5 Dariya News

225 ਨਿਰੰਕਾਰੀ ਸ਼ਰਧਾਲੂਆਂ ਨੇ ਰਕਤਦਾਨ ਕਰਕੇ ਕੀਤੀ ਮਨੁੱਖਤਾ ਦੀ ਸੇਵਾ

5 Dariya News

ਪੰਚਕੂਲਾ 14-Jun-2026

ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਵਿੱਤਰ ਅਸੀਸਾਂ ਸਦਕਾ ਅੱਜ "ਵਿਸ਼ਵ ਰਕਤਦਾਤਾ ਦਿਵਸ" ਦੇ ਮੌਕੇ 'ਤੇ ਸੈਕਟਰ-9 ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਰਕਤਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸੰਤ ਨਿਰੰਕਾਰੀ ਚੈਰਿਟੇਬਲ ਫਾਊਂਡੇਸ਼ਨ ਦੇ ਤਹਿਤ ਆਯੋਜਿਤ ਇਸ ਕੈਂਪ ਵਿੱਚ ਕੁੱਲ 225 ਸ਼ਰਧਾਲੂਆਂ ਨੇ ਰਕਤਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਇੱਕ ਸ਼੍ਰੇਸ਼ਠ ਯੋਗਦਾਨ ਪਾਇਆ।

ਇਸ ਰਕਤਦਾਨ ਕੈਂਪ ਨੂੰ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦਾ ਸਹਿਯੋਗ ਵੀ ਪ੍ਰਾਪਤ ਹੋਇਆ। ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ ਨੇ ਕਿਹਾ ਕਿ ਸਾਲ 1986 ਤੋਂ ਲੈ ਕੇ ਅੱਜ ਤੱਕ 9,000 ਤੋਂ ਵੱਧ ਰਕਤਦਾਨ ਕੈਂਪਾਂ ਰਾਹੀਂ ਲਗਭਗ 15 ਲੱਖ ਯੂਨਿਟ ਖੂਨ ਮਨੁੱਖੀ ਭਲਾਈ ਲਈ ਸਮਰਪਿਤ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਜ਼ੋਨ ਵਿੱਚ ਇਸ ਸਾਲ 20 ਰਕਤਦਾਨ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਲਗਭਗ 3,500 ਯੂਨਿਟ ਖੂਨ ਇਕੱਠਾ ਹੋਣ ਦਾ ਅਨੁਮਾਨ ਹੈ।

ਅੱਜ ਵਿਸ਼ਵ ਰਕਤਦਾਤਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਇਸ ਸਾਲ ਦੇ ਅਭਿਆਨ ਦਾ ਸੰਦੇਸ਼ ਹੈ - "ਮਨੁੱਖਤਾ ਦੀ ਇੱਕ ਬੂੰਦ। ਰਕਤਦਾਨ ਕਰੋ। ਜੀਵਨ ਬਚਾਓ।" ਇਸ ਲਈ ਸੰਤ ਨਿਰੰਕਾਰੀ ਮਿਸ਼ਨ ਵਿੱਚ ਰਕਤਦਾਨ ਨੂੰ ਸਿਰਫ਼ ਸਮਾਜਿਕ ਸੇਵਾ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਮੰਨਿਆ ਜਾਂਦਾ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਈ ਮੌਕਿਆਂ 'ਤੇ ਇਹ ਸੰਦੇਸ਼ ਦਿੱਤਾ ਹੈ ਕਿ ਰਕਤਦਾਨ ਅਜਿਹਾ ਦਾਨ ਹੈ ਜੋ ਸਿੱਧੇ ਤੌਰ 'ਤੇ ਕਿਸੇ ਵਿਅਕਤੀ ਨੂੰ ਨਵਾਂ ਜੀਵਨ ਦੇ ਸਕਦਾ ਹੈ।

ਸ੍ਰੀ ਨਿਰੰਕਾਰੀ ਜੀ ਨੇ ਅੱਗੇ ਕਿਹਾ ਕਿ ਰਕਤਦਾਨ ਤੋਂ ਇਲਾਵਾ ਨਿਰੰਕਾਰੀ ਮਿਸ਼ਨ ਵੱਲੋਂ ਸਮੇਂ-ਸਮੇਂ 'ਤੇ ਸਫ਼ਾਈ ਅਭਿਆਨ, ਰੁੱਖ ਲਗਾਉਣ ਦੀਆਂ ਮੁਹਿੰਮਾਂ ਅਤੇ ਪ੍ਰੋਜੈਕਟ ਅੰਮ੍ਰਿਤ ਤਹਿਤ ਸਾਫ਼ ਪਾਣੀ ਸੰਬੰਧੀ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ। ਨਿਰੰਕਾਰੀ ਭਵਨਾਂ ਵਿੱਚ ਸਿਲਾਈ-ਕੜ੍ਹਾਈ ਕੇਂਦਰ ਅਤੇ ਮੁਫ਼ਤ ਚੈਰਿਟੇਬਲ ਡਿਸਪੈਂਸਰੀਆਂ ਵੀ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਐਤਵਾਰ, 21-06-2026 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵੀ ਲਗਭਗ ਸਾਰੇ ਨਿਰੰਕਾਰੀ ਭਵਨਾਂ ਵਿੱਚ ਮਨਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਪ੍ਰੇਰਣਾ "ਮਨੁੱਖ ਦਾ ਖੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ" ਦੇ ਅਨੁਸਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅੱਜ ਵੀ ਮਨੁੱਖਤਾ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਸਭ ਨੂੰ ਇਸ ਮਹਾਨ ਦਾਨ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਮੌਕੇ ਪੰਚਕੂਲਾ ਦੇ ਸੰਯੋਜਕ ਸ੍ਰੀ ਐਸ. ਕੇ. ਸੋਨੀ ਜੀ ਨੇ ਚੰਡੀਗੜ੍ਹ ਦੇ ਜ਼ੋਨਲ ਇੰਚਾਰਜ ਸਮੇਤ ਸਾਰੇ ਰਕਤਦਾਤਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰੀ ਮਨੁੱਖਤਾ ਹੀ ਸਾਡਾ ਪਰਿਵਾਰ ਹੈ।

ਜਦੋਂ ਅਸੀਂ ਰਕਤਦਾਨ ਕਰਦੇ ਹਾਂ ਤਾਂ ਅਸੀਂ ਕਿਸੇ ਦੇ ਜੀਵਨ ਵਿੱਚ ਆਸ ਦੀ ਜੋਤ ਜਗਾਉਂਦੇ ਹਾਂ। ਇਹੀ ਸੱਚੀ ਇਨਸਾਨੀਅਤ ਅਤੇ ਸੇਵਾ ਦਾ ਮਾਰਗ ਹੈ। ਸਿਵਲ ਹਸਪਤਾਲ ਸੈਕਟਰ-6, ਪੰਚਕੂਲਾ ਦੇ ਡਾ. ਅਮਿਤ ਜੀ ਦੀ ਅਗਵਾਈ ਹੇਠ 10 ਮੈਂਬਰੀ ਟੀਮ ਨੇ ਖੂਨ ਦੀਆਂ ਯੂਨਿਟਾਂ ਇਕੱਠੀਆਂ ਕੀਤੀਆਂ। ਇਸ ਮੌਕੇ ਸਥਾਨਕ ਸੇਵਾਦਲ ਨੇ ਵੀ ਭਰਪੂਰ ਸਹਿਯੋਗ ਦਿੱਤਾ।