ਜੀਵਨਜੋਤ ਕੌਰ ਨੇ 11 ਕੇ.ਵੀ. ਗੋਕਲ ਕਾ ਬਾਗ ਫੀਡਰ ਦਾ ਕੀਤਾ ਉਦਘਾਟਨ
ਈਸਟ ਮੋਹਨ ਨਗਰ, ਗੋਕਲ ਕਾ ਬਾਗ, ਸੁਦਰਸ਼ਨ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਮਿਲੇਗੀ ਨਿਰਵਿਘਨ ਅਤੇ ਬਿਹਤਰ ਬਿਜਲੀ ਸਪਲਾਈ
5 Dariya News
ਅੰਮ੍ਰਿਤਸਰ 13-Jul-2026
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਅੱਜ 132 ਕੇ.ਵੀ. ਜੀ.ਟੀ. ਰੋਡ ਸਬ-ਸਟੇਸ਼ਨ, ਅੰਮ੍ਰਿਤਸਰ ਵਿਖੇ 11 ਕੇ.ਵੀ. ਈਸਟ ਮੋਹਨ ਨਗਰ ਫੀਡਰ ਨੂੰ ਬਾਈਫਰਕੇਟ ਕਰਕੇ ਨਵੇਂ ਬਣਾਏ ਗਏ 11 ਕੇ.ਵੀ. ਗੋਕਲ ਕਾ ਬਾਗ ਫੀਡਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਨਿਰਵਿਘਨ, ਭਰੋਸੇਯੋਗ ਅਤੇ ਗੁਣਵੱਤਾ ਭਰੀਆਂ ਬਿਜਲੀ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ।
ਵਿਧਾਇਕਾ ਜੀਵਨਜੋਤ ਕੌਰ ਨੇ ਦੱਸਿਆ ਕਿ ਨਵੇਂ ਫੀਡਰ ਦੇ ਚਾਲੂ ਹੋਣ ਨਾਲ ਈਸਟ ਮੋਹਨ ਨਗਰ, ਗੋਕਲ ਕਾ ਬਾਗ, ਸੁਦਰਸ਼ਨ ਨਗਰ, 100 ਫੁੱਟੀ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਹੋਰ ਮਜ਼ਬੂਤ, ਨਿਰਵਿਘਨ ਅਤੇ ਭਰੋਸੇਯੋਗ ਬਣੇਗੀ। ਇਸ ਨਾਲ ਫੀਡਰ 'ਤੇ ਪੈਣ ਵਾਲਾ ਲੋਡ ਘਟੇਗਾ, ਬਿਜਲੀ ਸਪਲਾਈ ਵਿੱਚ ਆਉਣ ਵਾਲੀਆਂ ਰੁਕਾਵਟਾਂ ਵਿੱਚ ਕਮੀ ਆਵੇਗੀ ਅਤੇ ਉਦਯੋਗਿਕ ਇਕਾਈਆਂ ਦੇ ਨਾਲ-ਨਾਲ ਆਮ ਖਪਤਕਾਰਾਂ ਨੂੰ ਵੀ ਬਿਹਤਰ ਸੇਵਾ ਪ੍ਰਾਪਤ ਹੋਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ, ਤਾਂ ਜੋ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਮਿਲੇ ਅਤੇ ਆਮ ਲੋਕਾਂ ਨੂੰ ਵੀ ਬਿਹਤਰ ਸੇਵਾਵਾਂ ਉਪਲਬਧ ਹੋ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਵਿਕਾਸ ਕਾਰਜਾਂ ਨਾਲ ਇਲਾਕੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਖਪਤਕਾਰਾਂ ਨੂੰ ਵੀ ਵੱਡਾ ਲਾਭ ਹੋਵੇਗਾ।
ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ.ਐੱਸ.ਪੀ.ਸੀ.ਐੱਲ.) ਦੇ ਸਿਟੀ ਸਰਕਲ, ਅੰਮ੍ਰਿਤਸਰ ਦੇ ਉੱਪ ਮੁੱਖ ਇੰਜੀਨੀਅਰ ਇੰਜੀ. ਅਜੀਤ ਪਾਲ ਸਿੰਘ ਮੁਲਤਾਨੀ, ਐਕਸੀਅਨ ਉਦਯੋਗਿਕ ਮੰਡਲ ਅੰਮ੍ਰਿਤਸਰ ਇੰਜੀ. ਐੱਚ.ਐੱਸ. ਸੇਖੋਂ, ਉੱਪ ਮੰਡਲ ਅਫ਼ਸਰ ਸੁਲਤਾਨਵਿੰਡ ਇੰਜੀ. ਰਜਵੰਤ ਸਿੰਘ, ਇਲਾਕੇ ਦੇ ਉਦਯੋਗਪਤੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।