ਵਿਸ਼ੇਸ਼ ਗਹਿਰੀ ਸੁਧਾਈ : ਹਰਪ੍ਰੀਤ ਸਿੰਘ ਵਲੋਂ ਈਆਰਓਜ਼ ਅਤੇ ਨੋਡਲ ਅਫ਼ਸਰਾਂ ਨਾਲ ਅਹਿਮ ਮੀਟਿੰਗ
ਐੱਸਆਈਆਰ ਦਾ ਕੰਮ ਸੁਚੱਜੇ ਤਰੀਕੇ ਨਾਲ ਕਰਨ ਲਈ ਦਿੱਤੇ ਨਿਰਦੇਸ਼
5 Dariya News
ਬਰਨਾਲਾ 17-Jun-2026
ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ੇਸ਼ ਗਹਿਰੀ ਸੁਧਾਈ (SIR) 2026 ਦੇ ਕੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਵਧੀਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸਾਰੇ ਨੋਡਲ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ।
ਇਸ ਮੌਕੇ ਉਹਨਾਂ ਕਿਹਾ ਕਿ ਵਿਸ਼ੇਸ਼ ਗਹਿਰੀ ਸੁਧਾਈ (SIR) 2026 ਤਹਿਤ ਬੂਥ ਲੈਵਲ ਅਫਸਰਾਂ ਵਲੋਂ 25 ਜੂਨ ਤੋਂ 24 ਜੁਲਾਈ 2026 ਤਕ ਘਰ ਘਰ ਜਾ ਕੇ ਗਣਨਾ ਫਾਰਮ ਭਰਵਾਏ ਜਾਣਗੇ। ਓਹਨਾਂ ਕਿਹਾ ਕਿ ਇਹ ਬੜੀ ਅਹਿਮ ਪ੍ਰਕਿਰਿਆ ਹੈ, ਇਸ ਲਈ ਬੀਐਲਓਜ਼ ਦੀਆਂ ਵੱਧ ਤੋਂ ਵੱਧ ਟ੍ਰੇਨਿੰਗਾਂ ਕਰਵਾਈਆਂ ਜਾਣ ਤਾਂ ਜੋ ਉਹ ਬਹੁਤ ਹੀ ਸੁਚੱਜੇ ਤਰੀਕੇ ਨਾਲ ਇਹ ਕੰਮ ਨੇਪਰੇ ਚਾੜ੍ਹਨ।
ਓਹਨਾਂ ਕਿਹਾ ਕਿ ਬੀਐਲਓਜ਼ ਸਾਰੀਆਂ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਪੂਰੀ ਤਰ੍ਹਾਂ ਤਾਲਮੇਲ ਬਣਾ ਕੇ ਰੱਖਣ ਅਤੇ ਹਰ ਪੜਾਅ ਬਾਰੇ ਓਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਉਹਨਾਂ ਵਿਸ਼ੇਸ਼ ਗਹਿਰੀ ਸੁਧਾਈ (SIR) ਦੇ ਸ਼ਿਕਾਇਤ ਸੈੱਲ, ਆਈ ਟੀ ਹੈਲਪ ਡੈਸਕ, ਟ੍ਰੇਨਿੰਗ ਮੈਨੇਜਮੈਂਟ, ਮੀਡੀਆ ਮੋਨੀਟਰਿੰਗ, ਮੀਡੀਆ ਕਵਰੇਜ, ਹੈਲਪ ਡੈਸਕ, ਸਵੀਪ, ਲੀਗਲ ਸੈੱਲ, ਰਿਪੋਰਟਿੰਗ ਸੈੱਲ ਸਮੇਤ ਸਾਰੇ ਸੈੱਲਾਂ ਦੇ ਨੋਡਲ ਅਫਸਰਾਂ ਨੂੰ ਅਪਣਾ ਕੰਮ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਕਰਨ ਲਈ ਕਿਹਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ SIR 2026 ਦਾ ਉਦੇਸ਼ ਹਰ ਯੋਗ ਵੋਟਰ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਹਰ ਅਯੋਗ ਵੋਟਰ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ ਅਤੇ ਵੋਟਰ ਸੂਚੀ ਨੂੰ 100 ਪ੍ਰਤੀਸ਼ਤ ਸ਼ੁੱਧ ਕਰਨਾ ਹੈ। ਬੀ.ਐਲ.ਓ ਮਿਤੀ 25.06.2026 ਤੋਂ 24.07.2026 ਤੱਕ ਆਪਣੇ ਆਪਣੇ ਖੇਤਰ ਵਿੱਚ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਫਾਰਮ ਭਰਨ ਲਈ ਹਰ ਵੋਟਰ ਨੂੰ ਜਾਗਰੂਕ ਕੀਤਾ ਜਾਵੇ ਅਤੇ ਪੂਰੀ ਤਨਦੇਹੀ ਨਾਲ ਕੰਮ ਕਰਦੇ ਹੋਏ ਇਸ ਕਾਰਜ ਨੂੰ ਨੇਪਰੇ ਚਾੜਿਆ ਜਾਵੇ। ਇਸ ਮੌਕੇ ਐੱਸਡੀਐਮ ਤਪਾ ਕਮ ਈਆਰਓ ਭਦੌੜ ਆਯੂਸ਼ ਗੋਇਲ, ਐੱਸਡੀਐਮ ਕਮ ਈਆਰਓ ਬਰਨਾਲਾ ਅਜੀਤਪਾਲ ਸਿੰਘ ਚਹਿਲ, ਐੱਸਡੀਐਮ ਕਮ ਈਆਰਓ ਮਹਿਲ ਕਲਾਂ ਬੇਅੰਤ ਸਿੰਘ, ਚੋਣ ਤਹਿਸੀਲਦਾਰ ਰਾਮ ਜੀ ਲਾਲ, ਚੋਣ ਕਾਨੂੰਗੋ ਮਨਜੀਤ ਸਿੰਘ, ਸਮੂਹ ਨੋਡਲ ਅਫ਼ਸਰ ਅਤੇ ਹੋਰ ਸਟਾਫ ਮੌਜੂਦ ਸੀ।