5 Dariya News

ਐਰੋਸਿਟੀ ਦੇ ਨਾਲ ਵੱਸਦੇ ਪਿੰਡਾਂ ਦੇ ਨੌਜਵਾਨ ਅੱਜ ਵੀ ਬੇਰੁਜ਼ਗਾਰ, ਨਸ਼ਿਆਂ ਵੱਲ ਧੱਕੇ ਜਾ ਰਹੇ : ਕੁਲਜੀਤ ਸਿੰਘ ਬੇਦੀ

ਸਾਬਕਾ ਡਿਪਟੀ ਮੇਅਰ ਨੇ ਪਿੰਡ ਬਾਕਰਪੁਰ ਦਾ ਕੀਤਾ ਦੌਰਾ

5 Dariya News

ਮੋਹਾਲੀ 28-Jun-2026

ਮੋਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਹਲਕੇ ਦੇ ਪਿੰਡ ਬਾਕਰਪੁਰ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਹਾਲੀ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ। ਐਰੋਸਿਟੀ, ਆਈਟੀ ਸਿਟੀ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਸਥਾਪਤ ਹੋ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਜੋ ਕਿ ਬਹੁਤ ਹੀ ਚਿੰਤਾਜਨਕ ਗੱਲ ਹੈ।

ਬੇਦੀ ਨੇ ਕਿਹਾ ਕਿ ਬਾਕਰਪੁਰ ਪਿੰਡ ਐਰੋਸਿਟੀ ਦੇ ਨਾਲ ਸਥਿਤ ਹੋਣ ਦੇ ਬਾਵਜੂਦ ਅੱਜ ਤੱਕ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਜਦਕਿ ਆਲੇ-ਦੁਆਲੇ ਦੇ 14-15 ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਸ ਕਾਰਨ ਪਿੰਡ ਵਾਸੀ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ ਅਤੇ ਵਿਕਾਸ ਦੀ ਰਫ਼ਤਾਰ ਇੱਥੇ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਪਿੰਡਾਂ ਦੇ ਨੌਜਵਾਨਾਂ ਵਿੱਚ ਵਧ ਰਹੀ ਬੇਰੁਜ਼ਗਾਰੀ ਹੈ।

ਵੱਡੀਆਂ ਕੰਪਨੀਆਂ ਅਤੇ ਉਦਯੋਗ ਮੋਹਾਲੀ ਵਿੱਚ ਆਏ, ਪਰ ਸਥਾਨਕ ਨੌਜਵਾਨਾਂ ਨੂੰ ਉਨ੍ਹਾਂ ਵਿੱਚ ਰੁਜ਼ਗਾਰ ਨਹੀਂ ਮਿਲਿਆ। ਇਸ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਫਰਸਟਰੇਸ਼ਨ ਵੱਧ ਰਿਹਾ ਹੈ, ਜਿਸ ਦਾ ਅਸਰ ਸਮਾਜ 'ਤੇ ਵੀ ਪੈ ਰਿਹਾ ਹੈ ਅਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ ਵਿੱਚ ਵਾਧਾ ਹੋ ਰਿਹਾ ਹੈ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਭਰਪੂਰ ਪਿਆਰ ਅਤੇ ਸਮਰਥਨ ਦਿੱਤਾ ਹੈ।

ਲੋਕ ਬਦਲਾਅ ਚਾਹੁੰਦੇ ਹਨ ਅਤੇ ਇੱਕ ਨਵੇਂ ਚਿਹਰੇ ਨੂੰ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਅਤੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਮੋਹਾਲੀ ਹਲਕੇ ਦੇ ਪਿੰਡਾਂ ਦੇ ਨੌਜਵਾਨਾਂ ਲਈ ਪਹਿਲ ਦੇ ਆਧਾਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਸ ਦੇ ਨਾਲ ਹੀ ਗਮਾਡਾ ਤੋਂ ਵਿਸ਼ੇਸ਼ ਪੈਕੇਜ ਲਿਆ ਕੇ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਅਜਾਇਬ ਸਿੰਘ (ਬਾਕਰਪੁਰ), ਗੁਰਮੀਤ ਸਿੰਘ ਸੈਣ (ਜਨਰਲ ਸਕੱਤਰ ਡੀਸੀਸੀ ਮੋਹਾਲੀ), ਗੁਰਪ੍ਰੀਤ ਸਿੰਘ ਹਰਸ਼ਵੀਰ ਬੈਦਵਾਨ, ਹਰੀ ਸਿੰਘ ਸੈਣੀ (ਸਾਬਕਾ ਪੰਚ), ਬਲਵਿੰਦਰ ਸਿੰਘ (ਪੰਚ), ਸੇਵਾ ਸਿੰਘ (ਕਿਸਾਨ ਆਗੂ), ਲੰਬੜਦਾਰ ਪਵਿੱਤਰ ਸਿੰਘ, ਸਾਬਕਾ ਸਰਪੰਚ ਰਸ਼ਪਾਲ ਸਿੰਘ, ਜਗਦੇਵ ਸਿੰਘ ਜੱਗੀ, ਬਲਜੀਤ ਸਿੰਘ ਅਤੇ ਉਜਾਗਰ ਸਿੰਘ ਵੀ ਹਾਜ਼ਰ ਸਨ।