ਮਾਨਸਾ ਪੁਲਿਸ ਵੱਲੋਂ ਅੰਨ੍ਹੇ ਕਤਲ ਦੇ ਮੁਕੱਦਮੇ ਨੂੰ ਟਰੇਸ ਕਰਕੇ ਚਾਰ ਵਿਅਕਤੀ ਨਾਮਜਦ, ਤਿੰਨ ਦੋਸ਼ੀ ਕਾਬੂ
5 Dariya News
ਮਾਨਸਾ 19-Jun-2026
ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਾਨਸਾ ਪੁਲਿਸ ਨੂੰ 17 ਜੂਨ 2026 ਨੂੰ ਸਵੇਰੇ ਕਰੀਬ 5.00 ਵਜੇ ਇਤਲਾਹ ਮਿਲੀ ਸੀ ਕਿ ਥਾਣਾ ਸਿਟੀ ਬੁਢਲਾਡਾ ਦੇ ਏਰੀਏ ਵਿੱਚ ਕੁਆਟਰਾ ਵਾਲਾ ਮੋੜ, ਲਿੰਕ ਸੜਕ, ਰਾਮਗੜ ਦਰੀਆਪੁਰ 'ਤੇ ਸਮੇਤ ਸਕੂਟਰੀ ਦੇ ਕਿਸੇ ਨੌਜਵਾਨ ਵਿਅਕਤੀ ਦਾ ਨਾ ਮਲੂਮ ਵਿਅਕਤੀਆ ਵੱਲੋ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਲਾਸ਼ ਪਈ ਹੋਈ ਹੈ। ਪੁਲਿਸ ਵੱਲੋ ਉਸ ਵਿਅਕਤੀ ਦੇ ਅੰਨ੍ਹੇ ਕਤਲ ਦੇ ਮੁਕੱਦਮੇ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਜਸਵੀਰ ਕੋਰ ਪਤਨੀ ਹਰਬੰਸ ਸਿੰਘ ਵਾਸੀ ਦਰੀਆਪੁਰ ਦੇ ਬਿਆਨ 'ਤੇ ਮੁੱ:ਨੰ: 110 ਮਿਤੀ 17.06.2026 ਅ/ਧ 103 ਬੀ.ਐਨ.ਐਸ, ਥਾਣਾ ਸਿਟੀ ਬੁਢਲਾਡਾ ਬਰਖਿਲਾਫ ਨਾ ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਸ੍ਰੀ ਮਨਮੋਹਣ ਸਿੰਘ ਔਲਖ ਕਪਤਾਨ ਪੁਲਿਸ(ਇੰਨਵੈ.),ਸ਼੍ਰੀ ਸ਼ਿਕੰਦਰ ਸਿੰਘ, ਉਪ ਕਪਤਾਨ ਪੁਲਿਸ (ਸ:ਡ) ਬੁਢਲਾਡਾ, ਸ਼੍ਰੀ ਜਸਵਿੰਦਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈ:) ਮਾਨਸਾ ਦੀ ਦੇਖ ਰੇਖ ਹੇਠ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਸਮੇਤ ਥਾਣਾ ਸਿਟੀ ਬੁਢਲਾਡਾ ਦੀਆ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿੰਨ੍ਹਾਂ ਵੱਲੋ ਮੁਸਤੈਦੀ ਅਤੇ ਵਿਗਿਆਨਕ ਤਰੀਕੇ ਨਾਲ ਕੰਮ ਕਰਦੇ ਹੋਏ ਮੁਕੱਦਮੇ ਵਿੱਚ ਮੁਦੱਈ ਮੁਕੱਦਮਾ ਜਸਵੀਰ ਕੌਰ ਦੇ ਤਰਤੀਮਾ ਬਿਆਨ ਮੁਤਾਬਿਕ ਰਾਹੀ ਰਪਟ ਨੰਬਰ 31 ਮਿਤੀ 18.06.2026 ਨੂੰ ਦੋਸ਼ੀ ਮੱਤੀ ਸਿੰਘ (ਉਮਰ 19 ਸਾਲ) ਪੁੱਤਰ ਬੂਟਾ ਸਿੰਘ ,ਮਨਪ੍ਰੀਤ ਸਿੰਘ ਉਰਫ ਲਾਡੀ (ਉਮਰ 23 ਸਾਲ) ਪੁੱਤਰ ਪ੍ਰਕਾਸ ਸਿੰਘ ,ਮਨਪ੍ਰੀਤ ਸਿੰਘ ਉਰਫ ਜੱਗਾ ਡੋਨ (ਉਮਰ 27 ਸਾਲ) ਪੁੱਤਰ ਸੋਹਣ ਸਿੰਘ ਵਾਸੀ ਰਾਮਗੜ ਦਰੀਆਪੁਰ ਖੁਰਦ ਅਤੇ ਸਨੀ ਸਿੰਘ ਪੁੱਤਰ ਨਾ ਮਲੂਮ ਵਾਸੀ ਦਰੀਆਪੁਰ ਕਲਾਂ ਨੂੰ ਨਾਮਜਦ ਕਰਕੇ ਅ/ਧ 61,190,191(3) ਬੀ,ਐਨ.ਐਸ ਜੁਰਮ ਦਾ ਵਾਧਾ ਕੀਤਾ ਗਿਆ।
ਦੋਸ਼ੀ ਮੱਤੀ ਸਿੰਘ ,ਮਨਪ੍ਰੀਤ ਸਿੰਘ ਉਰਫ ਲਾਡੀ ਅਤੇ ਮਨਪ੍ਰੀਤ ਸਿੰਘ ਉਰਫ ਜੱਗਾ ਡੋਨ ਨੂੰ ਮਿਤੀ 18.06.2026 ਨੂੰ ਗ੍ਰਿਫਤਾਰ ਕੀਤਾ ਗਿਆ। ਜਿੰਨ੍ਹਾ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਵਾਰਦਾਤ ਵਿਚ ਦੋ ਮੋਟਰਸਾਈਕਲ ਸਮੇਤ (ਹਥਿਆਰ) ਇੱਕ ਕਰਪਾਨ ਸਮੇਤ ਤਿੰਨ ਲੋਹਾ ਰਾਡ ਦੀ ਵਰਤੋ ਕੀਤੀ ਗਈ ਸੀ ਜਿੰਨ੍ਹਾ ਦੀ ਬ੍ਰਾਮਦਗੀ ਕਰਵਾਉਣੀ ਬਾਕੀ ਹੈ ਅਤੇ ਸਨੀ ਸਿੰਘ ਪੁੱਤਰ ਨਾ ਮਲੂਮ ਵਾਸੀ ਦਰੀਆਪੁਰ ਕਲਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਮੁੱਢਲੀ ਪੁਛਗਿੱਛ ਦੌਰਾਨ ਦੋਨੋ ਧਿਰਾਂ ਵਿਚਕਾਰ ਪਿਛਲੀ ਦੁਸ਼ਮਣੀ ਦਾ ਖੁਲਾਸਾ ਹੋਇਆ ਕਿ ਮੁਲਜਮ ਮੱਤੀ ਸਿੰਘ ਦੇ ਭਰਾ ਦੇ ਕਥਿਤ ਤੌਰ 'ਤੇ ਮ੍ਰਿਤਕ ਦੀ ਭਰਜਾਈ ਨਾਲ ਨਜਾਇਜ਼ ਸਬੰਧ ਸਨ ਜਿਸ ਕਰਕੇ ਮ੍ਰਿਤਕ ਅਤੇ ਦੋਸ਼ੀ ਧਿਰ ਵਿਚਕਾਰ ਪਹਿਲਾ ਝਗੜੇ ਹੋਏ ਸਨ।
ਕੁੱਝ ਦਿਨ ਪਹਿਲਾ ਮੱਤੀ ਸਿੰਘ ਦੇ ਭਰਾ ਦੀ ਮੌਤ ਖੁਦਕਸ਼ੀ ਨਾਲ ਹੋਈ ਸੀ। ਦੁਸਮਣੀ ਅਤੇ ਉਸ ਤੋ ਬਾਅਦ ਦੇ ਘਟਨਾਕ੍ਰਮ ਕਰਕੇ ਦੋਸ਼ੀਆ ਨੂੰ ਸ਼ੱਕ ਹੋ ਗਿਆ ਕਿ ਉਸ ਦੇ ਭਰਾ ਨੇ ਖੁਦਕਸ਼ੀ ਰਾਜਦੀਪ ਸਿੰਘ ਦੇ ਰੋਕ ਟੋਕ ਤੋ ਤੰਗ ਆ ਕੇ ਕੀਤੀ ਹੈ ਉਸ ਤੋ ਬਾਅਦ ਮ੍ਰਿਤਕ ਰਾਜਦੀਪ ਸਿੰਘ ਖਿਲਾਫ ਨਫ਼ਰਤ ਹੋਣ ਕਰਕੇ ਬਦਲੇ ਦੀ ਭਾਵਨਾ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।