5 Dariya News

ਡਾ. ਬਲਬੀਰ ਸਿੰਘ ਨੇ ਪਿੰਡ ਸਨੇਟਾ ਵਿਖੇ ਰੂਰਲ ਹੈਲਥ ਟ੍ਰੇਨਿੰਗ ਸੈਂਟਰ ਦਾ ਕੀਤਾ ਉਦਘਾਟਨ

ਮੈਡੀਕਲ ਇੰਟਰਨਾਂ ਦੇ ਹੋਸਟਲ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖਿਆ

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ 03-Jul-2026

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਾ. ਭੀਮ ਰਾਓ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਮੋਹਾਲੀ ਦੇ ਕਮਿਊਨਿਟੀ ਮੈਡੀਸਨ ਵਿਭਾਗ ਅਧੀਨ ਪਿੰਡ ਸਨੇਟਾ ਵਿਖੇ ਸਥਾਪਿਤ ਰੂਰਲ ਹੈਲਥ ਟ੍ਰੇਨਿੰਗ ਸੈਂਟਰ (ਆਰ.ਐਚ.ਟੀ.ਸੀ.) ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮੈਡੀਕਲ ਇੰਟਰਨਾਂ ਲਈ ਬਣਾਏ ਜਾਣ ਵਾਲੇ ਹੋਸਟਲ ਅਤੇ ਚਾਰਦੀਵਾਰੀ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖਿਆ।

ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ, ਪਿੰਡ ਸਨੇਟਾ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਏਮਜ਼ ਮੋਹਾਲੀ ਵੱਲੋਂ ਸਥਾਪਿਤ ਇਹ ਆਧੁਨਿਕ ਕੇਂਦਰ ਪੇਂਡੂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੈਡੀਕਲ ਵਿਦਿਆਰਥੀਆਂ ਨੂੰ ਭਾਈਚਾਰਾ-ਆਧਾਰਿਤ ਸਿਖਲਾਈ ਵੀ ਪ੍ਰਦਾਨ ਕਰੇਗਾ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਰੂਰਲ ਹੈਲਥ ਟ੍ਰੇਨਿੰਗ ਸੈਂਟਰ ਵਿਖੇ ਉਪਲਬਧ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। 

ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲਈ ਸਮੇਂ ਸਿਰ ਜਾਂਚ ਅਤੇ ਜਾਗਰੂਕਤਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਸਮੇਂ-ਸਮੇਂ 'ਤੇ ਲੋੜੀਂਦੇ ਸਿਹਤ ਟੈਸਟ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਕੇ ਪ੍ਰਭਾਵਸ਼ਾਲੀ ਇਲਾਜ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਨੂੰ ਦਿੱਤੇ ਸਨਮਾਨ ਰਾਸ਼ੀ ਦੇ ਵਾਅਦੇ ਨੂੰ ਵੀ ਪੂਰਾ ਕਰ ਦਿੱਤਾ ਗਿਆ ਹੈ ਅਤੇ ਇਸ ਨਾਲ ਪੰਜਾਬ ਸਰਕਾਰ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨ ਵਾਲੀ ਪਹਿਲੀ ਸਰਕਾਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇੱਕੋ-ਇੱਕ ਮਕਸਦ ਲੋਕਾਂ ਦੀ ਇਮਾਨਦਾਰੀ ਅਤੇ ਸਮਰਪਣ ਨਾਲ ਸੇਵਾ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਰੂਰਲ ਹੈਲਥ ਟ੍ਰੇਨਿੰਗ ਸੈਂਟਰ ਵਿਖੇ ਓ.ਪੀ.ਡੀ., ਪ੍ਰਯੋਗਸ਼ਾਲਾ, ਡਿਜੀਟਲ ਐਕਸ-ਰੇ, ਟੀਕਾਕਰਨ ਅਤੇ ਐਂਟੀ-ਰੇਬੀਜ਼ ਟੀਕਾਕਰਨ ਸੇਵਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਜਲਦ ਹੀ 10 ਬਿਸਤਰਿਆਂ ਵਾਲੇ ਇਨਡੋਰ ਵਾਰਡ ਅਤੇ ਲੇਬਰ ਰੂਮ ਦੀਆਂ ਸੇਵਾਵਾਂ ਵੀ ਸ਼ੁਰੂ ਹੋਣਗੀਆਂ, ਜਿਸ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ।

ਉਨ੍ਹਾਂ ਕਿਹਾ ਕਿ ਬਣਾਏ ਜਾਣ ਵਾਲੇ ਹੋਸਟਲ ਵਿੱਚ ਇੰਟਰਨ ਡਾਕਟਰਾਂ ਅਤੇ ਮੈਡੀਕਲ ਅਧਿਕਾਰੀਆਂ ਲਈ 24 ਘੰਟੇ ਰਿਹਾਇਸ਼ ਦੀ ਸਹੂਲਤ ਹੋਵੇਗੀ, ਜਿਸ ਨਾਲ ਇਲਾਕੇ ਵਿੱਚ ਦਾਖ਼ਲ ਮਰੀਜ਼ਾਂ, ਐਮਰਜੈਂਸੀ ਅਤੇ ਮਾਤਾ-ਬੱਚਾ ਸਿਹਤ ਸੇਵਾਵਾਂ ਨਿਰੰਤਰ ਉਪਲਬਧ ਰਹਿਣਗੀਆਂ। ਇਸ ਮੌਕੇ ਕਮਿਊਨਿਟੀ ਲਈ ਇੱਕ ਵਿਸ਼ਾਲ ਬਹੁ-ਵਿਸ਼ੇਸ਼ਤਾ ਸਿਹਤ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਮੈਡੀਸਨ, ਸਰਜਰੀ, ਆਰਥੋਪੀਡਿਕਸ, ਗਾਇਨੀ ਅਤੇ ਪ੍ਰਸੂਤੀ ਰੋਗ, ਬਾਲ ਰੋਗ ਅਤੇ ਅੱਖਾਂ ਦੇ ਮਾਹਿਰਾਂ ਵੱਲੋਂ ਜਾਂਚ ਕੀਤੀ ਗਈ। 

ਇਸ ਤੋਂ ਇਲਾਵਾ ਮੁਫ਼ਤ ਲੈਬ ਟੈਸਟ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਸਮਾਗਮ ਵਿੱਚ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦਾ ਪੇਂਡੂ ਇਲਾਕੇ ਵਿੱਚ ਬੇਹਤਰੀਨ ਸਿਹਤ ਸਹੂਲਤਾਂ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਇਲਾਕੇ ਵਿੱਚ ਆਮ ਆਦਮੀ ਕਲੀਨਿਕ ਵੀ ਖੋਲ੍ਹਿਆ ਜਾਵੇਗਾ।

ਇਸ ਮੌਕੇ ਮੈਡੀਕਲ ਐਜੂਕੇਸ਼ਨ ਅਤੇ ਖੋਜ ਡਾਇਰੈਕਟੋਰੇਟ ਤੋਂ ਜੁਆਇੰਟ ਡਾਇਰੈਕਟਰ ਡਾ. ਰੁਪਿੰਦਰ ਬਖ਼ਸ਼ੀ, ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਦੇ ਬੋਰਡ ਆਫ਼ ਮੈਨੇਜਮੈਂਟ ਦੇ ਚੇਅਰਮੈਨ ਡਾ. ਭਗਵੰਤ ਸਿੰਘ, ਡਾਇਰੈਕਟਰ-ਪ੍ਰਿੰਸੀਪਲ ਡਾ. ਨਵਦੀਪ ਸਿੰਘ ਸੈਣੀ, ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਅੰਮ੍ਰਿਤ ਕੌਰ ਵਿਰਕ, ਸਿਵਲ ਸਰਜਨ ਡਾ. ਸੰਗੀਤਾ ਜੈਨ, ਪਿੰਡ ਸਨੇਟਾ ਦੇ ਸਰਪੰਚ ਗੁਰਦੇਸ਼ ਸਿੰਘ, ਸੀਨੀਅਰ ਫੈਕਲਟੀ ਮੈਂਬਰ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।