5 Dariya News

ਐਡਵੋਕੇਟ ਅਮਰਪਾਲ ਸਿੰਘ ਅਤੇ ਡਾ. ਅਰਸ਼ਦੀਪ ਸਿੰਘ ਵੱਲੋਂ ਘੁਮਾਣ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ "ਨਸ਼ਾ ਮੁਕਤੀ" ਈ ਰਿਕਸ਼ਾ ਰਵਾਨਾ

5 Dariya News

ਘੁਮਾਣ/ਬਟਾਲਾ 14-Jun-2026

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਮੰਤਵ ਨਾਲ ਨਸ਼ਾ ਮੁਕਤੀ ਈ ਰਿਕਸ਼ਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਜਿਸ ਤਹਿਤ ਇਸ ਮੁਹਿੰਮ ਦੀ ਸ਼ੁਰੂਆਤ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਡਾਕਟਰ ਅਰਸ਼ਦੀਪ ਸਿੰਘ ਵੱਲੋਂ ਘੁਮਾਣ ਤੋਂ ਕੀਤੀ ਗਈ ਅਤੇ ਨਸ਼ਾ ਮੁਕਤੀ ਈ ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। 

ਇਸ ਮੌਕੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਪੰਜਾਬ ਸਰਕਾਰ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਨਸ਼ੇ ਦੇ ਜਾਲ ਵਿੱਚ ਫਸੇ ਵਿਅਕਤੀਆਂ ਦਾ ਨਸ਼ਾ ਛੱਡਣ ਲਈ ਇਲਾਜ ਕਰਵਾਇਆ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਵੱਡੀ ਮਾਤਰਾ ਵਿੱਚ ਵੱਖ ਵੱਖ ਤਰ੍ਹਾਂ ਦੇ ਨਸ਼ੇ ਫੜੇ ਗਏ ਹਨ। ਉਹਨਾਂ ਕਿਹਾ ਕਿ ਇਹ ਸਾਰਾ ਕੁਝ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਖੇਡ ਮੈਦਾਨ ਤਿਆਰ ਕਰਕੇ ਦਿੱਤੇ ਗਏ ਹਨ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ । 

ਇਸ ਮੌਕੇ ਡਾਕਟਰ ਅਰਸ਼ਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਚਲਾਏ ਗਏ ਨਸ਼ਾ ਮੁਕਤੀ ਈ ਰਿਕਸ਼ਾ ਦਾ ਮੁੱਖ ਮੰਤਵ ਪਿੰਡਾਂ ਵਿੱਚ ਸ਼ਰਾਰਤੀ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਠੱਲ ਪਾਉਣਾ ਹੈ। ਪਿੰਡਾਂ ਦੇ ਲੋਕ ਬੇਫਿਕਰ ਹੋ ਕੇ ਇਹ ਰਿਕਸ਼ਾ ਵਿੱਚ ਲੱਗੇ ਸ਼ਿਕਾਇਤ ਬੋਕਸ ਵਿੱਚ ਆਪਣੀ ਸ਼ਿਕਾਇਤ ਪਾਉਣ ਤਾਂ ਜੋ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਹੋ ਸਕੇ। 

ਉਹਨਾਂ ਕਿਹਾ ਕਿ ਨਸ਼ਾ ਮੁਕਤੀ ਦੀ ਸਮੁੱਚੀ ਟੀਮ ਇਸ ਮੁਹਿੰਮ ਦੇ ਨਾਲ ਜੁੜੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਲੋਕ ਸਹਿਯੋਗ ਕਰਨ ਤਾਂ ਜੋ ਨਸ਼ਿਆਂ ਨੂੰ ਮੁਕੰਮਲ ਤੌਰ ਤੇ ਠੱਲ ਪਾਈ ਜਾ ਸਕੇ। ਇਸ ਮੌਕੇ ਚੇਅਰਮੈਨ ਨਿਸ਼ਾਨ ਸਿੰਘ ਬੋਲੇਵਾਲ ਨੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। 

ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਬੱਬੂ ਟੀਵੀਐਸ , ਹਲਕਾ ਉਪ ਇੰਚਾਰਜ ਅੰਮ੍ਰਿਤਪਾਲ ਸਿੰਘ ਸੋਹੀ , ਨੀਲਮ ਘੁਮਾਣ ਜਲਾ ਇੰਚਾਰਜ ਵੋਮੈਨ ਸੈੱਲ , ਮਨਦੀਪ ਸਿੰਘ ,ਸੁਖਜਿੰਦਰ ਸਿੰਘ ,ਵਿਜੇ ਸਿੰਘ, ਦਲਜੀਤ ਸਿੰਘ, ਬਲਜੀਤ ਸਿੰਘ, ਨਵਤੇਜ ਸਿੰਘ, ਪਰਲੋਕ ਸਿੰਘ, ਕੁਲਵਿੰਦਰ ਸਿੰਘ ( ਸਾਰੇ ਬਲਾਕ ਪ੍ਰਧਾਨ) , ਗੁਰਦਿਆਲ ਸਿੰਘ ਘੁਮਾਣ ਅਤੇ ਮਲਕੀਤ ਸਿੰਘ ਕੌੜੇ ਆਦਿ ਹਾਜ਼ਰ ਸਨ।