5 Dariya News

ਭਾਰਤ ਦੇ ਸਮਾਰਟ ਪ੍ਰੋਟੀਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਬ੍ਰਿਕ-ਨਾਬੀ ਬਾਇਓ-ਫਾਊਂਡਰੀ (ਐਗਰੀ-ਫੂਡ ਬਾਇਓ-ਮਗ) ਵੱਲੋਂ ਬਾਇਓਮੈਨਿਊਫੈਕਚਰਿੰਗ ਵਰਕਸ਼ਾਪ 5.0 ਦਾ ਹੋਇਆ ਆਯੋਜਨ

5 Dariya News

ਐੱਸ.ਏ.ਐੱਸ. ਨਗਰ (ਮੋਹਾਲੀ) 09-Jul-2026

ਬ੍ਰਿਕ-ਨੈਸ਼ਨਲ ਐਗਰੀ-ਫੂਡ ਐਂਡ ਬਾਇਓ-ਮੈਨਿਊਫੈਕਚਰਿੰਗ ਇੰਸਟੀਚਿਊਟ (BRIC-NABI), ਮੋਹਾਲੀ ਅਧੀਨ ਸਥਾਪਿਤ ਨਾਬੀ ਬਾਇਓ-ਫਾਊਂਡਰੀ (ਐਗਰੀ-ਫੂਡ ਬਾਇਓ-ਮਗ) ਵੱਲੋਂ ਵੀਰਵਾਰ ਨੂੰ ਬਾਇਓਮੈਨਿਊਫੈਕਚਰਿੰਗ ਵਰਕਸ਼ਾਪ 5.0 ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਖੋਜਕਰਤਾਵਾਂ, ਤਕਨਾਲੋਜੀ ਮਾਹਿਰਾਂ, ਉਦਯੋਗ ਜਗਤ ਦੇ ਪ੍ਰਤੀਨਿਧੀਆਂ, ਉਦਮੀਆਂ ਅਤੇ ਬਾਇਓ-ਈਕੋਸਿਸਟਮ ਨਾਲ ਜੁੜੇ ਹਿੱਸੇਦਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਭਾਰਤ ਦੇ ਫਰਮੈਂਟੇਸ਼ਨ-ਆਧਾਰਿਤ ਸਮਾਰਟ ਪ੍ਰੋਟੀਨ ਖੇਤਰ ਵਿੱਚ ਮੌਜੂਦ ਚੁਣੌਤੀਆਂ ਦੀ ਪਛਾਣ ਕਰਨਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰਾ ਕਰਨਾ ਸੀ।

ਵਰਕਸ਼ਾਪ ਵਿੱਚ ਦੇਸ਼ ਦੇ ਪ੍ਰਮੁੱਖ ਵਿਗਿਆਨੀਆਂ, ਨਵੀਨਤਾਕਾਰਾਂ ਅਤੇ ਉਦਮੀਆਂ ਨੇ ਭਾਗ ਲਿਆ, ਜੋ ਭਾਰਤ ਦੇ ਬਾਇਓ-ਮੈਨਿਊਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਨ। ਸਮਾਗਮ ਦੀ ਸ਼ੁਰੂਆਤ ਪ੍ਰੋ. ਅਸ਼ਵਨੀ ਪਾਰੀਕ, ਐਗਜੀਕਿਊਟਿਵ ਨਿਰਦੇਸ਼ਕ, ਬ੍ਰਿਕ-ਨਾਬੀ ਨੇ ਕੀਟੀ। ਇਸ ਮੌਕੇ ਡਾ. ਐਲ. ਐਸ. ਸ਼ਸ਼ਿਧਰਾ, ਨਿਰਦੇਸ਼ਕ, ਨੈਸ਼ਨਲ ਸੈਂਟਰ ਫਾਰ ਬਾਇਓਲੋਜਿਕਲ ਸਾਇੰਸਜ਼ (ਐਨਸੀਬੀਐਸ), ਸੁਸ਼੍ਰੀ ਸ਼ਿਵਾਲੀ ਸੁਗੰਧ, ਸਹਿ-ਸੰਸਥਾਪਕ, ਗ੍ਰੀਨਗ੍ਰਾਹੀ, ਅਤੇ ਸ਼੍ਰੀ ਸਿੱਧਾਰਥ ਸ਼ਰਮਾ, ਸਹਿ-ਸੰਸਥਾਪਕ, ਗ੍ਰੀਨਗ੍ਰਾਹੀ ਨੇ ਵਿਗਿਆਨ-ਅਧਾਰਿਤ ਨਵੀਨਤਾ ਅਤੇ ਉਦਮੀਤਾ 'ਤੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ।

ਆਪਣੇ ਸੰਬੋਧਨ ਦੌਰਾਨ ਪ੍ਰੋ. ਅਸ਼ਵਨੀ ਪਾਰੀਕ ਨੇ ਟਿਕਾਊ ਬਾਇਓ-ਮੈਨਿਊਫੈਕਚਰਿੰਗ ਤਕਨਾਲੋਜੀਆਂ ਦੇ ਵਿਕਾਸ ਵਿੱਚ ਬਾਇਓ-ਫਾਊਂਡਰੀ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੀਟ-ਆਧਾਰਿਤ ਪ੍ਰੋਟੀਨ ਉਤਪਾਦਨ, ਜੈਵਿਕ ਸਰੋਤਾਂ ਦੀ ਵਰਤੋਂ ਅਤੇ ਖੇਤੀਬਾੜੀ ਤੇ ਉਦਯੋਗਿਕ ਕਚਰੇ ਨੂੰ ਆਰਥਿਕ ਤੌਰ 'ਤੇ ਲਾਭਕਾਰੀ ਉਤਪਾਦਾਂ ਵਿੱਚ ਤਬਦੀਲ ਕਰਨ ਲਈ ਸੰਸਥਾ ਦੇ ਯਤਨਾਂ ਦਾ ਜ਼ਿਕਰ ਕੀਤਾ। 

ਉਨ੍ਹਾਂ ਦੱਸਿਆ ਕਿ BRIC-NABI ਇਸ ਖੇਤਰ ਵਿੱਚ ਹੁਣ ਤੱਕ 13 ਨਵੀਂ ਤਕਨਾਲੋਜੀਆਂ ਵਿਕਸਿਤ ਕਰ ਚੁੱਕਾ ਹੈ, ਜੋ ਸਰਕੂਲਰ ਬਾਇਓਇਕਾਨੋਮੀ ਨੂੰ ਉਤਸ਼ਾਹਿਤ ਕਰਨ ਵੱਲ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਸੰਸਥਾ ਵਿੱਚ ਚੱਲ ਰਹੇ ਰਾਸ਼ਟਰੀ ਮਿਸ਼ਨਾਂ ਅਤੇ ਆਧੁਨਿਕ ਖੋਜ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।

ਮੁੱਖ ਭਾਸ਼ਣ ਦੌਰਾਨ ਡਾ. ਐਲ. ਐਸ. ਸ਼ਸ਼ਿਧਰਾ ਨੇ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਵਿਗਿਆਨਕ ਖੋਜ ਦੇ ਵਿਕਾਸ ਦੀ ਯਾਤਰਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਬੁਨਿਆਦੀ ਵਿਗਿਆਨ ਤੋਂ ਵਿਹਾਰਕ ਐਪਲੀਕੇਸ਼ਨਾਂ ਤੱਕ ਦੇ ਸਫ਼ਰ, ਸੈੱਲ ਨੂੰ ਜੀਵਨ ਦੀ ਬੁਨਿਆਦੀ ਇਕਾਈ ਤੋਂ ਜੀਵਨ ਦੇ ਕੇਂਦਰ ਵਜੋਂ ਸਮਝਣ, ਜੈਨੋਟਾਈਪ ਤੋਂ ਫੀਨੋਟਾਈਪ ਅਤੇ ਡਾਰਵਿਨ ਦੇ ਸਿਧਾਂਤਾਂ ਤੋਂ ਆਧੁਨਿਕ ਰੋਗ ਵਿਗਿਆਨ ਤੱਕ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ। 

ਉਨ੍ਹਾਂ ਕਿਹਾ ਕਿ ਵਿਗਿਆਨ ਸਰਬਵਿਆਪੀ ਹੈ ਅਤੇ ਇਸ ਦਾ ਵਿਕਾਸ ਹਰ ਖੇਤਰ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ਵੈਤ ਕ੍ਰਾਂਤੀ, ਬਲੱਡ ਬੈਂਕਿੰਗ ਪ੍ਰਣਾਲੀ ਦਾ ਵਿਕਾਸ, ਬਾਸਮਤੀ ਚੌਲ ਦੀ ਡੀਐਨਏ ਬਾਰਕੋਡਿੰਗ ਅਤੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਵਿੱਚ ਭਾਰਤੀ ਵਿਗਿਆਨੀਆਂ ਦੇ ਯੋਗਦਾਨ ਵਰਗੇ ਮਹੱਤਵਪੂਰਨ ਉਦਾਹਰਨ ਵੀ ਸਾਂਝੇ ਕੀਤੇ।

ਸੁਸ਼੍ਰੀ ਸ਼ਿਵਾਲੀ ਸੁਗੰਧ ਨੇ ਆਪਣੇ ਉਦਮੀ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਕਚਰਾ ਪ੍ਰਬੰਧਨ ਦੀਆਂ ਵਧਦੀਆਂ ਚੁਣੌਤੀਆਂ ਨੇ ਉਨ੍ਹਾਂ ਨੂੰ ਗ੍ਰੀਨਗ੍ਰਾਹੀ ਦੀ ਸਥਾਪਨਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੇਸਟ ਪ੍ਰਬੰਧਨ ਸੰਬੰਧੀ ਨੀਤੀਆਂ ਬਾਰੇ ਗੱਲ ਕਰਦਿਆਂ ਨੌਜਵਾਨ ਖੋਜਕਰਤਾਵਾਂ ਨੂੰ ਅਣਿਸ਼ਚਿਤਤਾਵਾਂ ਨੂੰ ਸਵੀਕਾਰ ਕਰਨ ਅਤੇ ਅਸਫਲਤਾਵਾਂ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ। 

ਉਨ੍ਹਾਂ ਕਿਹਾ, "ਜਿੰਨੀ ਜਲਦੀ ਤੁਸੀਂ ਅਸਫਲ ਹੁੰਦੇ ਹੋ, ਉੱਨੀ ਹੀ ਜਲਦੀ ਤੁਸੀਂ ਸਿੱਖਦੇ ਹੋ।" ਉਨ੍ਹਾਂ ਨੇ ਦੱਸਿਆ ਕਿ ਵਿਗਿਆਨਕ ਨਵੀਨਤਾਵਾਂ ਨੂੰ ਸਰਕੂਲਰ ਅਰਥਵਿਵਸਥਾ ਰਾਹੀਂ ਵਪਾਰਕ ਤੌਰ 'ਤੇ ਸਫਲ ਹੱਲਾਂ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਗ੍ਰੀਨਗ੍ਰਾਹੀ ਵੱਲੋਂ ਗੀਲੇ ਜੈਵਿਕ ਕਚਰੇ ਨੂੰ ਉੱਚ-ਮੁੱਲ ਵਾਲੇ ਪ੍ਰੋਟੀਨ ਵਿੱਚ ਬਦਲਣ ਦੀ ਤਕਨਾਲੋਜੀ ਬਾਰੇ ਵੀ ਜਾਣਕਾਰੀ ਦਿੱਤੀ।

ਸ਼੍ਰੀ ਸਿੱਧਾਰਥ ਸ਼ਰਮਾ ਨੇ ਆਪਣੇ ਉਦਮੀ ਅਨੁਭਵ ਸਾਂਝੇ ਕਰਦਿਆਂ ਗ੍ਰੀਨਗ੍ਰਾਹੀ ਦੀ ਸਥਾਪਨਾ ਦੇ ਵਿਜ਼ਨ ਬਾਰੇ ਗੱਲ ਕੀਤੀ। ਸਾਲ 2021 ਵਿੱਚ ਸਥਾਪਿਤ ਗ੍ਰੀਨਗ੍ਰਾਹੀ ਉੱਚ ਤਕਨਾਲੋਜੀ ਅਤੇ ਜੀਵ ਵਿਗਿਆਨ ਨੂੰ ਇਕੱਠਾ ਕਰਕੇ ਕਚਰੇ ਦੇ ਮੁੱਲ ਵਧਾਉਣ ਅਤੇ ਸਰਕੂਲਰ ਬਾਇਓਇਕਾਨੋਮੀ ਲਈ ਨਵੀਨਤਮ ਹੱਲ ਵਿਕਸਿਤ ਕਰਨ ਲਈ ਸਮਰਪਿਤ ਹੈ।

ਇਸ ਵਰਕਸ਼ਾਪ ਨੇ ਵਿਗਿਆਨੀਆਂ, ਖੋਜਕਰਤਾਵਾਂ, ਸਟਾਰਟਅੱਪਸ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਵਿਚਾਰਾਂ ਦੇ ਆਦਾਨ-ਪ੍ਰਦਾਨ, ਸਹਿਯੋਗ ਵਧਾਉਣ ਅਤੇ ਬਾਇਓ-ਮੈਨਿਊਫੈਕਚਰਿੰਗ ਖੇਤਰ ਵਿੱਚ ਉਭਰ ਰਹੀਆਂ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਸਮਾਗਮ ਦਾ ਸਮਾਪਨ ਭਾਰਤ ਦੇ ਸਮਾਰਟ ਪ੍ਰੋਟੀਨ ਈਕੋਸਿਸਟਮ ਨੂੰ ਨਵੀਨਤਾ, ਖੋਜ ਸਹਿਯੋਗ ਅਤੇ ਟਿਕਾਊ ਤਕਨਾਲੋਜੀਕਲ ਹਸਤਖੇਪਾਂ ਰਾਹੀਂ ਹੋਰ ਮਜ਼ਬੂਤ ਬਣਾਉਣ ਸਬੰਧੀ ਸਾਰਥਕ ਚਰਚਾ ਨਾਲ ਹੋਇਆ।