ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ: ਜੇਲ੍ਹ ਵਿੱਚ ਸ਼ੁਰੂ ਹੋਇਆ "ਰੇਡੀਓ ਸਟੇਸ਼ਨ ਉਜਾਲਾ"
ਕੈਦੀਆਂ ਦੀ ਮਾਨਸਿਕ ਸਿਹਤ ਵਿੱਚ "ਉਜਾਲਾ" ਲਿਆਵੇਗਾ ਰੈੱਡ ਕ੍ਰਾਸ ਦਾ ਉਪਰਾਲਾ: ਹਰਪ੍ਰੀਤ ਸਿੰਘ
5 Dariya News
ਬਰਨਾਲਾ 14-Jul-2026
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਰਾਹੀਂ ਕੈਦੀਆਂ/ ਹਵਾਲਾਤੀਆਂ ਦੀ ਮਾਨਸਿਕ ਸਿਹਤ ਲਈ ਪਹਿਲ ਕਰਦੇ ਹੋਏ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚ "ਰੇਡੀਓ ਸਟੇਸ਼ਨ ਉਜਾਲਾ" ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦਘਾਟਨ ਅੱਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਿਸ ਅੰਸ਼ੁਲ ਬੇਰੀ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਅੱਜ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਰਾਹੀਂ ਕਰੀਬ ਸਾਢੇ 3 ਲੱਖ ਰੁਪਏ ਦੀ ਲਾਗਤ ਨਾਲ ਇਹ ਰੇਡੀਓ ਸਟੇਸ਼ਨ ਬਣਾਇਆ ਗਿਆ ਹੈ ਇਸ ਰੇਡਿਓ ਸਟੇਸ਼ਨ ਰਾਹੀਂ ਜੇਲ੍ਹ ਅੰਦਰ ਬੰਦ ਕੈਦੀ ਅਤੇ ਹਵਾਲਾਤੀ ਮਨੋਰੰਜਨ ਲਈ ਗੀਤ ਸੁਣ ਸਕਦੇ ਹਨ।
ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਹਰ ਇੱਕ ਬੈਰਕ ਅਤੇ ਸਾਂਝੇ ਸਥਾਨਾਂ 'ਤੇ ਸਪੀਕਰ ਲਗਾਏ ਗਏ ਹਨ। ਇਸ ਤੋਂ ਇਲਾਵਾ ਕੈਦੀ / ਹਵਾਲਾਤੀ ਆਪਣੇ ਪਸੰਦ ਦੀਆਂ ਕਵਿਤਾਵਾਂ, ਉਸਾਰੂ ਵਿਚਾਰ, ਗੀਤ ਪੇਸ਼ ਕਰ ਸਕਦੇ ਅਤੇ ਓਹਨਾਂ ਨੂੰ ਰੇਡੀਓ ਜੌਕੀ ਵਜੋਂ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਮਿਲੇਗਾ। ਓਹਨਾਂ ਦੱਸਿਆ ਕਿ ਇਸ ਰੇਡੀਓ ਸਟੇਸ਼ਨ ਰਾਹੀਂ ਜੇਲ੍ਹ ਦੇ ਸਾਰੇ ਕੈਦੀਆਂ ਤੱਕ ਪ੍ਰੇਰਣਾਦਾਇਕ ਸੰਦੇਸ਼, ਸੰਗੀਤ, ਸਿਹਤ ਅਤੇ ਕਾਨੂੰਨੀ ਜਾਗਰੂਕਤਾ ਨਾਲ ਸਬੰਧਤ ਜਾਣਕਾਰੀ, ਸਿੱਖਿਆਦਾਇਕ ਪ੍ਰੋਗਰਾਮ ਤੇ ਮਨੋਰੰਜਨ ਭਰਪੂਰ ਸਮਗਰੀ ਪ੍ਰਸਾਰਿਤ ਕੀਤੀ ਜਾਵੇਗੀ।
ਓਹਨਾਂ ਕਿਹਾ ਕਿ 'ਉਜਾਲਾ' ਦਾ ਉਦੇਸ਼ ਕੈਦੀਆਂ ਵਿੱਚ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ, ਤਣਾਅ ਨੂੰ ਘਟਾਉਣਾ, ਆਤਮ-ਵਿਸ਼ਵਾਸ ਵਧਾਉਣਾ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੁੜਨ ਲਈ ਪ੍ਰੇਰਿਤ ਕਰਨਾ ਹੈ। ਓਹਨਾਂ ਕਿਹਾ ਕਿ "ਉਜਾਲਾ – ਵੋਇਸ ਆਫ ਪਾਜ਼ੀਟਿਵਿਟੀ" ਸਿਰਫ਼ ਇੱਕ ਰੇਡੀਓ ਸਟੇਸ਼ਨ ਜਾਂ ਮਿਊਜ਼ਿਕ ਸਿਸਟਮ ਨਹੀਂ, ਸਗੋਂ ਉਮੀਦ, ਹੌਸਲੇ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ, ਜੋ ਕੈਦੀਆਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵੱਲ ਇੱਕ ਅਹਿਮ ਕਦਮ ਸਾਬਤ ਹੋਵੇਗਾ।
ਇਸ ਮੌਕੇ ਸਕੱਤਰ, ਡੀ.ਐਲ.ਐਸ.ਏ ਸ਼੍ਰੀ ਮਦਨ ਲਾਲ, ਸੁਪਰਡੈਂਟ (ਜ਼ਿਲ੍ਹਾ ਜੇਲ੍ਹ) ਸ. ਸ਼ਿਵਰਾਜ਼ ਸਿੰਘ ਨੰਦਗੜ੍ਹ, ਡਿਪਟੀ ਸੁਪਰਡੈਂਟ ਸ੍ਰੀ ਵਿਕਾਸ ਸ਼ਰਮਾ ਮੌਜੂਦ ਸਨ।