5 Dariya News

ਖ਼ਰੀਫ਼ ਫ਼ਸਲਾਂ ਲਈ ਰਸਾਇਣਕ ਖਾਦਾਂ ਦੀ ਸਹੀ ਵੰਡ ਕਰੋ ਤਾਂ ਜੋ ਕਿਸਾਨਾਂ ਲਈ ਖਾਦ ਦੀ ਕਮੀ ਨਾ ਰਹੇ : ਸ਼ਿਆਮ ਸਿੰਘ ਰਾਣਾ

ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ

5 Dariya News

ਚੰਡੀਗੜ੍ਹ 16-Jun-2026

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਸਾਰੇ ਖੇਤੀਬਾੜੀ ਵਿਕਾਸ ਅਧਿਕਾਰੀਆਂ ਨੂੰ ਆਪਣੇ-ਆਪਣੇ ਅਧੀਨ ਖੇਤਰਾਂ ਵਿੱਚ ਖ਼ਰੀਫ਼ ਫ਼ਸਲਾਂ ਲਈ ਰਸਾਇਣਕ ਖਾਦਾਂ ਦੀ ਸਹੀ ਵੰਡ ਯਕੀਨੀ ਬਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ, ਤਾਂ ਜੋ ਰਾਜ ਦੇ ਕਿਸਾਨਾਂ ਨੂੰ ਖਾਦ ਦੀ ਕਿਸੇ ਵੀ ਤਰ੍ਹਾਂ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ 60 ਫ਼ੀਸਦੀ ਖਾਦ ਹੈਫੇਡ ਰਾਹੀਂ ਪੈਕਸ ਨੂੰ ਭੇਜੀ ਜਾਵੇਗੀ, ਇਸ ਵਿੱਚ ਕੋਤਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਖਾਦ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਰਾਣਾ ਅੱਜ ਚੰਡੀਗੜ੍ਹ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਖ਼ਰੀਫ਼ ਫ਼ਸਲ ਲਈ ਖਾਦ ਵੰਡ, 'ਖੇਤ ਬਚਾਓ' ਮੁਹਿੰਮ ਅਤੇ ਕੁਦਰਤੀ ਖੇਤੀ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਸੰਵਾਦ ਕਰ ਰਹੇ ਸਨ।

ਇਸ ਉੱਚ ਪੱਧਰੀ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ ਅਤੇ ਡਾਇਰੈਕਟਰ ਜਨਰਲ ਸ੍ਰੀ ਰਾਜਨਾਰਾਇਣ ਕੌਸ਼ਿਕ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਨੇ ਜ਼ਿਲ੍ਹੇਵਾਰ ਯੂਰੀਆ, ਡੀ.ਏ.ਪੀ. ਅਤੇ ਹੋਰ ਰਸਾਇਣਕ ਖਾਦਾਂ ਦੀ ਉਪਲਬਧਤਾ ਦੀ ਡੂੰਘੀ ਸਮੀਖਿਆ ਕੀਤੀ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਸਰਗਰਮ ਪ੍ਰਾਈਵੇਟ ਡੀਲਰਾਂ 'ਤੇ ਤਿੱਖੀ ਨਜ਼ਰ ਰੱਖਣ ਅਤੇ ਇਹ ਯਕੀਨੀ ਬਣਾਉਣ ਕਿ ਕਿਧਰੇ ਵੀ ਖਾਦ ਦੀ ਦੁਰਵਰਤੋਂ ਨਾ ਹੋਵੇ। ਇਸ ਦੇ ਨਾਲ ਹੀ, ਕੁਝ ਜ਼ਿਲ੍ਹਿਆਂ ਵਿੱਚ ਖਾਦ ਦੀ ਨਿਰਧਾਰਿਤ ਗਿਣਤੀ ਤੋਂ ਵੱਧ ਖਪਤ ਪਾਏ ਜਾਣ 'ਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਜਵਾਬ-ਤਲਬੀ ਵੀ ਕੀਤੀ। 

ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿੱਚ ਸਥਿਤ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਕਮੇਟੀਆਂ (ਪੈਕਸ) ਵਿੱਚ ਖਾਦ ਦੀ ਸਮੇਂ ਸਿਰ ਸਪਲਾਈ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਆਸਾਨੀ ਨਾਲ ਖਾਦ ਮਿਲ ਸਕੇ। ਕਾਲਾਬਾਜ਼ਾਰੀ 'ਤੇ ਪੂਰੀ ਤਰ੍ਹਾਂ ਲਗਾਮ ਲਗਾਉਣ ਦੇ ਉਦੇਸ਼ ਨਾਲ ਸ੍ਰੀ ਰਾਣਾ ਨੇ ਕਿਹਾ ਕਿ 'ਮੇਰੀ ਫਸਲ ਮੇਰਾ ਬਿਓਰਾ' ਪੋਰਟਲ 'ਤੇ ਦਰਜ ਜ਼ਮੀਨ ਦੇ ਅਧਿਕਾਰਤ ਅੰਕੜਿਆਂ ਦੇ ਅਧਾਰ 'ਤੇ ਹੀ ਖਾਦ ਦੀ ਵੰਡ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਕੋਈ ਵੀ ਗ਼ੈਰ-ਕਿਸਾਨ ਇਸ ਵਿਵਸਥਾ ਦਾ ਨਾਜਾਇਜ਼ ਫ਼ਾਇਦਾ ਨਾ ਚੁੱਕ ਸਕਣ। 

ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਪ੍ਰਾਈਵੇਟ ਡੀਲਰ ਕਿਸਾਨਾਂ ਨੂੰ ਖਾਦ ਦੇ ਨਾਲ ਹੋਰ ਗ਼ੈਰ-ਜ਼ਰੂਰੀ ਸਾਮਾਨ ਜ਼ਬਰਦਸਤੀ ਟੈਗ ਕਰਕੇ ਵੇਚਣ ਦੀ ਕੋਸ਼ਿਸ਼ ਨਾ ਕਰੇ। ਇਸ ਤਰ੍ਹਾਂ ਦੀ ਮਨਮਾਨੀ ਨੂੰ ਰੋਕਣ ਲਈ ਉਨ੍ਹਾਂ ਨੇ ਖੇਤੀਬਾੜੀ ਵਿਕਾਸ ਅਧਿਕਾਰੀਆਂ ਨੂੰ ਸਮੇਂ-ਸਮੇਂ 'ਤੇ ਅਚਾਨਕ ਚੈਕਿੰਗ ਅਤੇ ਜਾਂਚ ਕਰਨ ਦੇ ਆਦੇਸ਼ ਦਿੱਤੇ।

ਇਸ ਤੋਂ ਇਲਾਵਾ, ਸ੍ਰੀ ਸ਼ਿਆਮ ਸਿੰਘ ਰਾਣਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਵਿਜ਼ਨ ਦੇ ਅਨੁਕੂਲ ਚਲਾਈਆਂ ਜਾ ਰਹੀਆਂ 'ਖੇਤ ਬਚਾਓ' ਅਤੇ 'ਕੁਦਰਤੀ ਖੇਤੀ' ਮੁਹਿੰਮਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਧਰਾਤਲ 'ਤੇ ਉਤਰ ਕੇ ਕਿਸਾਨਾਂ ਨੂੰ ਦੇਸੀ ਗਾਂ ਦੇ ਗੋਬਰ ਤੋਂ ਤਿਆਰ ਖਾਦ ਅਤੇ ਜੀਵਾਮ੍ਰਿਤ ਦੇ ਫ਼ਾਇਦਿਆਂ ਪ੍ਰਤੀ ਜਾਗਰੂਕ ਕਰਨ। ਇਸ ਮੁਹਿੰਮ ਤਹਿਤ ਆਯੋਜਿਤ ਕੀਤੇ ਜਾ ਰਹੇ ਕਿਸਾਨ-ਕੈਂਪਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਗਾਮੀ 30 ਜੂਨ ਤੱਕ ਨਿਰਧਾਰਿਤ ਟੀਚਿਆਂ ਨੂੰ ਹਰ ਹਾਲ ਵਿੱਚ ਪੂਰਾ ਕਰਨ ਦੀ ਸਮਾਂ-ਸੀਮਾ ਤੈਅ ਕੀਤੀ।

ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਕਿਸਾਨਾਂ ਨੂੰ ਲਗਾਤਾਰ ਕੁਦਰਤੀ ਖੇਤੀ ਵੱਲ ਪ੍ਰੇਰਿਤ ਕਰਨ, ਜਿਸ ਨਾਲ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਘੱਟ ਕੀਤਾ ਜਾ ਸਕੇ; ਕਿਉਂਕਿ ਇਸ ਨਾਲ ਨਾ ਸਿਰਫ ਖੁਰਾਕ ਪਦਾਰਥਾਂ ਦੀ ਗੁਣਵੱਤਾ ਸ਼ੁੱਧ ਹੋਵੇਗੀ, ਸਗੋ ਆਮ ਜਨਤਾ ਨੂੰ ਵੀ ਗੰਭੀਰ ਬੀਮਾਰੀਆਂ ਤੋਂ ਬਚਾਇਆ ਜਾ ਸਕੇਗਾ।