5 Dariya News

ਭਾਜਪਾ ਆਗੂ ਬਬਲੂ ਕੋਰੀ ਨੂੰ ਐਸ.ਡੀ.ਐਮ. ਖਰੜ ਦਾ ਨੋਟਿਸ

ਚੋਣ ਕਮਿਸ਼ਨ ਦੇ SIR ਪ੍ਰੋਗਰਾਮ ਵਿੱਚ ਰੁਕਾਵਟ ਪਾਉਣ ਦੇ ਦੋਸ਼, 30 ਜੂਨ ਤੱਕ ਮੰਗਿਆ ਜਵਾਬ

5 Dariya News

ਖਰੜ 29-Jun-2026

ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਖਰੜ ਵੱਲੋਂ ਨਯਾਗਾਂਵ ਦੇ ਵਾਰਡ ਨੰਬਰ 18 ਦੇ Municipal Councillor, ਭਾਜਪਾ ਆਗੂ ਬਬਲੂ ਕੋਰੀ ਨੂੰ ਭਾਰਤ ਚੋਣ ਕਮਿਸ਼ਨ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਪ੍ਰੋਗਰਾਮ ਵਿੱਚ ਕਥਿਤ ਤੌਰ ’ਤੇ ਰੁਕਾਵਟ ਪੈਦਾ ਕਰਨ ਦੇ ਦੋਸ਼ ਹੇਠ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਅਨੁਸਾਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੂਰੇ ਪੰਜਾਬ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (Special Intensive Revision) ਦਾ ਕੰਮ ਚੱਲ ਰਿਹਾ ਹੈ। ਇਸ ਤਹਿਤ ਵਿਧਾਨ ਸਭਾ ਹਲਕਾ 052 ਖਰੜ ਵਿੱਚ ਤਾਇਨਾਤ ਬੀ.ਐਲ.ਓਜ਼ ਵੱਲੋਂ ਹਰੇਕ ਵੋਟਰ ਪਾਸੋਂ ਗਣਨਾ ਫਾਰਮ ਭਰਵਾਏ ਜਾ ਰਹੇ ਹਨ।

ਪ੍ਰਸ਼ਾਸਨ ਦਾ ਦੋਸ਼ ਹੈ ਕਿ ਬਬਲੂ ਕੋਰੀ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ SIR ਪ੍ਰੋਗਰਾਮ ਬਾਰੇ ਨੈਗੇਟਿਵ ਟਿੱਪਣੀਆਂ ਕਰਕੇ ਚੋਣ ਕਮਿਸ਼ਨ ਦੇ ਇਸ ਪ੍ਰੋਗਰਾਮ ਵਿੱਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਸ਼ਿਕਾਇਤ ਦੇ ਸਮਰਥਨ ਵਿੱਚ ਫੋਟੋਆਂ ਵੀ ਨੱਥੀ ਕੀਤੀਆਂ ਗਈਆਂ ਹਨ।ਨੋਟਿਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਗਤੀਵਿਧੀਆਂ ਕਾਰਨ ਵਿਧਾਨ ਸਭਾ ਹਲਕਾ 052 ਖਰੜ ਦੇ ਵੋਟਰਾਂ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ ਅਤੇ ਕੰਮ ਕਰ ਰਹੇ ਬੀ.ਐਲ.ਓਜ਼ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਸ਼ਾਸਨ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਜਿਹੇ ਕਦਮ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ, ਝੂਠੀਆਂ ਅਫਵਾਹਾਂ ਫੈਲਾਉਣ, ਆਮ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਭਾਰਤ ਚੋਣ ਕਮਿਸ਼ਨ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੇ ਬਰਾਬਰ ਹਨ। ਬਬਲੂ ਕੋਰੀ ਨੂੰ 30 ਜੂਨ 2026 ਤੱਕ ਆਪਣਾ ਲਿਖਤੀ ਜਵਾਬ ਐਸ.ਡੀ.ਐਮ. ਦਫ਼ਤਰ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਨੋਟਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਜਵਾਬ ਪੇਸ਼ ਨਾ ਕੀਤਾ ਗਿਆ ਤਾਂ ਮਾਮਲੇ ਨੂੰ ਅਗਲੀ ਕਾਰਵਾਈ ਲਈ ਮੁੱਖ ਚੋਣ ਕਮਿਸ਼ਨ, ਪੰਜਾਬ ਕੋਲ ਭੇਜਿਆ ਜਾ ਸਕਦਾ ਹੈ।