5 Dariya News

ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਚਨਬੱਧ : ਨਰਿੰਦਰ ਪਾਲ ਸਿੰਘ ਸਵਨਾ

ਦਾਣਾ ਮੰਡੀ ਫਾਜ਼ਿਲਕਾ ਵਿਖੇ ਫਾਜ਼ਿਲਕਾ ਦੇ ਵਪਾਰੀਆਂ ਨਾਲ ਕੀਤਾ ਸਿੱਧਾ ਸੰਵਾਦ

5 Dariya News

ਫਾਜ਼ਿਲਕਾ 17-Jun-2026

ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਦਾਣਾ ਮੰਡੀ ਫਾਜ਼ਿਲਕਾ ਵਿਖੇ ਇਲਾਕੇ ਦੇ ਵਪਾਰੀਆਂ ਨਾਲ ਇੱਕ ਅਹਿਮ ਗੱਲਬਾਤ ਕੀਤੀ ਗਈ, ਜਿਸ ਦੌਰਾਨ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਸਡੀਐਮ ਜੁਗਰਾਜ ਸਿੰਘ ਸਮੇਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੇ ਵਪਾਰੀ ਸੰਗਠਨ ਦੇ ਅਹੁਦੇਦਾਰ ਵੀ ਮੌਜੂਦ ਰਹੇ।

ਇਸ ਮੌਕੇ ਹਾਜ਼ਰ ਵਪਾਰੀ ਵਰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਵਪਾਰੀਆਂ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਸੂਬੇ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ।

ਇਸ ਮੌਕੇ ਵਪਾਰੀਆਂ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ, ਬਾਜ਼ਾਰਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਸੁਧਾਰ, ਲਾਈਟਾਂ, ਸੀਵਰੇਜ, ਦਾਣਾ ਮੰਡੀ ਵਿੱਚ ਕਣਕ ਲਈ ਸੈਡ, ਟ੍ਰੈਫਿਕ ਪ੍ਰਬੰਧਨ, ਸੁਰੱਖਿਆ ਪ੍ਰਬੰਧਾਂ ਅਤੇ ਕਾਰੋਬਾਰ ਨਾਲ ਜੁੜੀਆਂ ਹੋਰ ਚੁਣੌਤੀਆਂ ਸਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਵਪਾਰੀਆਂ ਵੱਲੋਂ ਉਠਾਏ ਗਏ ਹਰ ਮੁੱਦੇ ਨੂੰ ਸਬੰਧਿਤ ਵਿਭਾਗਾਂ ਦੇ ਧਿਆਨ ਵਿੱਚ ਲਿਆ ਕੇ ਤਰਜੀਹ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਅਤੇ ਵਪਾਰੀਆਂ ਨਾਲ ਲਗਾਤਾਰ ਸੰਵਾਦ ਰਾਹੀਂ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਲਵੀਸ਼ ਚਾਵਲਾ ਚੇਅਰਮੈਨ ਟਰੇਡ ਵਿੰਗ ਵਿਧਾਨ ਸਭਾ ਹਲਕਾ ਫਾਜ਼ਿਲਕਾ ਅਤੇ ਟਰੇਡ ਵਿੰਗ ਫਾਜ਼ਿਲਕਾ ਦੇ ਮੈਂਬਰਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਸਨ।