ਬ੍ਰਮ ਸ਼ੰਕਰ ਜਿੰਪਾ ਨੇ ਡਿਜ਼ੀਟਲ ਲਾਇਬ੍ਰੇਰੀ ‘ਚ ਕੀਤਾ 30 ਕਿਲੋਵਾਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ
ਵਰਧਮਾਨ ਗਰੁੱਪ ਨੇ ਸੀ.ਐੱਸ.ਆਰ. ਪ੍ਰੋਗਰਾਮ ਤਹਿਤ ਸੋਲਰ ਪਾਵਰ ਪਲਾਂਟ ਸਥਾਪਤ ਕਰਨ ‘ਚ ਦਿੱਤਾ ਆਰਥਿਕ ਸਹਿਯੋਗ
5 Dariya News
ਹੁਸ਼ਿਆਰਪੁਰ 19-Jun-2026
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵੀਰਵਾਰ ਨੂੰ ਡਿਜ਼ੀਟਲ ਲਾਇਬ੍ਰੇਰੀ, ਹੁਸ਼ਿਆਰਪੁਰ ਵਿੱਚ 11.50 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ 30 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਵਰਧਮਾਨ ਗਰੁੱਪ ਵੱਲੋਂ ਆਪਣੇ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ (ਸੀ.ਐੱਸ.ਆਰ.) ਪ੍ਰੋਗਰਾਮ ਤਹਿਤ ਉਪਲਬੱਧ ਕਰਵਾਇਆ ਗਿਆ ਇਹ ਪ੍ਰੋਜੈਕਟ ਨਾ ਸਿਰਫ਼ ਵਾਤਾਵਰਣ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਹੈ, ਸਗੋਂ ਇਸ ਨਾਲ ਲਾਇਬ੍ਰੇਰੀ ਦੇ ਬਿਜਲੀ ਖਰਚ ਵਿੱਚ 75 ਫੀਸਦੀ ਤੋਂ ਵੱਧ ਦੀ ਕਮੀ ਆਵੇਗੀ ਅਤੇ ਵਿਦਿਆਰਥੀਆਂ ਨੂੰ ਨਿਰਵਿਘਨ ਸਹੂਲਤਾਂ ਮਿਲਦੀਆਂ ਰਹਿਣਗੀਆਂ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਦਸੰਬਰ 2023 ਵਿੱਚ ਸ਼ੁਰੂ ਹੋਈ ਡਿਜ਼ੀਟਲ ਲਾਇਬ੍ਰੇਰੀ ਪਿਛਲੇ ਦੋ ਸਾਲਾਂ ਤੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਹੁਸ਼ਿਆਰਪੁਰ ਦੇ ਪ੍ਰਬੰਧ ਹੇਠ ਸਫਲਤਾਪੂਰਵਕ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਹਫ਼ਤੇ ਦੇ ਸੱਤੋਂ ਦਿਨ ਖੁੱਲ੍ਹੀ ਰਹਿਣ ਵਾਲੀ ਇਹ ਲਾਇਬ੍ਰੇਰੀ ਅੱਜ ਜ਼ਿਲ੍ਹੇ ਦੇ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ ਅਧਿਐਨ ਕੇਂਦਰ ਬਣ ਚੁੱਕੀ ਹੈ, ਜਿੱਥੇ 1300 ਤੋਂ ਵੱਧ ਵਿਦਿਆਰਥੀ ਰਜਿਸਟਰਡ ਹਨ ਅਤੇ ਹਰ ਰੋਜ਼ 150 ਤੋਂ ਵੱਧ ਵਿਦਿਆਰਥੀ ਸਵੈ-ਅਧਿਐਨ ਅਤੇ ਆਨਲਾਈਨ ਪੜ੍ਹਾਈ ਲਈ ਪਹੁੰਚਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇੱਥੇ ਅਧਿਐਨ ਕਰਨ ਵਾਲੇ ਕਈ ਨੌਜਵਾਨਾਂ ਨੇ ਰਾਜ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕੀਤੀ ਹੈ। ਹਾਲ ਹੀ ਵਿੱਚ 14 ਵਿਦਿਆਰਥੀਆਂ ਨੇ ਪੀ.ਸੀ.ਐੱਸ. ਪ੍ਰਾਰੰਭਿਕ ਪ੍ਰੀਖਿਆ ਪਾਸ ਕੀਤੀ ਹੈ, ਜਦਕਿ ਦੋ ਨੌਜਵਾਨਾਂ ਨੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਨਿਯੁਕਤੀ ਪ੍ਰਾਪਤ ਕੀਤੀ ਹੈ।
ਇਸ ਤੋਂ ਇਲਾਵਾ ਚਾਰ ਵਿਦਿਆਰਥੀਆਂ ਨੇ ਯੂ.ਜੀ.ਸੀ.-ਨੈੱਟ ਅਤੇ ਦੋ ਵਿਦਿਆਰਥੀਆਂ ਨੇ ਬੈਂਕ ਪੀ.ਓ. ਪ੍ਰੀਖਿਆ ਪਾਸ ਕੀਤੀ ਹੈ, ਜਦਕਿ ਇੱਕ ਵਿਦਿਆਰਥੀ ਪੀ.ਐੱਸ.ਪੀ.ਸੀ.ਐੱਲ. ਵਿੱਚ ਐੱਸ.ਡੀ.ਓ. ਦੇ ਅਹੁਦੇ ’ਤੇ ਨਿਯੁਕਤ ਹੋਇਆ ਹੈ। ਕਈ ਵਿਦਿਆਰਥੀਆਂ ਨੇ ਅਕਾਦਮਿਕ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰਸਿੱਧ ਸੰਸਥਾਵਾਂ ਵਿੱਚ ਦਾਖ਼ਲਾ ਵੀ ਹਾਸਲ ਕੀਤਾ ਹੈ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਰਧਮਾਨ ਗਰੁੱਪ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਦਯੋਗ ਜਗਤ ਅਤੇ ਸਮਾਜ ਦੇ ਸਾਂਝੇ ਯਤਨਾਂ ਨਾਲ ਸਿੱਖਿਆ ਅਤੇ ਨੌਜਵਾਨ ਸਸ਼ਕਤੀਕਰਨ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਵਿਦਿਆਰਥੀਆਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਐੱਸ.ਡੀ.ਐੱਮ. ਹੁਸ਼ਿਆਰਪੁਰ ਪਰਮਪ੍ਰੀਤ ਸਿੰਘ, ਵਰਧਮਾਨ ਗਰੁੱਪ ਵੱਲੋਂ ਗਰੁੱਪ ਹੈੱਡ ਇੰਦਰਮੋਹਨ ਜੀਤ ਸਿੰਘ ਸਿੱਧੂ, ਡਾਇਰੈਕਟਰ ਫਾਇਨੈਂਸ ਤਰੁਣ ਚਾਵਲਾ, ਚੀਫ਼ ਸਿਕਿਊਰਿਟੀ ਹੈੱਡ ਪ੍ਰਦੀਪ ਦਡਵਾਲ ਅਤੇ ਇਲੈਕਟ੍ਰਿਕਲ ਹੈੱਡ ਸਰਬਜੀਤ ਸਿੰਘ, ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਆਦਿਤਿਆ ਰਾਣਾ, ਡਿਜ਼ੀਟਲ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਵਿਜੈ ਕੁਮਾਰ ਅਤੇ ਰਾਜੀਵ ਬਜਾਜ ਵੀ ਹਾਜ਼ਰ ਸਨ।