ਨਿਊ ਸੰਨੀ ਇਨਕਲੇਵ ਵਿੱਚ ਪਾਣੀ ਦਾ ਗੰਭੀਰ ਸੰਕਟ, ਹਜ਼ਾਰਾਂ ਪਰਿਵਾਰ ਬੂੰਦ-ਬੂੰਦ ਪਾਣੀ ਲਈ ਤਰਸੇ
10 ਦਿਨਾਂ ਤੋਂ ਬੰਦ ਟਿਊਬਵੈੱਲ ਨੇ ਵਧਾਈਆਂ ਮੁਸ਼ਕਲਾਂ, ਮਹਿੰਗੇ ਟੈਂਕਰਾਂ ਦੇ ਸਹਾਰੇ ਚੱਲ ਰਹੀ ਹੈ ਜ਼ਿੰਦਗੀ
5 Dariya News
ਖਰੜ 13-Jul-2026
ਖਰੜ ਦੇ ਨਿਊ ਸੰਨੀ ਇਨਕਲੇਵ ਦੇ ਸੈਕਟਰ-125 ਵਿੱਚ ਸਥਿਤ 142 ਏਕੜ ਵਿੱਚ ਫੈਲੇ ਮੇਗਾ ਹਾਊਸਿੰਗ ਪ੍ਰੋਜੈਕਟ ਵਿੱਚ ਰਹਿ ਰਹੇ ਹਜ਼ਾਰਾਂ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਭਿਆਨਕ ਪਾਣੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕੋਠੀਆਂ, ਮਕਾਨਾਂ, ਡੁਪਲੈਕਸਾਂ ਅਤੇ ਫਲੈਟਾਂ ਵਿੱਚ ਰਹਿਣ ਵਾਲੇ ਲੋਕ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸ ਰਹੇ ਹਨ।
ਪੀਣ ਵਾਲੇ ਪਾਣੀ ਤੋਂ ਲੈ ਕੇ ਰਸੋਈ, ਬੱਚਿਆਂ ਅਤੇ ਬਜ਼ੁਰਗਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਮਜ਼ਬੂਰੀ ਵੱਸ ਲੋਕਾਂ ਨੂੰ ਹਰ ਰੋਜ਼ ਹਜ਼ਾਰਾਂ ਰੁਪਏ ਖਰਚ ਕਰਕੇ ਨਿੱਜੀ ਟੈਂਕਰਾਂ ਰਾਹੀਂ ਪਾਣੀ ਮੰਗਵਾਉਣਾ ਪੈ ਰਿਹਾ ਹੈ। ਇਹ ਗੱਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਨਿਊ ਸੰਨੀ ਇਨਕਲੇਵ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸੱਦੇ 'ਤੇ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਕਹੀ।
ਉਨ੍ਹਾਂ ਦੱਸਿਆ ਕਿ ਇੰਨੇ ਵੱਡੇ ਰਿਹਾਇਸ਼ੀ ਖੇਤਰ ਦੀ ਪਾਣੀ ਸਪਲਾਈ ਸਿਰਫ਼ ਦੋ ਟਿਊਬਵੈੱਲਾਂ 'ਤੇ ਨਿਰਭਰ ਹੈ। ਇਨ੍ਹਾਂ ਵਿੱਚੋਂ ਇੱਕ ਟਿਊਬਵੈੱਲ ਦੀ ਮੋਟਰ ਪਿਛਲੇ ਲਗਭਗ ਦਸ ਦਿਨਾਂ ਤੋਂ ਖਰਾਬ ਪਈ ਹੈ, ਜਿਸ ਕਾਰਨ ਪੂਰੇ ਇਲਾਕੇ ਦੀ ਪਾਣੀ ਸਪਲਾਈ ਲਗਭਗ ਠੱਪ ਹੋ ਗਈ ਹੈ।
ਆਰਡਬਲਿਊਏ ਦੇ ਪ੍ਰਧਾਨ ਸਰਦਾਰ ਪਵਿੱਤਰ ਪਾਲ ਸਿੰਘ, ਰਾਮਕ੍ਰਿਸ਼ਨ ਕਟਾਰੀਆ, ਕਮਲਕਾਂਤ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਸਰਦਾਰ ਹਰਮੇਲ ਸਿੰਘ, ਕੈਪਟਨ ਇੰਦਰਜੀਤ ਸਿੰਘ, ਸਰਦਾਰ ਮੇਜਰ ਸਿੰਘ ਨੰਬਰਦਾਰ ਅਤੇ ਸੇਵਾਮੁਕਤ ਐਕਸੀਐਨ ਸਵਰਨ ਸਿੰਘ ਨੇ ਜੋਸ਼ੀ ਨੂੰ ਖਰਾਬ ਟਿਊਬਵੈੱਲ ਦਾ ਨਿਰੀਖਣ ਕਰਵਾਇਆ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਵਿਨੀਤ ਜੋਸ਼ੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਕਾਨੂੰਨੀ ਤੌਰ 'ਤੇ ਪਲਾਟ ਅਤੇ ਫਲੈਟ ਖਰੀਦੇ, ਆਪਣੇ ਘਰ ਬਣਾਏ ਅਤੇ ਸਾਰੇ ਟੈਕਸ ਨਿਯਮਿਤ ਤੌਰ 'ਤੇ ਅਦਾ ਕਰ ਰਹੇ ਹਨ, ਉਹ ਅੱਜ ਪਾਣੀ ਵਰਗੀ ਮੁੱਢਲੀ ਸਹੂਲਤ ਲਈ ਸੰਘਰਸ਼ ਕਰਨ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਾਢੇ ਚਾਰ ਸਾਲ ਤੋਂ ਵੱਧ ਦੇ ਕਾਰਜਕਾਲ ਦੌਰਾਨ ਵੀ ਇਸ ਇਲਾਕੇ ਦੇ ਲੋਕਾਂ ਨੂੰ ਯਥੋਚਿਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਰਾਬ ਟਿਊਬਵੈੱਲ ਨੂੰ ਤੁਰੰਤ ਚਾਲੂ ਕੀਤਾ ਜਾਵੇ, ਲੋੜੀਂਦੀ ਵਿਕਲਪਕ ਪਾਣੀ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੂਰੇ ਇਲਾਕੇ ਲਈ ਸਥਾਈ ਹੱਲ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆਪਣੇ ਹੀ ਘਰਾਂ ਵਿੱਚ ਪਾਣੀ ਵਰਗੀ ਬੁਨਿਆਦੀ ਸਹੂਲਤ ਲਈ ਹੋਰ ਪਰੇਸ਼ਾਨ ਨਾ ਹੋਣਾ ਪਵੇ।