5 Dariya News

ਫਰਜ਼ੀ ਰਿਪੋਰਟਾਂ ਪੇਸ਼ ਕਰਨ ਵਾਲੇ ਮੁੱਖ ਮੰਤਰੀ ਦੀ “ਮਾਸਕ ਥਿਊਰੀ” ‘ਤੇ ਕੌਣ ਵਿਸ਼ਵਾਸ ਕਰੇਗਾ? : ਅਨਿਲ ਸਰੀਨ

ਭਾਜਪਾ ਨੇ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਪੂਰੀ ਤਰ੍ਹਾਂ ਰੱਦ ਕੀਤੀ, ਪੰਜਾਬ ਦੀ ਜਨਤਾ ਦਾ ਭਰੋਸਾ ਖਤਮ

5 Dariya News

ਲੁਧਿਆਣਾ 25-Jun-2026

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਦੀ ਪ੍ਰੈੱਸ ਕਾਨਫਰੰਸ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਉਨ੍ਹਾਂ ਦੇ ਕਿਸੇ ਵੀ ਬਿਆਨ ‘ਤੇ ਰੱਤੀ ਭਰ ਵੀ ਵਿਸ਼ਵਾਸ ਨਹੀਂ ਕਰਦੀ। ਅਨਿਲ ਸਰੀਨ ਨੇ ਕਿਹਾ ਕਿ ਪੰਜਾਬੀ ਤਾਂ ਦੂਰ, ਕਿਸੇ ਹਿੰਦੁਸਤਾਨੀ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਇੱਕ ਮੁੱਖ ਮੰਤਰੀ ਸੱਚ ਨੂੰ ਲੁਕਾਉਣ ਲਈ ਹਰ ਕੁਝ ਦਿਨਾਂ ਬਾਅਦ ਨਵਾਂ ਝੂਠ ਅਤੇ ਨਵਾਂ ਬਹਾਨਾ ਘੜੇਗਾ। 

ਪਹਿਲਾਂ ਵੀਡੀਓ ਨੂੰ ਏਆਈ ਜਨਰੇਟਿਡ ਕਿਹਾ ਗਿਆ, ਫਿਰ ਡੀਪਫੇਕ ਦੱਸਿਆ ਗਿਆ ਅਤੇ ਹੁਣ ਅੱਠ ਮਹੀਨੇ ਬਾਅਦ “ਮਾਸਕ ਥਿਊਰੀ” ਲਿਆਂਦੀ ਗਈ। ਜਿਹੜਾ ਮੁੱਖ ਮੰਤਰੀ ਹਰ ਚੌਥੇ ਦਿਨ ਆਪਣਾ ਬਿਆਨ ਬਦਲੇ, ਉਸ ‘ਤੇ ਪੰਜਾਬ ਕਿਵੇਂ ਭਰੋਸਾ ਕਰੇ? ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ—ਦੋ ਦਿਨ ਪਹਿਲਾਂ ਜਿਨ੍ਹਾਂ ਫੋਰੈਂਸਿਕ ਰਿਪੋਰਟਾਂ ਦਾ ਹਵਾਲਾ ਦੇ ਕੇ ਮਾਨ ਸਰਕਾਰ ਦੇ ਮੰਤਰੀ ਅਤੇ ਪ੍ਰਵਕਤਾ ਵੀਡੀਓ ਨੂੰ ਫੇਕ ਦੱਸ ਰਹੇ ਸਨ, ਉਹ ਸੱਚ ਸੀ ਜਾਂ ਅੱਜ ਦੀ ਮਾਸਕ ਵਾਲੀ ਕਹਾਣੀ?

ਸਰੀਨ ਨੇ ਕਿਹਾ ਕਿ ਗੁਰੂਗ੍ਰਾਮ ਤੋਂ ਮੰਗਵਾਈਆਂ ਕਥਿਤ ਫੋਰੈਂਸਿਕ ਰਿਪੋਰਟਾਂ ‘ਤੇ ਪਹਿਲਾਂ ਹੀ ਗੰਭੀਰ ਸਵਾਲ ਖੜ੍ਹੇ ਹੋ ਚੁੱਕੇ ਹਨ। ਦੋਸ਼ ਹਨ ਕਿ ਪੰਜਾਬ ਪੁਲਿਸ ਅਧਿਕਾਰੀਆਂ ਨੇ ਪੈਸੇ ਦੇ ਕੇ ਫਰਜ਼ੀ ਰਿਪੋਰਟਾਂ ਤਿਆਰ ਕਰਵਾਈਆਂ। ਜਿਹੜਾ ਮੁੱਖ ਮੰਤਰੀ ਸੱਤਾ ਦਾ ਦੁਰਪਯੋਗ ਕਰਕੇ ਫਰਜ਼ੀ ਰਿਪੋਰਟਾਂ ਪੇਸ਼ ਕਰ ਸਕਦਾ ਹੈ, ਉਸਦੀ “ਮਾਸਕ ਥਿਊਰੀ” ‘ਤੇ ਕੌਣ ਵਿਸ਼ਵਾਸ ਕਰੇਗਾ?

ਉਨ੍ਹਾਂ ਕਿਹਾ ਕਿ ਜੇ ਭਗਵੰਤ ਮਾਨ ਨੂੰ ਵੀਡੀਓ ਫੇਕ ਹੋਣ ਦਾ ਇੰਨਾ ਹੀ ਯਕੀਨ ਸੀ ਤਾਂ ਅੱਠ ਮਹੀਨੇ ਤੱਕ ਕਿਸੇ ਮਾਨਤਾ ਪ੍ਰਾਪਤ ਸੁਤੰਤਰ ਫੋਰੈਂਸਿਕ ਲੈਬ ਤੋਂ ਜਾਂਚ ਕਿਉਂ ਨਹੀਂ ਕਰਾਈ ਗਈ? ਸੱਚ ਤੋਂ ਡਰ ਕਿਉਂ? ਅਨਿਲ ਸਰੀਨ ਨੇ ਕਿਹਾ ਕਿ ਭਗਵੰਤ ਮਾਨ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਤੁਰੰਤ ਅਸਤੀਫਾ ਦੇਣ। ਉਨ੍ਹਾਂ ਨੂੰ ਇੱਕ ਮਿੰਟ ਵੀ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ।