ਐਸਡੀਐਮ ਖਰੜ ਗੁਰਮੀਤ ਸਿੰਘ ਨੇ ਸਾਇਬਰ-ਫਿਜ਼ੀਕਲ ਸਿਸਟਮ (CPS) ਲੈਬ ਦਾ ਉਦਘਾਟਨ ਕੀਤਾ
ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀ ਮਾਜਰਾ ਵਿਖੇ ਆਈ ਆਈ ਟੀ ਰੋਪੜ ਦੇ ਸਹਿਯੋਗ ਨਾਲ ਸੀ ਪੀ ਐਸ ਲੈਬ ਦਾ ਉਦਘਾਟਨ
5 Dariya News
ਖਰੜ 27-Jun-2026
ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ ਵਿਖੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਪ੍ਰਿੰਸੀਪਲ ਰਕਸ਼ਾ ਕਿਰਨ ਦੇ ਯਤਨਾਂ ਸਦਕਾ ਆਈ ਆਈ ਟੀ ਰੋਪੜ ਦੇ ਸਹਿਯੋਗ ਨਾਲ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਉੱਚ ਅਫ਼ਸਰਾ ਦੇ ਤਕਨੀਕੀ ਸਿੱਖਿਆ ਨੂੰ ਨਵੇਂ ਦਿਸ਼ਾ ਦੇਣ ਦੇ ਮੰਤਵ ਸਥਾਪਿਤ ਕੀਤੀ ਗਈ ਸਾਈਬਰ-ਫਿਜ਼ੀਕਲ ਸਿਸਟਮ (ਸੀ ਪੀ ਐਸ) ਲੈਬ ਦਾ ਉਦਘਾਟਨ ਐਸ.ਡੀ.ਐਮ. ਖਰੜ, ਗੁਰਮੀਤ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਨੇ ਕਿਹਾ ਕਿ ਸੀ ਪੀ ਐਸ ਲੈਬ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ, ਆਟੋਮੇਸ਼ਨ, ਇੰਟਰਨੈੱਟ ਆਫ ਥਿੰਗਜ਼, ਰੋਬੋਟਿਕਸ ਅਤੇ ਇੰਡਸਟਰੀ 4.0 ਨਾਲ ਸਬੰਧਤ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ ਅਤੇ ਭੂਮੀ ਪਰਖ਼ ਅਤੇ ਵਾਤਾਵਰਣ ਦੇ ਫੋਰਕਾਸਟ ਬਾਰੇ ਅਹਿਮ ਜਾਣਕਾਰੀ ਉਪਲੱਬਧ ਕਰਵਾਏਗੀ। ਉਨ੍ਹਾਂ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂਪ੍ਰਯੋਗਸ਼ਾਲਾਵਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਅਤੇ ਉਦਯੋਗਿਕ ਲੋੜਾਂ ਅਨੁਸਾਰ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਰਵਿੰਦਰ ਸਿੰਘ ਵਾਲੀਆ ਅਤੇ ਆਈ ਆਈ ਟੀ ਰੋਪੜ ਤੋਂ ਆਏ ਅਦਿਤਿਆ ਮਦਾਨ, ਨੇ ਦੱਸਿਆ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਅਤੇ ਆਧੁਨਿਕ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਸੀ ਪੀ ਐਸ ਲੈਬ ਵੀ ਇਸੇ ਲੜੀ ਦੀ ਇੱਕ ਮਹੱਤਵਪੂਰਨ ਕੜੀ ਹੈ, ਜਿਸ ਨਾਲ ਵਿਦਿਆਰਥੀਆਂ ਦੇ ਹੁਨਰ ਵਿੱਚ ਵਾਧਾ ਹੋਵੇਗਾ ਅਤੇ ਉਹ ਨਵੀਆਂ ਤਕਨੀਕਾਂ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜੁੜ ਸਕਣਗੇ।
ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ ਸਿੰਘ ਅੰਟਾਲ ਨੇ ਦੱਸਿਆ ਕਿ ਆਈ ਆਈ ਟੀ ਰੋਪੜ ਵੱਲੋਂ ਸ਼੍ਰੀ ਅਦਿਤਿਆ ਮਦਾਨ, ਚੀਫ ਪਾਰਟਨਰਸ਼ਿਪ ਅਫਸਰ, ਅਖਿਲਾ ਅਨਿਲ ਡਿਪਟੀ ਮੈਨੇਜਰ ਸਕਿੱਲ ਅਤੇ ਪਾਰਟਨਰਸ਼ਿਪ, ਅੰਕਿਤ ਸ਼ਰਮਾ ਯੰਗ ਪ੍ਰੋਫੈਸ਼ਨਲ ਸਕਿੱਲ ਅਤੇ ਪਾਰਟਨਰਸ਼ਿਪ ਅਤੇ ਉਨ੍ਹਾਂ ਦੀ ਟੀਮ ਨੇ ਸੀ ਪੀ ਐਸ ਲੈਬ ਦੀ ਸਥਾਪਨਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਉਨ੍ਹਾਂ ਨੇ ਲੈਬ ਦੇ ਉਦੇਸ਼ਾਂ ਅਤੇ ਇਸ ਰਾਹੀਂ ਵਿਦਿਆਰਥੀਆਂ ਨੂੰ ਮਿਲਣ ਵਾਲੇ ਸਿੱਖਣ ਦੇ ਮੌਕਿਆਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।ਸਮਾਗਮ ਦੌਰਾਨ ਹਰਪ੍ਰੀਤ ਕੌਰ ਮੁਖੀ ਮੈਡੀਕਲ ਲੈਬ ਟੈਕਨੋਲੋਜੀ ਵਿਭਾਗ, ਕਵਿਤਾ ਮੌਂਗਾ ਮੁਖੀ ਅਪਲਾਈਡ ਸਾਇੰਸ ਵਿਭਾਗ, ਸੰਜੀਵ ਜਿੰਦਲ ਮੁਖੀ ਮਕੈਨਿਕਲ ਵਿਭਾਗ, ਕਾਲਜ ਦੇ ਅਧਿਆਪਕ, ਸਟਾਫ ਮੈਂਬਰ, ਵਿਦਿਆਰਥੀ ਅਤੇ ਹੋਰ ਪਤਵੰਤੇ ਹਾਜ਼ਰ ਸਨ।