5 Dariya News

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ "ਗੁਰੂ ਦ੍ਰੋਹੀ" ਐਲਾਨੇ ਗਏ ਮਾਨ ਨੂੰ ਇੱਕ ਪਲ ਵੀ ਕੁਰਸੀ 'ਤੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ : ਤਰੁਣ ਚੁਘ

5 Dariya News

ਚੰਡੀਗੜ੍ਹ 16-Jun-2026

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁਘ ਨੇ ਅੱਜ ਕਿਹਾ ਕਿ ਸਿੱਖ ਧਰਮ ਦੀਆਂ ਪੂਜਣਯੋਗ ਹਸਤੀਆਂ ਅਤੇ ਭਾਵਨਾਵਾਂ ਦੀ ਘੋਰ ਬੇਅਦਬੀ ਨਾਲ ਜੁੜੇ ਵਿਵਾਦਤ ਵੀਡੀਓ 'ਤੇ ਪੰਥ ਦੀ ਸਰਵਉੱਚ ਸੰਸਥਾ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਰਸੀ 'ਤੇ ਬਣੇ ਰਹਿਣ ਦਾ ਰਤਾ ਭਰ ਵੀ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਚੁਘ ਨੇ ਚੇਤੇ ਕਰਵਾਇਆ ਕਿ ਜਦੋਂ ਇਹ ਵੀਡੀਓ ਕਈ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ, ਤਾਂ ਭਗਵੰਤ ਮਾਨ ਨੇ ਢੀਠਤਾ ਨਾਲ ਇਸ ਨੂੰ ਜਾਅਲੀ ਦੱਸ ਕੇ ਰੱਦ ਕਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤਾ ਗਿਆ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਮਣੇ ਪੇਸ਼ ਹੋ ਕੇ ਉਨ੍ਹਾਂ ਨੇ ਚੁਣੌਤੀ ਤੱਕ ਦਿੱਤੀ ਸੀ ਕਿ ਕਿਸੇ ਵੀ ਸਮਰੱਥ ਏਜੰਸੀ ਤੋਂ ਇਸ ਦੀ ਜਾਂਚ ਕਰਵਾ ਲਈ ਜਾਵੇ ਅਤੇ ਇਸ ਨੂੰ ਜਾਅਲੀ ਦੱਸਦੇ ਰਹੇ। ਇਸ ਤਰ੍ਹਾਂ ਮੁੱਖ ਮੰਤਰੀ ਨੇ ਆਪਣੀ ਭਰੋਸੇਯੋਗਤਾ ਉਸੇ ਜਾਂਚ ਦੇ ਨਤੀਜੇ 'ਤੇ ਦਾਅ 'ਤੇ ਲਾ ਦਿੱਤੀ ਸੀ।

ਚੁਘ ਨੇ ਕਿਹਾ ਕਿ 15 ਜੂਨ ਨੂੰ ਪੰਥਕ ਹਸਤੀਆਂ, ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਨਾਲ ਹੋਏ ਵਿਚਾਰ-ਵਟਾਂਦਰੇ ਵਿੱਚ ਪੂਰਾ ਸੱਚ ਸਾਹਮਣੇ ਆ ਗਿਆ। ਇਹ ਵੀਡੀਓ ਦੇਸ਼ ਦੀਆਂ ਦੋ ਮਾਨਤਾ-ਪ੍ਰਾਪਤ ਪ੍ਰਯੋਗਸ਼ਾਲਾਵਾਂ ਵਿੱਚ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ, ਅਤੇ ਦੋਵਾਂ ਨੇ ਬਿਨਾਂ ਕਿਸੇ ਸ਼ੱਕ ਦੇ ਸਿੱਟਾ ਕੱਢਿਆ ਕਿ ਵੀਡੀਓ ਅਸਲੀ ਹੈ, ਇਸ ਵਿੱਚ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਈ ਅਤੇ ਇਹ AI ਨਾਲ ਨਹੀਂ ਬਣਾਇਆ ਗਿਆ। 

ਜਿਸ ਜਾਂਚ ਲਈ ਭਗਵੰਤ ਮਾਨ ਨੇ ਖ਼ੁਦ ਚੁਣੌਤੀ ਦਿੱਤੀ ਸੀ, ਉਹੀ ਅੱਜ ਉਨ੍ਹਾਂ ਦੇ ਆਪਣੇ ਕੁਕਰਮਾਂ ਦਾ ਅਭਿਯੋਗ ਬਣ ਗਈ ਹੈ। ਚੁਘ ਨੇ ਕਿਹਾ ਕਿ ਇਨ੍ਹਾਂ ਹੀ ਸਿੱਟਿਆਂ ਦੇ ਆਧਾਰ 'ਤੇ ਪੰਥ ਦੀ ਸਰਵਉੱਚ ਸੰਸਥਾ ਨੇ ਭਗਵੰਤ ਮਾਨ ਨੂੰ "ਗੁਰੂ ਦ੍ਰੋਹੀ" ਅਤੇ "ਸਿੱਖ ਵਿਰੋਧੀ" ਐਲਾਨ ਕੇ ਸੰਗਤ ਨੂੰ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਆਦੇਸ਼ ਦਿੱਤਾ ਹੈ। 

ਇਹ ਇੱਕ ਬੇਮਿਸਾਲ ਕਲੰਕ ਹੈ, ਜਿਸ ਨੇ ਪੂਰੀ ਦੁਨੀਆ ਵਿੱਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਦੀ ਅੰਤਰ-ਆਤਮਾ ਨੂੰ ਝੰਜੋੜ ਦਿੱਤਾ ਹੈ ਅਤੇ ਕਿਸੇ ਵੀ ਮੁੱਖ ਮੰਤਰੀ ਸਾਹਮਣੇ ਅਜਿਹੀ ਨੈਤਿਕ ਤੇ ਰਾਜਨੀਤਕ ਸਥਿਤੀ ਕਦੇ ਪੈਦਾ ਨਹੀਂ ਹੋਈ। ਉਨ੍ਹਾਂ ਕਿਹਾ, "ਮੁੱਖ ਮੰਤਰੀ ਦਾ ਅਹੁਦਾ ਇਮਾਨਦਾਰੀ, ਨਿਮਰਤਾ ਅਤੇ ਲੋਕਾਂ ਦੀ ਆਸਥਾ ਤੇ ਭਾਵਨਾਵਾਂ ਪ੍ਰਤੀ ਸਤਿਕਾਰ ਦੀ ਮੰਗ ਕਰਦਾ ਹੈ। 

ਜਦੋਂ ਪੰਥ ਦੀ ਸਰਵਉੱਚ ਧਾਰਮਿਕ ਸੰਸਥਾ ਨੇ ਹੀ ਅਜਿਹਾ ਗੰਭੀਰ ਅਭਿਯੋਗ ਸੁਣਾ ਦਿੱਤਾ ਹੋਵੇ, ਤਾਂ ਭਗਵੰਤ ਮਾਨ ਕੋਲ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਆਧਾਰ ਨਹੀਂ ਬਚਦਾ।" ਚੁਘ ਨੇ ਭਗਵੰਤ ਮਾਨ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਇਹ ਅਭਿਯੋਗ ਸਿਰਫ਼ ਮੁੱਖ ਮੰਤਰੀ ਤੱਕ ਸੀਮਤ ਨਹੀਂ। 

ਉਨ੍ਹਾਂ ਸੱਤਾਧਾਰੀ ਧਿਰ ਦੇ ਹਰ ਮੰਤਰੀ, ਵਿਧਾਇਕ ਅਤੇ ਅਹੁਦੇਦਾਰ ਨੂੰ ਸੱਦਾ ਦਿੱਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦਾ ਸਤਿਕਾਰ ਕਰਦਿਆਂ ਸਰਕਾਰ ਵਿੱਚ ਆਪਣੀ ਨਿਰੰਤਰਤਾ 'ਤੇ ਮੁੜ ਵਿਚਾਰ ਕਰਨ। ਚੁਘ ਨੇ ਕਿਹਾ ਕਿ ਜਿਹੜਾ ਮੰਤਰੀ ਮੰਡਲ ਪੰਥ ਦੀ ਸਰਵਉੱਚ ਸੰਸਥਾ ਵੱਲੋਂ "ਗੁਰੂ ਦ੍ਰੋਹੀ" ਐਲਾਨੇ ਗਏ ਮੁੱਖ ਮੰਤਰੀ ਦੀ ਅਗਵਾਈ ਹੇਠ ਚੱਲ ਰਿਹਾ ਹੋਵੇ, ਉਸ ਨੂੰ ਇੱਕ ਪਲ ਵੀ ਸੱਤਾ ਵਿੱਚ ਰਹਿਣ ਦਾ ਹੱਕ ਨਹੀਂ, ਅਤੇ ਪੂਰੇ ਮੰਤਰੀ ਮੰਡਲ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਚੁਘ ਨੇ ਕਿਹਾ ਕਿ ਕੋਈ ਵੀ ਰਾਜਨੀਤਕ ਅਹੁਦਾ ਧਰਮ, ਜਵਾਬਦੇਹੀ ਅਤੇ ਲੋਕ-ਨੈਤਿਕਤਾ ਤੋਂ ਉੱਪਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੀ ਅਗਵਾਈ ਚਾਹੁੰਦਾ ਹੈ ਜੋ ਉਸ ਅਧਿਆਤਮਕ ਵਿਰਾਸਤ, ਕੁਰਬਾਨੀਆਂ ਅਤੇ ਪਰੰਪਰਾਵਾਂ ਦਾ ਸਤਿਕਾਰ ਕਰੇ ਜੋ ਇਸ ਸੂਬੇ ਦੀ ਪਛਾਣ ਦੀ ਨੀਂਹ ਹਨ, ਨਾ ਕਿ ਅਜਿਹੀ ਸਰਕਾਰ ਜੋ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਹੋਵੇ।

ਉਨ੍ਹਾਂ ਕਿਹਾ, "ਪੰਜਾਬ ਦੀ ਸੰਗਤ ਕਦੇ ਵੀ ਹੰਕਾਰ, ਛਲ ਅਤੇ ਆਪਣੀਆਂ ਪੂਜਣਯੋਗ ਧਾਰਮਿਕ ਸੰਸਥਾਵਾਂ ਦੀ ਬੇਅਦਬੀ ਨੂੰ ਸਵੀਕਾਰ ਨਹੀਂ ਕਰੇਗੀ। ਭਗਵੰਤ ਮਾਨ ਬਿਨਾਂ ਦੇਰੀ ਅਸਤੀਫ਼ਾ ਦੇਣ, ਉਨ੍ਹਾਂ ਦਾ ਪੂਰਾ ਮੰਤਰੀ ਮੰਡਲ ਅਹੁਦਾ ਛੱਡੇ ਅਤੇ ਸਿੱਖ ਸੰਗਤ ਤੋਂ ਮੁਆਫ਼ੀ ਮੰਗੇ।"