ ਜੋੜ ਕੇ ਕੁੱਲ ਰਾਸ਼ੀ 642.4 ਕਰੋੜ ਰੁਪਏ ਬਣਦੀ ਹੈ, ਜੋ ਕਿ ਸਿੱਧੇ ਤੌਰ 'ਤੇ ਹੜ੍ਹ ਰਾਹਤ, ਬੰਨ੍ਹਾਂ ਦੀ ਮੁਰੰਮਤ ਅਤੇ ਆਫ਼ਤ ਪ੍ਰਬੰਧਨ ਲਈ ਦਿੱਤੀ ਗਈ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਉਹ ਇਹ ਦੱਸਣ ਕਿ ਇਹ 642.4 ਕਰੋੜ ਰੁਪਏ ਕਿੱਥੇ ਖਰਚ ਕੀਤੇ ਗਏ, ਕਿਹੜੇ ਬੰਨ੍ਹ ਮਜ਼ਬੂਤ ਹੋਏ, ਕਿਹੜੇ ਨਾਲੇ ਸਾਫ਼ ਕੀਤੇ ਗਏ ਅਤੇ ਕਿੰਨੇ ਪੀੜਤਾਂ ਤੱਕ ਇਹ ਰਾਸ਼ੀ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸਮੇਂ ਸਿਰ ਪੈਸਾ ਭੇਜ ਦਿੱਤਾ ਸੀ ਅਤੇ ਹੁਣ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਪੈਸਾ ਕਿੱਥੇ ਗਿਆ। ਢਿੱਲੋਂ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਕੇ ਹਰ ਵਾਰ ਦੀ ਤਰ੍ਹਾਂ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਾ ਕਰਨ।