ਪਰਮਾਤਮਾ ਨਾਲ ਜੁੜਾਅ, ਸਿੱਖਿਆ ਅਤੇ ਅਨੁਸ਼ਾਸਿਤ ਜੀਵਨ ਹੀ ਬੱਚਿਆਂ ਦੇ ਉਜਲੇ ਭਵਿੱਖ ਦੀ ਨੀਂਹ
5 Dariya News
ਚੰਡੀਗੜ੍ਹ 14-Jun-2026
ਇੱਥੇ ਸੈਕਟਰ-30 ਵਿਖੇ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਸੈਕਟਰ-45 ਏਰੀਆ ਦੇ ਬੱਚਿਆਂ ਦਾ ਇੱਕ ਬਾਲ ਸਮਾਗਮ ਇੱਥੋਂ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ ਦੀ ਪਾਵਨ ਹਾਜ਼ਰੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਹਰ ਉਮਰ ਦੇ ਨੰਨੇ-ਮੁੰਨੇ ਬਾਲ ਸੰਤਾਂ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੱਲੋਂ ਦਿੱਤੀਆਂ ਜਾ ਰਹੀਆਂ ਸਿੱਖਿਆਵਾਂ 'ਤੇ ਆਧਾਰਿਤ ਗੀਤ, ਕਵਿਤਾਵਾਂ, ਭਾਸ਼ਣ, ਸਕਿੱਟ, ਕਵਾਲੀਆਂ ਆਦਿ ਦੇ ਰੂਪ ਵਿੱਚ ਆਪਣੀਆਂ-ਆਪਣੀਆਂ ਪੇਸ਼ਕਾਰੀਆਂ ਦੇ ਕੇ ਸਭ ਦਾ ਮਨ ਮੋਹ ਲਿਆ।
ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਸ੍ਰੀ ਨਿਰੰਕਾਰੀ ਜੀ ਨੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਨੂੰ ਸਫਲ ਬਣਾਉਣ ਵਾਲੇ ਪ੍ਰਬੰਧਕਾਂ, ਇੰਚਾਰਜਾਂ, ਮਾਪਿਆਂ ਅਤੇ ਸਮੂਹ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਸ੍ਰੀ ਨਿਰੰਕਾਰੀ ਜੀ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸਾਰੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਮਨੁੱਖ ਮਾਤਰ ਨੂੰ ਨਿਰੰਕਾਰ ਪਰਮਾਤਮਾ ਨਾਲ ਜੋੜਨਾ ਅਤੇ ਬ੍ਰਹਮ ਗਿਆਨ ਦੇ ਸਰਲ ਅਤੇ ਸਰਬਵਿਆਪਕ ਸੰਦੇਸ਼ ਨੂੰ ਹਰ ਇਕ ਤੱਕ ਪਹੁੰਚਾਉਣਾ ਹੈ।
ਬ੍ਰਹਮ ਗਿਆਨ ਕਿਸੇ ਵਿਸ਼ੇਸ਼ ਵਰਗ, ਜਾਤ-ਪਾਤ, ਅਮੀਰ-ਗਰੀਬ ਜਾਂ ਛੋਟੇ-ਵੱਡੇ ਤੱਕ ਸੀਮਿਤ ਨਹੀਂ, ਸਗੋਂ ਇਹ ਹਰ ਮਨੁੱਖ ਲਈ ਆਸਾਨੀ ਨਾਲ ਪ੍ਰਾਪਤ ਹੋਣ ਵਾਲੀ ਦਾਤ ਹੈ। ਉਨ੍ਹਾਂ ਨੇ ਬੱਚਿਆਂ ਅਤੇ ਸੰਗਤ ਨੂੰ ਰੋਜ਼ਾਨਾ ਸਿਮਰਨ “ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖ਼ਸ਼ ਲੈ” ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸੰਗਤ ਨਾਲ ਜੋੜਨ ਤਾਂ ਜੋ ਉਨ੍ਹਾਂ ਵਿੱਚ ਆਧਿਆਤਮਿਕ ਸੰਸਕਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਮਨੁੱਖਤਾ ਦੀ ਭਾਵਨਾ ਦਾ ਵਿਕਾਸ ਹੋ ਸਕੇ।
ਉਨ੍ਹਾਂ ਕਿਹਾ ਕਿ ਆਧਿਆਤਮਿਕਤਾ ਦੇ ਨਾਲ-ਨਾਲ ਸਿੱਖਿਆ ਵੀ ਜੀਵਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਬੱਚਿਆਂ ਨੂੰ ਆਪਣੀ ਪੜ੍ਹਾਈ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ, ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰ ਵਿਸ਼ੇ ਨੂੰ ਇੱਕਸਮਾਨ ਮਹੱਤਵ ਦੇ ਕੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਸਿਹਤ ਅਤੇ ਸਫ਼ਾਈ ਦੇ ਮਹੱਤਵ 'ਤੇ ਚਾਨਣ ਪਾਉਂਦਿਆਂ ਉਨ੍ਹਾਂ ਨੇ ਬੱਚਿਆਂ ਨੂੰ ਨਿਯਮਿਤ ਕਸਰਤ ਕਰਨ, ਸਾਫ਼-ਸਫ਼ਾਈ ਬਣਾਈ ਰੱਖਣ ਅਤੇ ਸੰਤੁਲਿਤ ਤੇ ਪੋਸ਼ਟਿਕ ਭੋਜਨ ਅਪਣਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਫਲ, ਸਲਾਦ, ਹਰੀਆਂ ਸਬਜ਼ੀਆਂ ਅਤੇ ਦਾਲਾਂ ਸਿਹਤ ਲਈ ਲਾਭਦਾਇਕ ਹਨ, ਜਦਕਿ ਜੰਕ ਫੂਡ ਤੋਂ ਸੰਭਵ ਹੱਦ ਤੱਕ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਮੋਬਾਈਲ ਫੋਨ ਅਤੇ ਟੈਲੀਵਿਜ਼ਨ 'ਤੇ ਵੱਧ ਸਮਾਂ ਬਿਤਾਉਣ ਦੀ ਬਜਾਏ ਖੇਡਾਂ, ਰਚਨਾਤਮਕ ਗਤੀਵਿਧੀਆਂ ਅਤੇ ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਜੀਵਨ ਦੇ ਦੋ ਮੁੱਖ ਟੀਚੇ ਹੋਣੇ ਚਾਹੀਦੇ ਹਨ ਪਹਿਲਾ, ਨਿਰੰਕਾਰ ਪਰਮਾਤਮਾ ਨਾਲ ਜੁੜ ਕੇ ਆਧਿਆਤਮਿਕ ਉੱਨਤੀ ਪ੍ਰਾਪਤ ਕਰਨੀ ਅਤੇ ਦੂਜਾ, ਸਿੱਖਿਆ ਦੇ ਮਾਧਿਅਮ ਨਾਲ ਵਿਦਵਾਨ ਅਤੇ ਸੰਸਕਾਰੀ ਨਾਗਰਿਕ ਬਣਨਾ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰੋਗਰਾਮ ਦੀ ਸਫਲਤਾ ਸਾਂਝੇ ਯਤਨਾਂ, ਸਹਿਯੋਗ ਅਤੇ ਸਮਰਪਣ ਨਾਲ ਹੀ ਸੰਭਵ ਹੁੰਦੀ ਹੈ। ਇਸ ਤੋਂ ਪਹਿਲਾਂ ਸੈਕਟਰ-45 ਏਰੀਆ ਦੇ ਮੁਖੀ ਸ੍ਰੀ ਐਨ.ਕੇ. ਗੁਪਤਾ ਜੀ ਨੇ ਮੌਕੇ 'ਤੇ ਹਾਜ਼ਰ ਸਾਰੇ ਬੱਚਿਆਂ, ਨੌਜਵਾਨਾਂ, ਮਹਿਲਾਵਾਂ ਅਤੇ ਪੁਰਸ਼ਾਂ ਦਾ ਇੱਥੇ ਪਹੁੰਚਣ ਅਤੇ ਬੱਚਿਆਂ ਵਿੱਚ ਉਤਸ਼ਾਹ ਬਣਾਈ ਰੱਖਣ ਲਈ ਧੰਨਵਾਦ ਕੀਤਾ।