5 Dariya News

ਮਲਵਿੰਦਰ ਸਿੰਘ ਕੰਗ ਵੱਲੋਂ ਖਰੜ ਵਿਧਾਨ ਸਭਾ ਹਲਕੇ ਦੇ ਪਿੰਡਾਂ ਦਾ ਦੌਰਾ

ਜੈਂਤੀ ਮਾਜਰਾ, ਗੂੜੇ, ਕਰੌਂਦੇਵਾਲਾ ਅਤੇ ਕਸੌਲੀ ਵਿਖੇ ਬਰਸਾਤੀ ਨਾਲਿਆਂ ਤੇ ਪੁਲੀਆਂ ਦੇ ਨਿਰਮਾਣ ਦਾ ਕੰਮ ਜਲਦ ਹੋਵੇਗਾ ਸ਼ੁਰੂ

5 Dariya News

ਖਰੜ 21-Jun-2026

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ੍ਰੀ ਮਲਵਿੰਦਰ ਸਿੰਘ ਕੰਗ ਨੇ ਵਿਧਾਨ ਸਭਾ ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਜੈਂਤੀ ਮਾਜਰਾ, ਮਸੋਲ, ਕਾਨ੍ਹੇ ਕਾ ਵਾੜਾ, ਛੋਟੀ ਕਰੋਰ, ਵੱਡੀ ਕਰੋਰ, ਗੂੜੇ ਅਤੇ ਕਸੌਲੀ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੰਸਦ ਮੈਂਬਰ ਕੰਗ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੈਂਤੀ ਮਾਜਰਾ, ਗੂੜੇ, ਕਰੌਂਦੇਵਾਲ ਅਤੇ ਕਸੌਲੀ ਵਿਖੇ ਬਰਸਾਤੀ ਨਾਲਿਆਂ 'ਤੇ ਲੋੜੀਂਦੀਆਂ ਪੁਲੀਆਂ ਦੇ ਨਿਰਮਾਣ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਸ੍ਰੀ ਕੰਗ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਪੁਲੀਆਂ ਦੇ ਨਿਰਮਾਣ ਨਾਲ ਨਾ ਸਿਰਫ਼ ਆਵਾਜਾਈ ਸੁਚਾਰੂ ਹੋਵੇਗੀ ਸਗੋਂ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ। 

ਉਨ੍ਹਾਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਨਾਲ ਸਬੰਧਤ ਪ੍ਰਕਿਰਿਆਵਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇ ਤਾਂ ਜੋ ਲੋਕਾਂ ਨੂੰ ਜਲਦ ਰਾਹਤ ਮਿਲ ਸਕੇ। ਪਿੰਡ ਵਾਸੀਆਂ ਨੇ ਸੰਸਦ ਮੈਂਬਰ ਦਾ ਆਪਣੇ ਇਲਾਕੇ ਵਿੱਚ ਪਹੁੰਚਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਧੰਨਵਾਦ ਕੀਤਾ।