ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿਕਾਸ ਨੂੰ ਲੈ ਕੇ ਰੀਜਨਲ ਪਲਾਨ 2041 ਹੋਵੇਗਾ ਤਿਆਰ
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਨਵੀਂ ਦਿੱਲੀ ਵਿੱਚ ਐਨ.ਸੀ.ਆਰ. ਪਲਾਨਿੰਗ ਬੋਰਡ ਦੀ 42ਵੀਂ ਮੀਟਿੰਗ ਵਿੱਚ ਲਿਆ ਗਿਆ ਫ਼ੈਸਲਾ
5 Dariya News
ਚੰਡੀਗੜ੍ਹ 16-Jun-2026
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਮੰਗਲਵਾਰ ਨੂੰ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਯੋਜਨਾ ਬੋਰਡ ਦੀ 42ਵੀਂ ਮੀਟਿੰਗ ਹੋਈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਏ.ਕੇ. ਸ਼ਰਮਾ ਅਤੇ ਰਾਜਸਥਾਨ ਦੇ ਸ਼ਹਿਰੀ ਸਥਾਨਕ ਨਿਕਾਏ ਮੰਤਰੀ ਸ੍ਰੀ ਝਾਬਰ ਸਿੰਘ ਖੱਰਾ ਇਸ ਮੀਟਿੰਗ ਵਿੱਚ ਸ਼ਾਮਲ ਹੋਏ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿਕਾਸ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ 'ਤੇ ਵਿਸਤਾਰ ਚਰਚਾ ਹੋਈ। ਅੱਜ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਖੇਤਰੀ ਦਾਇਰੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਅਤੇ ਮੌਜੂਦਾ ਸੀਮਾ ਬਰਕਰਾਰ ਰਹੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਦੇ ਰੀਜਨਲ ਪਲਾਨ-2041 'ਤੇ ਚਰਚਾ ਹੋਈ। ਇਸ ਵਿੱਚ ਐਨ.ਸੀ.ਆਰ. ਦੇ ਭਵਿੱਖ ਦੇ ਵਿਕਾਸ, ਸ਼ਹਿਰੀ ਨਿਯੋਜਨ (ਪਲਾਨਿੰਗ), ਵਾਤਾਵਰਣ ਸੁਰੱਖਿਆ, ਇੰਫਰਾਸਟ੍ਰਕਚਰ ਵਿਕਾਸ ਅਤੇ ਸਸਟੇਨੇਬਲ ਗ੍ਰੋਥ ਨਾਲ ਸਬੰਧਤ ਵੱਖ-ਵੱਖ ਪਹਿਲੂਆਂ 'ਤੇ ਡੂੰਘੀ ਚਰਚਾ ਕੀਤੀ ਗਈ। ਰੀਜਨਲ ਪਲਾਨ-2041 ਨੂੰ ਅੰਤਿਮ ਰੂਪ ਦੇਣ ਲਈ ਕੇਂਦਰ ਸਰਕਾਰ ਅਤੇ ਸਬੰਧਤ ਰਾਜ ਸਰਕਾਰਾਂ (ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ) ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਸਬ-ਕਮੇਟੀ ਗਠਿਤ ਕੀਤੀ ਗਈ ਹੈ।
ਇਹ ਸਬ-ਕਮੇਟੀ 15 ਅਗਸਤ, 2026 ਤੱਕ ਆਪਣੀ ਅੰਤਿਮ ਰਿਪੋਰਟ ਬੋਰਡ ਨੂੰ ਸੌਂਪੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਯੋਜਨਾ ਬੋਰਡ ਦੀ ਅਗਲੀ ਮੀਟਿੰਗ ਦਸੰਬਰ 2026 ਵਿੱਚ ਗੁਰੂਗ੍ਰਾਮ (ਹਰਿਆਣਾ) ਵਿੱਚ ਆਯੋਜਿਤ ਕੀਤੀ ਜਾਵੇਗੀ। ਅੱਜ ਦੀ ਮੀਟਿਗ ਵਿੱਚ ਆਰ.ਆਰ.ਟੀ.ਐਸ. (ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ) ਦੇ ਨਾਲ-ਨਾਲ ਚਾਰ ਨਵੇਂ ਗ੍ਰੀਨਫੀਲਡ ਸ਼ਹਿਰ ਵਿਕਸਿਤ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਗਿਆ।
ਬੋਰਡ ਦੇ ਸਾਰੇ ਮੈਂਬਰ ਰਾਜ ਇੱਕ-ਇੱਕ ਨਵੇਂ ਗ੍ਰੀਨ ਫੀਲਡ ਸ਼ਹਿਰ ਦੀ ਵਿਕਾਸ ਯੋਜਨਾ ਭੇਜਣਗੇ। 'ਨਮੋ ਸਿਟੀ' ਦੇ ਨਾਮ ਨਾਲ ਵਿਕਸਿਤ ਹੋਣ ਵਾਲੇ ਇਹ ਸ਼ਹਿਰ ਆਧੁਨਿਕ, ਵਾਤਾਵਰਣ-ਅਨੁਕੂਲ ਅਤੇ ਆਤਮ-ਨਿਰਭਰ ਸ਼ਹਿਰੀ ਕੇਂਦਰਾਂ ਵਜੋਂ ਵਿਕਸਿਤ ਕੀਤੇ ਜਾਣਗੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਯੋਜਨਾ ਬੋਰਡ ਦੇ ਇਨ੍ਹਾਂ ਫ਼ੈਸਲਿਆਂ ਨਾਲ ਦਿੱਲੀ-ਐਨ.ਸੀ.ਆਰ. ਖੇਤਰ ਦਾ ਸੰਤੁਲਿਤ ਅਤੇ ਮਜ਼ਬੂਤ ਵਿਕਾਸ ਯਕੀਨੀ ਹੋਵੇਗਾ। ਹਰਿਆਣਾ ਸਰਕਾਰ ਐਨ.ਸੀ.ਆਰ. ਦੇ ਵਿਕਾਸ ਨੂੰ ਸਰਵਉੱਚ ਤਰਜੀਹ ਦੇ ਰਹੀ ਹੈ ਅਤੇ ਗ੍ਰੀਨਫੀਲਡ ਸ਼ਹਿਰਾਂ ਤੇ ਆਰ.ਆਰ.ਟੀ.ਐਸ. ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਏਗੀ।
ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀਨਿਵਾਸ ਕਾਤਿਕੀਥਾਲਾ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਵੀ. ਉਮਾਸ਼ੰਕਰ ਸਮੇਤ ਐਨ.ਸੀ.ਆਰ. ਖੇਤਰ ਨਾਲ ਸਬੰਧਤ ਰਾਜਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।