5 Dariya News

ਸੀ.ਆਈ.ਏ. ਸਟਾਫ ਖਰੜ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ 191 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

5 Dariya News

ਖਰੜ 17-Jun-2026

ਸ਼੍ਰੀ ਹਰਮਨਦੀਪ ਸਿੰਘ ਹਾਂਸ,ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਤਲਵਿੰਦਰ ਸਿੰਘ, ਕਪਤਾਨ ਪੁਲਿਸ (ਅਪਰੇਸ਼ਨ), ਸ਼੍ਰੀ ਰਾਜਨ ਪਰਮਿੰਦਰ ਸਿੰਘ, ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 02 ਅੱਡ-ਅੱਡ ਮੁਕੱਦਮਿਆਂ ਵਿੱਚ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 191 ਗ੍ਰਾਮ ਹੈਰੋਇਨ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਮਿਤੀ 16-06-2026 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਖਰੜ ਤੋਂ ਲਾਂਡਰਾ ਰੋਡ ਪਰ ਰਵਾਨਾ ਸੀ। ਜਦੋਂ ਪੁਲਿਸ ਪਾਰਟੀ ਸਿਵਾਂਤਾ ਐਰੋ ਹਾਈਟਸ ਦੇ ਬਣਦੇ ਫਲੈਟਾਂ ਪਾਸ ਪੁੱਜੀ ਤਾਂ ਸੜਕ ਦੇ ਕਿਨਾਰੇ ਇੱਕ ਇਨੋਵਾ ਗੱਡੀ ਨੰ: PB13-AW-8054 ਰੰਗ ਗਰੇਅ, ਜਿਸਦਾ ਡਰਾਈਵਰ ਸਾਈਡ ਵਾਲਾ ਅਗਲਾ ਟਾਇਰ ਪੈਂਚਰ ਸੀ, ਖੜੀ ਦਿਖਾਈ ਦਿੱਤੀ।

ਜਿਸ ਵਿੱਚ ਇੱਕ ਮੋਨਾ ਵਿਅਕਤੀ ਗੱਡੀ ਦੀ ਪਿਛਲੀ ਸੀਟ ਤੇ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਿਹਾ ਸੀ। ਜਿਸਨੂੰ ਸ਼ੱਕ ਦੀ ਬਿਨਾਂ ਤੇ ਚੈੱਕ ਕੀਤਾ ਤਾਂ ਗੱਡੀ ਦੀ ਆਰਮ ਰੈਸਟ ਵਿੱਚੋਂ 40 ਗ੍ਰਾਮ ਹੈਰੋਇਨ ਸਮੇਤ ਡਿਜੀਟਲ ਕੰਡਾ ਬ੍ਰਾਮਦ ਹੋਇਆ ਅਤੇ ਸੇਵਨ ਕਰਦੇ ਸਮੇਂ ਉਸ ਪਾਸੋਂ ਫੁਆਇਲ ਪੇਪਰ, 20 ਰੁਪਏ ਦਾ ਨੋਟ, ਲਾਲ ਰੰਗ ਦਾ ਲਾਈਟਰ ਬ੍ਰਾਮਦ ਹੋਇਆ। 

ਜਿਸ ਤੇ ਦੋਸ਼ੀ ਮੋਹਨ ਲਾਲ ਪੁੱਤਰ ਕ੍ਰਿਸ਼ਨ ਚੰਦ ਵਾਸੀ ਫਲੈਟ ਨੰ 66 ਸੈਕੰਡ ਫਲੋਰ ਪ੍ਰਾਈਮ ਸਿਟੀ ਖਰੜ, ਥਾਣਾ ਸਿਟੀ ਖਰੜ, ਜਿਲਾ ਐਸ.ਏ.ਐਸ. ਨਗਰ ਵਿਰੁੱਧ ਮੁਕੱਦਮਾ ਨੰ: 184 ਮਿਤੀ 16-06-2026 ਅ/ਧ 21/27-61-85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰ ਕਰਕੇ, ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਉਪਰੰਤ ਉਸੇ ਦਿਨ ਸ਼ਾਮ ਸਮੇਂ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਭਗਤਘਾਟ ਖਰੜ ਤੋਂ ਮੋਹਾਲ਼ੀ ਰੋਡ ਤੇ ਨਾਕਾਬੰਦੀ ਤੇ ਮੌਜੂਦ ਸੀ ਤਾਂ ਬੱਸ ਸਟੈਂਡ ਖਰੜ ਸਾਈਡ ਤੋਂ ਮੋਹਾਲ਼ੀ ਸਾਈਡ ਨੂੰ ਇੱਕ ਮੋਨਾ ਨੌਜਵਾਨ ਆ ਰਿਹਾ ਸੀ।

ਜੋ ਨਾਕੇ ਤੇ ਚੈਕਿੰਗ ਹੁੰਦੀ ਦੇਖਕੇ ਪਿੱਛੇ ਨੂੰ ਭੱਜਿਆ ਅਤੇ ਭੱਜਦੇ ਸਮੇਂ ਆਪਣੀ ਜੇਬ ਵਿੱਚੋਂ ਹੈਰੋਇਨ ਦਾ ਲਿਫਾਫਾ ਇੱਕ ਸਾਈਡ ਨੂੰ ਸੁੱਟਿਆ। ਜਿਸਨੂੰ ਮੌਕੇ ਤੇ ਕਾਬੂ ਕੀਤਾ ਗਿਆ ਅਤੇ ਉਸ ਵੱਲੋਂ ਸਿੱਟੇ ਹੈਰੋਇਨ ਦੇ ਲਿਫਾਫੇ ਨੂੰ ਚੈੱਕ ਕਰਕੇ, ਵਜਨ ਕੀਤਾ ਗਿਆ। ਜੋ ਕੁੱਲ 151 ਗ੍ਰਾਮ ਹੈਰੋਇਨ ਹੋਈ। ਜਿਸ ਤੇ ਦੋਸ਼ੀ ਗੁਰਭਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਪੱਖੋਂਕੇ, ਥਾਣਾ ਸਦਰ ਤਰਨਤਾਰਨ, ਜ਼ਿਲ੍ਹਾ ਤਰਨਤਾਰਨ ਵਿਰੁੱਧ ਮੁਕੱਦਮਾ ਮੁਕੱਦਮਾ ਨੰ: 187 ਮਿਤੀ 16-06-2026 ਅ/ਧ 21-61-85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਕਰਕੇ, ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ :-

ਦੋਸ਼ੀ ਮੋਹਨ ਲਾਲ ਪੁੱਤਰ ਕ੍ਰਿਸ਼ਨ ਚੰਦ ਵਾਸੀ ਫਲੈਟ ਨੰ 66 ਸੈਕੰਡ ਫਲੋਰ ਪ੍ਰਾਈਮ ਸਿਟੀ ਖਰੜ, ਥਾਣਾ ਸਿਟੀ ਖਰੜ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 42 ਸਾਲ ਹੈ, ਜੋ ਬੀ.ਸੀ.ਏ. ਦੀ ਪੜਾਈ ਕੀਤੀ ਹੋਈ ਹੈ ਅਤੇ ਸ਼ਾਦੀ ਸ਼ੁਦਾ ਹੈ। ਉਸ ਦੇ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।

ਦੋਸ਼ੀ ਗੁਰਭਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਪੱਖੋਂਕੇ, ਥਾਣਾ ਸਦਰ ਤਰਨ ਤਾਰਨ, ਜਿਲਾ ਤਰਨ ਤਾਰਨ ਜਿਸਦੀ ਉਮਰ ਕਰੀਬ 25 ਸਾਲ ਹੈ ਤੇ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਮੁਕੱਦਮਾ ਥਾਣਾ ਬਾਲੂ ਗੰਜ, ਹਿਮਾਚਲ ਪ੍ਰਦੇਸ਼ ਵਿੱਚ ਮੁਕੱਦਮਾ ਦਰਜ ਹੈ।

ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿੱਥੋਂ ਲੈ ਕੇ ਆਉਂਦੇ ਸੀ ਅਤੇ ਕਿਹਨਾਂ ਨੂੰ ਸਪਲਾਈ ਕਰਦੇ ਸੀ। ਦੋਸ਼ੀਆਂ ਨਾਲ਼ ਇਸ ਧੰਦੇ ਵਿੱਚ ਜੁੜੇ ਇਸਦੇ ਸਾਥੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।