ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ
ਮਾਨ ਸਰਕਾਰ ਸਮੂਹ ਵਰਗਾਂ ਸਮੇਤ ਇਸਾਈ ਭਾਈਚਾਰੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਗਠਿਤ ਕਰ ਰਹੀ ਹੈ ਜ਼ਿਲ੍ਹਾ ਤੇ ਹਲਕਾ ਪੱਧਰੀ ਭਲਾਈ ਬੋਰਡ: ਧਾਲੀਵਾਲ
5 Dariya News
ਅੰਮ੍ਰਿਤਸਰ/ਅਜਨਾਲਾ 12-Jun-2026
ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਰੰਗਲੇ ਪੰਜਾਬ ਦੀ ਸਿਰਜਣਾ ਲਈ ਮਾਨਸ ਕੀ ਜਾਤਿ ਸਭੇ ਇੱਕੋ ਪਹਿਚਾਨਬੋ ਤਹਿਤ ਸਮੂਹ ਵਰਗਾਂ ਸਮੇਤ ਘੱਟ ਗਿਣਤੀ ਇਸਾਈ ਭਾਈਚਾਰੇ ਦਾ ਵੱਖ ਵੱਖ ਸਹੂਲਤਾਂ ਨਾਲ ਜੀਵਨ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਗਤੀਸ਼ੀਲ ਹੈ ਅਤੇ ਮਾਨ ਸਰਕਾਰ ਨੇ ਇਸਾਈ ਭਾਈਚਾਰੇ ਦੀ ਭਲਾਈ ਲਈ ਅੱਗੇ ਕਦਮ ਵਧਾਉਂਦੇ ਹੋਏ ਰਾਜ ਭਰ ਦੇ ਪਿੰਡਾਂ ਇਸਾਈ ਭਾਈਚਾਰੇ ਦੇ ਕਮਿਊਨਿਟੀ ਉਸਾਰਣ ਲਈ ਗ੍ਰਾਂਟਾਂ ਦੇ ਖੁੱਲੇ ਗੱਫੇ ਜਾਰੀ ਕੀਤੇ ਹਨ।
ਗ੍ਰਾਂਟਾਂ ਦੇ ਜਾਰੀ ਹੋਏ ਖੁੱਲ੍ਹੇ ਗੱਫਿਆਂ ਚੋਂ ਪਹਿਲੇ ਪੜਾਅ ਚ ਵਿਧਾਨ ਸਭਾ ਹਲਕਾ ਅਜਨਾਲਾ ਦੇ 61 ਪਿੰਡਾਂ ਚ ਇਸਾਈ ਕਮਿਊਨਿਟੀ ਹਾਲਾਂ ਦੀ ਉਸਾਰੀ ਲਈ 15.25 ਕਰੋੜ ਪ੍ਰਾਪਤ ਹੋਏ ਹਨ। ਸ. ਧਾਲੀਵਾਲ ਨੇ ਅੱਜ ਇਥੇ ਇਹ ਐਲਾਨ ਹਲਕਾ ਅਜਨਾਲਾ ਦੇ 61 ਪਿੰਡਾਂ ਚ 25 - 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ 61 ਕਮਿਊਨਿਟੀ ਹਾਲਾਂ ਦੀ ਉਸਾਰੀ ਲਈ 15.25 ਕਰੋੜ ਰੁਪਏ ਦੀ ਰਕਮ ਦੇ ਸੈਂਕਸ਼ਨ ਪੱਤਰ ਸੰਬੰਧਿਤ ਗ੍ਰਾਮ ਪੰਚਾਇਤਾਂ ਚ ਵੰਡਣ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਈਸਾਈ ਭਾਈਚਾਰੇ ਦੀ ਸਹੂਲਤ ਲਈ ਮਾਨ ਸਰਕਾਰ ਵੱਲੋਂ ਸਰਕਾਰੀ ਗ੍ਰਾਂਟਾਂ ਨਾਲ ਉਸਾਰੇ ਜਾਣ ਵਾਲੇ ਕਮਿਊਨਿਟੀ ਹਾਲਾਂ ਦੀ ਵਰਤੋਂ ਦੁੱਖ ਸੁੱਖ ਦੇ ਸਮਾਗਮਾਂ, ਵਿਆਹਾਂ, ਪ੍ਰਾਥਨਾਵਾਂ ਤੇ ਭਾਈਚਾਰਕ ਦਰਪੇਸ਼ ਮਾਮਲਿਆਂ ਦੀਆਂ ਮੀਟਿੰਗਾਂ ਲਈ ਕਰ ਸਕਣਗੇ, ਜਿਸ ਦੇ ਨਤੀਜੇ ਵਜੋਂ ਅਜਿਹੇ ਸਮਾਗਮਾਂ ਲਈ ਨਿੱਜੀ ਪੈਲਸ/ਹਾਲ ਕਿਰਾਏ ਤੇ ਲੈਣ ਸਮੇਂ ਹੁੰਦੇ ਵੱਡੇ ਖਰਚਿਆਂ ਦੇ ਬੋਝ ਤੋਂ ਇਸ ਭਾਈਚਾਰੇ ਨੂੰ ਮੁਕਤੀ ਮਿਲੇਗੀ। ਸ ਧਾਲੀਵਾਲ ਨੇ ਸਾਬਕਾ ਸਰਕਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਇਹ ਵੀ ਕਿਹਾ ਕਿ ਸਾਬਕਾ ਸਰਕਾਰਾਂ ਵੱਲੋ ਸਿਰਫ ਵੋਟ ਤੇ ਨੋਟ ਦੀ ਰਾਜਨੀਤੀ ਤਹਿਤ ਕਥਿਤ ਤੌਰ ਤੇ ਸਰਕਾਰੀ ਤੇ ਗੈਰ ਸਰਕਾਰੀ ਖ਼ਜ਼ਾਨੇ ਦੀ ਲੁੱਟ ਖੁਸੱਟ ਲਈ ਲਾਗੂ ਕੀਤੀਆਂ ਪਾੜੋ ਤੇ ਰਾਜ ਕਰੋ ਨੀਤੀਆਂ ਨਾਲ ਪੰਜਾਬ ਚ ਇਕੱਲਾ ਸਮਾਜਿਕ ਪਾੜਾ ਮਜ਼ਬੂਤ ਹੀ ਨਹੀਂ ਹੋਇਆ, ਸਗੋਂ ਇਸਾਈ, ਦਲਿਤ ਤੇ ਹੋਰ ਵਰਗ ਮਾੜੀ ਆਰਥਿਕ ਹਾਲਤ ਨਾਲ ਹਾਸ਼ੀਏ ਤੇ ਧਕੇਲੇ ਗਏ।
ਉਹਨਾਂ ਕਿਹਾ ਕਿ ਈਸਾਈ ਭਾਈਚਾਰੇ ਨੂੰ ਹਰ ਪੱਖੋਂ ਨਿਆਂ ਦੇਣ ਲਈ ਜਿੱਥੇ ਪਹਿਲਾਂ ਰਾਜ ਪੱਧਰੀ ਘੱਟ ਗਿਣਤੀ ਕਮਿਸ਼ਨ ਕਾਰਜਸ਼ੀਲ ਹੈ, ਉਥੇ ਹੁਣ ਪਿੰਡ ਤੇ ਸ਼ਹਿਰ ਪੱਧਰ 'ਤੇ ਇਸਾਈ ਭਾਈਚਾਰੇ ਲਈ ਲਾਗੂ ਭਲਾਈ ਸਕੀਮਾਂ ਦਾ ਕਤਾਰ ਚ ਖੜ੍ਹੇ ਹਰੇਕ ਲਾਭ ਪਾਤਰ ਨੂੰ ਲਾਭ ਯਕੀਨੀ ਬਣਾਉਣ ਲਈ ਅਤੇ ਦਰਪੇਸ਼ ਸਮੱਸਿਆਵਾਂ ਦੇ ਜਲਦੀ ਹੱਲ ਲਈ ਸੂਬੇ ਭਰ ਦੇ ਸਮੂਹ ਜ਼ਿਲ੍ਹਿਆਂ ਚ ਜਿਲ੍ਹਾ ਪੱਧਰੀ ਤੇ ਸੂਬੇ ਭਰ ਦੇ 117 ਵਿਧਾਨ ਸਭਾ ਹਲਕਿਆਂ ਚ ਹਲਕਾ ਪੱਧਰੀ ਸਰਕਾਰੀ ਤੌਰ ਤੇ ਚੇਅਰਮੈਨ, ਸੀਨੀਅਰ ਉਪ ਚੇਅਰਮੈਨ ਤੇ ਉਪ ਚੇਅਰਮੈਨ ਸਮੇਤ 13 - 13 ਮੈਂਬਰੀ ਇਸਾਈ ਭਲਾਈ ਬੋਰਡ ਸਥਾਪਿਤ ਕਰਨ ਲਈ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ।
ਸ. ਧਾਲੀਵਾਲ ਨੇ ਸਮੂਹ ਵਰਗਾਂ ਨੂੰ ਸੂਬਾ ਮਾਨ ਸਰਕਾਰ ਦੇ ਹੱਥ ਮਜ਼ਬੂਤ ਕਰਨ ਦਾ ਜਿਥੇ ਸੱਦਾ ਦਿੱਤਾ ਉਥੇ ਸਪਸ਼ਟ ਕੀਤਾ ਕਿ ਅਗਲੇ ਵਰ੍ਹੇ ਸਾਲ 2027 ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਚ ਵੋਟਰ ਫਤਵੇ ਨਾਲ ਵਿਰੋਧੀ ਰਾਜਸੀ ਪਾਰਟੀਆਂ ਨੂੰ ਚਾਰੋਂ ਖਾਨੇ ਚਿੱਤ ਕਰਕੇ ਘੱਟੋ ਘੱਟੋ 100 ਸੀਟਾਂ ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਮਾਨ ਸਰਕਾਰ ਦਾ ਮੁੜ ਲੋਕ ਭਲਾਈ ਦੀ ਸੰਪੂਰਨ ਕ੍ਰਾਂਤੀ ਲਈ ਸੱਤਾ ਚ ਆਉਣਾ ਯਕੀਨੀ ਹੈ। ਜਿਸਨੂੰ ਕੰਧ ਤੇ ਲਿਖਿਆ ਵਿਰੋਧੀਆਂ ਨੂੰ ਹੁਣ ਤੋਂ ਹੀ ਪੜ੍ਹ ਲੈਣਾ ਚਾਹੀਦਾ ਹੈ।