ਯੁੱਧ ਨਸ਼ਿਆਂ ਵਿਰੁੱਧ ਮੁਹਿੰਮ : ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਦੇ ਨਾਲ ਭਾਈਚਾਰਕ ਸਾਂਝ ਅਤੇ ਪੁਨਰਵਾਸ 'ਤੇ ਵੀ ਬਰਾਬਰ ਜ਼ੋਰ
ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ, ਦੂਜੇ ਪੜਾਅ ਦੀ ਪ੍ਰਗਤੀ ਦਾ ਲਿਆ ਜਾਇਜ਼ਾ
5 Dariya News
ਸਾਹਿਬਜ਼ਾਦਾ ਅਜੀਤ ਸਿੰਘ ਨਗਰ 26-Jun-2026
ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ, ਨਿਗਰਾਨੀ, ਪੁਨਰਵਾਸ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਲੋਕ ਸਭਾ ਮੈਂਬਰ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਮਲਵਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ. ਨਗਰ ਵਿਖੇ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਹੋਈ। ਇਸ ਦੌਰਾਨ ਮੁਹਿੰਮ ਦੇ ਦੂਜੇ ਪੜਾਅ ਅਧੀਨ ਕੀਤੀਆਂ ਗਈਆਂ ਕਾਰਵਾਈਆਂ ਅਤੇ ਪ੍ਰਾਪਤੀਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਐੱਸ.ਐੱਸ.ਪੀ. (ਵਾਧੂ ਚਾਰਜ) ਸ੍ਰੀ ਮਨਿੰਦਰ ਸਿੰਘ, ਐੱਸ.ਪੀ. ਸ੍ਰੀਮਤੀ ਦੀਪਿਕਾ ਸਿੰਘ, ਐੱਸ.ਡੀ.ਐੱਮ. ਖਰੜ ਸ੍ਰੀ ਗੁਰਮੀਤ ਸਿੰਘ, ਐੱਸ.ਡੀ.ਐੱਮ. ਬਨੂੰੜ ਸ੍ਰੀਮਤੀ ਰਮਨਦੀਪ ਕੌਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਮੋਹਾਲੀ ਸ੍ਰੀ ਨਵਦੀਪ ਸਿੰਘ, ਸਿਵਲ ਸਰਜਨ ਡਾ. ਸੰਗੀਤਾ ਜੈਨ, ਡੀ.ਡੀ.ਪੀ.ਓ. ਸ੍ਰੀਮਤੀ ਪਰਮਬੀਰ ਕੌਰ, ਨਸ਼ਾ ਮੁਕਤੀ ਕੇਂਦਰ ਦੀ ਇੰਚਾਰਜ ਡਾ. ਪੂਜਾ ਗਰਗ, ਮੁਹਿੰਮ ਦੇ ਜ਼ੋਨ ਇੰਚਾਰਜ ਸ੍ਰੀਮਤੀ ਅਨੂ ਬੱਬਰ, ਵਿਧਾਨ ਸਭਾ ਹਲਕਾ ਇੰਚਾਰਜ, ਬਲਾਕ ਕੋਆਰਡੀਨੇਟਰ, ਕਾਰਜ ਸਾਧਕ ਅਫ਼ਸਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵੀ ਹਾਜ਼ਰ ਸਨ।
ਸੰਸਦ ਮੈਂਬਰ ਸ੍ਰੀ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੀ ਇੱਕ ਅਹਿਮ ਪਹਿਲ ਹੈ, ਜਿਸ ਦੀ ਸਫ਼ਲਤਾ ਲਈ ਸਾਰੇ ਵਿਭਾਗਾਂ ਅਤੇ ਕੋਆਰਡੀਨੇਟਰਾਂ ਨੂੰ ਆਪਸੀ ਤਾਲਮੇਲ ਨਾਲ ਹੋਰ ਸਰਗਰਮੀ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਹਦਾਇਤ ਕੀਤੀ ਕਿ ਨਸ਼ਿਆਂ ਦੇ ਹਾਟਸਪਾਟ ਖੇਤਰਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ, ਨੌਜਵਾਨਾਂ ਨੂੰ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਿਆ ਜਾਵੇ ਅਤੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਇਲਾਜ ਅਤੇ ਪੁਨਰਵਾਸ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜ ਕੇ ਉਨ੍ਹਾਂ ਦੀ ਗਲਤ ਤਸਵੀਰ ਪੇਸ਼ ਕੀਤੀ ਜਾਂਦੀ ਹੈ, ਜਦਕਿ ਪੰਜਾਬ ਦੇ ਨੌਜਵਾਨ ਕ੍ਰਿਕਟ, ਹਾਕੀ, ਵਾਲੀਬਾਲ ਅਤੇ ਬਾਸਕਟਬਾਲ ਸਮੇਤ ਵੱਖ-ਵੱਖ ਖੇਡਾਂ ਵਿੱਚ ਦੇਸ਼ ਦੀ ਅਗਵਾਈ ਕਰ ਰਹੇ ਹਨ ਅਤੇ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਦੇਸ਼ ਦੀਆਂ ਸੈਨਾਵਾਂ ਵਿੱਚ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਕੇ ਸਰਹੱਦਾਂ ਦੀ ਰਾਖੀ ਵੀ ਕਰ ਰਹੇ ਹਨ।
ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਦ੍ਰਿੜ ਸੰਕਲਪ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ 100 ਬਿਸਤਰਿਆਂ ਦੀ ਸਮਰੱਥਾ ਨਾਲ ਨਸ਼ਾ ਪ੍ਰਭਾਵਿਤ ਨੌਜਵਾਨਾਂ ਨੂੰ ਇਲਾਜ ਦੇ ਨਾਲ-ਨਾਲ ਹੁਨਰ ਵਿਕਾਸ ਦੀ ਸਿਖਲਾਈ ਦੇ ਕੇ ਪੁਨਰਵਾਸ ਲਈ ਤਿਆਰ ਕਰ ਰਿਹਾ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ 26 ਓਟ (ਓਪੀਓਇਡ ਅਸਿਸਟਡ ਟ੍ਰੀਟਮੈਂਟ) ਕੇਂਦਰਾਂ ਰਾਹੀਂ ਓਪੀਡੀ ਆਧਾਰਿਤ ਇਲਾਜ ਅਤੇ ਦਵਾਈਆਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਮੀਟਿੰਗ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ (ਵਾਧੂ ਚਾਰਜ) ਵੱਲੋਂ ਮੁਹਿੰਮ ਅਧੀਨ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਸਪਲਾਈ ਚੇਨ ਨੂੰ ਤੋੜਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈਆਂ ਲਗਾਤਾਰ ਜਾਰੀ ਹਨ। ਹਰ ਰੋਜ਼ 20 ਦਿਨ ਅਤੇ 20 ਰਾਤ ਦੇ ਨਾਕੇ ਲਗਾਏ ਜਾ ਰਹੇ ਹਨ, ਜਦਕਿ 20 ਤੋਂ 30 ਨਿਯਮਤ ਛਾਪੇਮਾਰੀਆਂ ਕਰਕੇ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਹਾਟਸਪਾਟ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਲਗਾਤਾਰ ਕੋਰਡਨ ਐਂਡ ਸਰਚ ਆਪ੍ਰੇਸ਼ਨ ਵੀ ਚਲਾਏ ਜਾ ਰਹੇ ਹਨ। ਮਾਰਚ 2025 ਤੋਂ ਹੁਣ ਤੱਕ ਸ਼ਨਾਖਤ ਕੀਤੇ ਗਏ 660 ਨਸ਼ਾ ਵੇਚਣ ਵਾਲਿਆਂ ਵਿੱਚੋਂ 314 ਨੂੰ ਅਤੇ 85 ਨਸ਼ਾ ਸਮੱਗਲਰਾਂ ਵਿੱਚੋਂ 55 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸੇ ਅਰਸੇ ਦੌਰਾਨ ਐੱਨ.ਡੀ.ਪੀ.ਐੱਸ. ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ 1,587 ਐੱਫ.ਆਈ.ਆਰ. ਦਰਜ ਕਰਕੇ 2,251 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਨਸ਼ਾ ਸਪਲਾਈ ਦੇ ਸਰੋਤਾਂ, ਅੰਤਰਰਾਜੀ ਗਠਜੋੜਾਂ ਅਤੇ ਸੰਗਠਿਤ ਅਪਰਾਧਿਕ ਨੈੱਟਵਰਕ ਦੀ ਪਛਾਣ ਲਈ ਤਕਨੀਕੀ ਨਿਗਰਾਨੀ, ਮਨੁੱਖੀ ਖੁਫੀਆ ਜਾਣਕਾਰੀ ਅਤੇ ਵਿੱਤੀ ਜਾਂਚਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਨਸ਼ਿਆਂ ਦੇ ਧੰਦੇ ਨਾਲ ਜੁੜੀ ਗੈਰ-ਕਾਨੂੰਨੀ ਕਮਾਈ ਦਾ ਪਤਾ ਲਗਾਉਣ ਲਈ ਬੈਂਕ ਖਾਤਿਆਂ, ਡਿਜੀਟਲ ਲੈਣ-ਦੇਣ, ਚੱਲ ਅਤੇ ਅਚੱਲ ਸੰਪਤੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਗੈਰ-ਕਾਨੂੰਨੀ ਸੰਪਤੀਆਂ ਨੂੰ ਜ਼ਬਤ ਅਤੇ ਕੁਰਕ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਐਸੋਸੀਏਸ਼ਨਾਂ, ਸਮਾਜਿਕ ਨੁਮਾਇੰਦਿਆਂ, ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਮਾਰਚ 2025 ਤੋਂ ਹੁਣ ਤੱਕ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਨਾਲ ਕੁੱਲ 5,688 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਮੀਟਿੰਗ ਵਿੱਚ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਭਾਗਾਂ ਦਰਮਿਆਨ ਤਾਲਮੇਲ ਵਧਾਉਣ, ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਪੁਨਰਵਾਸ ਨੂੰ ਹੋਰ ਮਜ਼ਬੂਤ ਕਰਨ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ ਗਈ।