3200 ਏਕੜ ਜ਼ਮੀਨ ਨੂੰ ਮਿਲੇਗੀ ਸਿੰਚਾਈ ਦੀ ਸਹੂਲਤ, ਬਰਿੰਦਰ ਗੋਇਲ ਨੇ ਨਾਰੂ ਨੰਗਲ ਲਿਫ਼ਟ ਸਕੀਮ ਦਾ ਕੀਤਾ ਉਦਘਾਟਨ
1.42 ਕਰੋੜ ਰੁਪਏ ਦੇ ਸੋਲਰ ਪ੍ਰੋਜੈਕਟ ਨਾਲ ਘਟੇਗਾ ਬਿਜਲੀ ਖਰਚ
5 Dariya News
ਹੁਸ਼ਿਆਰਪੁਰ 14-Jul-2026
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅੱਜ ਪਿੰਡ ਬੱਸੀ ਪੁਰਾਣੀ ਵਿਖੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿੱਚ ਨਾਰੂ ਨੰਗਲ ਲਿਫ਼ਟ ਸਕੀਮ ਅਤੇ ਕੰਡੀ ਨਹਿਰ ਸਟੇਜ-2 ਦੇ 330 ਕਿਲੋਵਾਟ ਸੋਲਰ ਪੈਨਲ ਸਿਸਟਮ ਦਾ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਆਧੁਨਿਕ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜਲ ਸਰੋਤਾਂ ਦੀ ਵਿਗਿਆਨਕ ਅਤੇ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾ ਕੇ ਖੇਤੀ ਦੀ ਲਾਗਤ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੂਰਾ ਯਤਨ ਹੈ ਕਿ ਹਰ ਖੇਤ ਅਤੇ ਟੇਲ ਤੱਕ ਪਾਣੀ ਪਹੁੰਚੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕੰਡੀ ਨਹਿਰ ਦੇ ਆਰ.ਡੀ. 65693 ਮੀਟਰ 'ਤੇ ਸਥਾਪਿਤ ਨਾਰੂ ਨੰਗਲ ਲਿਫ਼ਟ ਸਕੀਮ ਦਾ ਨਿਰਮਾਣ ਕੰਡੀ ਨਹਿਰ ਦੇ ਖੱਬੇ ਕੰਢੇ 'ਤੇ ਸਥਿਤ ਉੱਚੇ ਇਲਾਕਿਆਂ ਤੱਕ ਸਿੰਚਾਈ ਦਾ ਪਾਣੀ ਪਹੁੰਚਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ 100-100 ਹਾਰਸ ਪਾਵਰ ਦੀਆਂ ਸੱਤ ਮੋਟਰਾਂ ਰਾਹੀਂ ਨਹਿਰ ਦਾ ਪਾਣੀ ਲਗਭਗ 75 ਫੁੱਟ ਦੀ ਉਚਾਈ ਤੱਕ ਚੁੱਕਿਆ ਜਾਂਦਾ ਹੈ।
ਇਸ ਤੋਂ ਬਾਅਦ ਭੂਮੀਗਤ ਪਾਈਪਲਾਈਨ ਨੈੱਟਵਰਕ ਰਾਹੀਂ ਗਰੈਵਟੀ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਿਫ਼ਟ ਸਕੀਮ ਦੇ ਦੋ ਪੜਾਅ ਹਨ, ਜਿਨ੍ਹਾਂ ਦੀ ਕੁੱਲ ਡਿਸਚਾਰਜ ਸਮਰੱਥਾ 20 ਕਿਊਸੈਕ ਹੈ। ਇਸ ਰਾਹੀਂ ਲਗਭਗ 3200 ਏਕੜ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਪ੍ਰੋਜੈਕਟ ਅਧੀਨ 92 ਕਿਲੋਮੀਟਰ ਲੰਬਾ ਭੂਮੀਗਤ ਪਾਈਪਲਾਈਨ ਨੈੱਟਵਰਕ ਵਿਛਾਇਆ ਗਿਆ ਹੈ, ਜਿਸ ਨਾਲ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਦੇ 18 ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਦਾ ਲਾਭ ਮਿਲ ਰਿਹਾ ਹੈ। ਬਰਿੰਦਰ ਗੋਇਲ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਬੱਸੀ ਪੁਰਾਣੀ, ਨੰਦਨ, ਬੱਸੀ ਕਿੱਕਰਾਂ, ਜਹਾਨਖੇਲਾਂ, ਮਹਿਲਾਂਵਾਲੀ, ਬੱਸੀ ਹਸਤ ਖ਼ਾਂ, ਬੱਸੀ ਕੁੰਡੀਆਂ, ਬੱਸੀ ਦਾਉਦ ਖ਼ਾਂ, ਨਾਰੂ ਨੰਗਲ, ਕੌਂਡਲਾ, ਅਲੀ ਦੀ ਬੱਸੀ, ਬੈਠੂਲਾ, ਬੱਸੀ ਮੁਸਤਫ਼ਾ, ਬਹਾਦਰਪੁਰ ਬਾਹੀਆਂ, ਨਾਰੂ ਨੰਗਲ ਖ਼ਾਸ, ਧੀਰੋਵਾਲ, ਬੱਸੀ ਅਲੀ ਖ਼ਾਂ ਅਤੇ ਜੰਡੋਲੀ ਸਮੇਤ 18 ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲਿਫ਼ਟ ਸਕੀਮ 'ਤੇ 540 ਕਿਲੋਵਾਟ ਦਾ ਬਿਜਲੀ ਲੋਡ ਹੈ। ਬਿਜਲੀ ਖਰਚ ਵਿੱਚ ਕਮੀ ਲਿਆਉਣ ਅਤੇ ਸਾਫ਼-ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ 1.42 ਕਰੋੜ ਰੁਪਏ ਦੀ ਲਾਗਤ ਨਾਲ 330 ਕਿਲੋਵਾਟ ਸਮਰੱਥਾ ਵਾਲਾ ਸੋਲਰ ਪੈਨਲ ਸਿਸਟਮ ਸਥਾਪਿਤ ਕੀਤਾ ਗਿਆ ਹੈ।
ਇਸ ਨਾਲ ਬਿਜਲੀ ਦੀ ਮਹੱਤਵਪੂਰਨ ਬਚਤ ਹੋਵੇਗੀ, ਪ੍ਰੋਜੈਕਟ ਦੀ ਸੰਚਾਲਨ ਲਾਗਤ ਘਟੇਗੀ ਅਤੇ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਨਿਰਵਿਘਨ ਸਿੰਚਾਈ ਸਹੂਲਤ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਇਸ ਦੌਰਾਨ ਮੌਕੇ 'ਤੇ ਮੌਜੂਦ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਲੋੜਾਂ ਨੂੰ ਸਮਝਦਿਆਂ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਹੈ।
ਇਸ ਮੌਕੇ ਹੁਸ਼ਿਆਰਪੁਰ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਐੱਸ.ਡੀ.ਐੱਮ. ਹੁਸ਼ਿਆਰਪੁਰ ਪਰਮਪ੍ਰੀਤ ਸਿੰਘ, ਐੱਸ.ਈ. ਵਿਜੈ ਗਿੱਲ, ਅਜੈ ਮੋਹਨ ਬੱਬੀ, ਵਰਿੰਦਰ ਸ਼ਰਮਾ ਬਿੰਦੂ ਤੋਂ ਇਲਾਵਾ ਹੋਰ ਕਈ ਪਤਵੰਤੇ ਵੀ ਹਾਜ਼ਰ ਸਨ।