5 Dariya News

ਯੋਗ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ, ਤੰਦਰੁਸਤ ਜੀਵਨ ਸ਼ੈਲੀ ਅਤੇ ਮਾਨਵ ਕਲਿਆਣ ਦਾ ਅਧਾਰ : ਕ੍ਰਿਸ਼ਨ ਲਾਲ ਪੰਵਾਰ

21 ਜੂਨ ਨੂੰ ਵਿਸ਼ਵ ਦੇ 200 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ

5 Dariya News

ਸੋਨੀਪਤ 12-Jun-2026

ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਸ਼ੁੱਕਰਵਾਰ ਨੂੰ ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ, ਖਾਨਪੁਰ ਕਲਾਂ (ਸੋਨੀਪਤ) ਵਿੱਚ ਜ਼ਿਲ੍ਹਾ ਪੱਧਰੀ ਯੋਗ ਅਭਿਆਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ, ਔਰਤਾਂ, ਸੀਨੀਅਰ ਨਾਗਰਿਕਾਂ, ਅਧਿਕਾਰੀਆਂ ਅਤੇ ਹੋਰ ਭਾਗੀਦਾਰਾਂ ਨਾਲ ਸਮੂਹਿਕ ਯੋਗ ਅਭਿਆਸ ਕੀਤਾ ਅਤੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ।

ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗ ਕੇਵਲ ਸਰੀਰਕ ਕਸਰਤ ਨਹੀਂ ਹੈ, ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਜੋੜਨ ਵਾਲੀ ਭਾਰਤੀ ਸੰਸਕ੍ਰਿਤੀ ਦੀ ਅਮੁੱਲ ਵਿਰਾਸਤ ਹੈ। ਹਜ਼ਾਰਾਂ ਸਾਲਾਂ ਤੋਂ ਯੋਗ ਮਨੁੱਖੀ ਜੀਵਨ ਨੂੰ ਸੰਤੁਲਨ, ਸਕਾਰਾਤਮਕਤਾ, ਆਤਮ-ਵਿਸ਼ਵਾਸ ਅਤੇ ਸਿਹਤ ਦਾ ਰਸਤਾ ਦਿਖਾਉਂਦਾ ਆਇਆ ਹੈ। 

ਅੱਜ ਯੋਗ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਨਿਕਲ ਕੇ ਪੂਰੀ ਦੁਨੀਆ ਵਿੱਚ ਮਾਨਵ ਕਲਿਆਣ ਦਾ ਸਾਧਨ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਸੀਨੀਅਰ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ 'ਤੇ ਅਧਾਰਤ ਹੈ। ਵਧਦੀ ਉਮਰ ਵਿੱਚ ਤੰਦਰੁਸਤ, ਸਰਗਰਮ ਅਤੇ ਸਨਮਾਨਜਨਕ ਜੀਵਨ ਜਿਊਣ ਲਈ ਯੋਗ ਇੱਕ ਪ੍ਰਭਾਵਸ਼ਾਲੀ ਸਾਧਨ ਹੈ। 

ਯੋਗ ਨਾ ਕੇਵਲ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਕਰਦਾ ਹੈ, ਸਗੋਂ ਮਾਨਸਿਕ ਸ਼ਾਂਤੀ, ਊਰਜਾ ਅਤੇ ਆਤਮਬਲ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਬੁਢਾਪੇ ਦੀ ਨੀਂਹ ਜਵਾਨੀ ਵਿੱਚ ਹੀ ਪੈਂਦੀ ਹੈ, ਇਸ ਲਈ ਨੌਜਵਾਨਾਂ ਨੂੰ ਹੁਣੇ ਤੋਂ ਹੀ ਯੋਗ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਵਿਸ਼ਵ ਮੰਚ 'ਤੇ ਸਥਾਪਿਤ ਹੋਇਆ ਯੋਗ

ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਅਤੇ ਯਤਨਾਂ ਸਦਕਾ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਆਪਣੀ ਛਾਪ ਛੱਡ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਪ੍ਰਸਤਾਵ ਨੂੰ ਰਿਕਾਰਡ 177 ਦੇਸ਼ਾਂ ਦਾ ਸਮਰਥਨ ਹਾਸਲ ਹੋਇਆ ਸੀ। 

ਅੱਜ 21 ਜੂਨ ਨੂੰ ਵਿਸ਼ਵ ਦੇ 200 ਤੋਂ ਵੱਧ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ, ਜੋ ਭਾਰਤ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ ਵਿਕਾਸ, ਸੁਸ਼ਾਸਨ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। 

ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਸਫਲ ਅਗਵਾਈ ਦੇ 12 ਸਾਲ ਪੂਰੇ ਕੀਤੇ ਹਨ ਅਤੇ ਦੇਸ਼ ਲਗਾਤਾਰ ਵਿਕਸਤ ਭਾਰਤ ਦੇ ਸੰਕਲਪ ਵੱਲ ਵਧ ਰਿਹਾ ਹੈ।

ਨਾਰੀ ਸ਼ਕਤੀ ਅਤੇ ਨੌਜਵਾਨ ਸ਼ਕਤੀ ਵਿਕਸਤ ਭਾਰਤ ਦੀ ਅਧਾਰਸ਼ਿਲਾ

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਔਰਤ ਸਿਰਫ਼ ਪਰਿਵਾਰ ਹੀ ਨਹੀਂ ਸਗੋਂ ਸਮਾਜ ਅਤੇ ਰਾਸ਼ਟਰ ਨਿਰਮਾਣ ਦੀ ਵੀ ਅਧਾਰਸ਼ਿਲਾ ਹੁੰਦੀ ਹੈ। ਜੇਕਰ ਔਰਤਾਂ ਤੰਦਰੁਸਤ, ਸਿੱਖਿਅਤ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਹੋਣਗੀਆਂ ਤਾਂ ਪੂਰਾ ਸਮਾਜ ਮਜ਼ਬੂਤ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਵਿਕਸਤ ਭਾਰਤ-2047 ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਦੇਸ਼ ਦੀਆਂ ਧੀਆਂ ਅਤੇ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਉਨ੍ਹਾਂ ਨੇ ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਮਹਿਲਾ ਸਿੱਖਿਆ ਅਤੇ ਸਸ਼ਕਤੀਕਰਨ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਚੁੱਕੀ ਹੈ ਅਤੇ ਇੱਥੋਂ ਪੜ੍ਹ ਕੇ ਨਿਕਲਣ ਵਾਲੀਆਂ ਧੀਆਂ ਦੇਸ਼ ਅਤੇ ਸਮਾਜ ਦਾ ਨਾਮ ਰੌਸ਼ਨ ਕਰ ਰਹੀਆਂ ਹਨ।

'ਆਯੂਸ਼ ਵਿਭਾਗ ਅਤੇ ਵਿਆਯਾਮਸ਼ਾਲਾਵਾਂ ਨੂੰ ਮਜ਼ਬੂਤ ਕਰ ਰਹੀ ਹੈ ਸਰਕਾਰ'

ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਯੋਗ ਅਤੇ ਆਯੂਸ਼ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਨਿਰੰਤਰ ਕਾਰਜ ਕਰ ਰਹੀ ਹੈ। ਇਸ ਦੇ ਲਈ ਆਯੂਸ਼ ਵਿਭਾਗ ਦੇ ਬਜਟ ਵਿੱਚ 135 ਕਰੋੜ ਰੁਪਏ ਦਾ ਪ੍ਰੋਵਿਜ਼ਨ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਸੂਬੇ ਭਰ ਦੇ ਲਗਭਗ 6500 ਪਿੰਡਾਂ ਵਿੱਚ ਵਿਆਯਾਮਸ਼ਾਲਾਵਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 883 ਵਿਆਯਾਮਸ਼ਾਲਾਵਾਂ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ 859 ਆਯੂਸ਼ ਯੋਗ ਸਹਾਇਕਾਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਸੂਬੇ ਵਿੱਚ 397 ਆਯੂਸ਼ ਡਿਸਪੈਂਸਰੀਆਂ ਅਤੇ 109 ਉਪ-ਸਿਹਤ ਕੇਂਦਰ ਵੀ ਚਲਾਏ ਜਾ ਰਹੇ ਹਨ।

'ਪਿੰਡ-ਪਿੰਡ ਵਿੱਚ ਬਣਨਗੀਆਂ ਅਟਲ ਈ-ਲਾਈਬ੍ਰੇਰੀਆਂ ਅਤੇ ਇੰਡੋਰ ਜਿਮ'

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ 6225 ਗ੍ਰਾਮ ਪੰਚਾਇਤਾਂ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਅਟਲ ਈ-ਲਾਈਬ੍ਰੇਰੀਆਂ ਸਥਾਪਿਤ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਲਾਈਬ੍ਰੇਰੀਆਂ ਵਿੱਚ ਕੰਪਿਊਟਰ, ਏਅਰ-ਕੰਡੀਸ਼ਨਡ ਸਟੱਡੀ ਰੂਮ, ਫਰਨੀਚਰ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ, ਤਾਂ ਜੋ ਪੇਂਡੂ ਖੇਤਰ ਦੇ ਨੌਜਵਾਨਾਂ ਨੂੰ ਬਿਹਤਰ ਪੜ੍ਹਾਈ ਦੀਆਂ ਸਹੂਲਤਾਂ ਮਿਲ ਸਕਣ। 

ਉਨ੍ਹਾਂ ਨੇ ਯੂ.ਪੀ.ਐਸ.ਸੀ. ਦੇ ਨਤੀਜਿਆਂ ਵਿੱਚ ਹਰਿਆਣਾ ਦੇ 37 ਨੌਜਵਾਨਾਂ ਦੀ ਚੋਣ ਹੋਣ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਭਵਿੱਖ ਵਿੱਚ ਸੂਬੇ ਦੇ 37 ਤੋਂ ਵੀ ਵੱਧ ਬੱਚਿਆਂ ਦੀ ਚੋਣ ਯੂ.ਪੀ.ਐਸ.ਸੀ. ਵਿੱਚ ਹੋਵੇ। ਜਦੋਂ ਸਾਰੇ ਬੱਚੇ ਆਪਣਾ ਟੀਚਾ ਨਿਰਧਾਰਤ ਕਰਕੇ ਮਿਹਨਤ ਕਰਦੇ ਹਨ, ਤਾਂ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੇਂਡੂ ਨੌਜਵਾਨਾਂ ਅਤੇ ਔਰਤਾਂ ਨੂੰ ਫਿਟਨੈਸ ਲਈ ਪ੍ਰੇਰਿਤ ਕਰਨ ਵਾਸਤੇ ਪਿੰਡਾਂ ਵਿੱਚ ਇੰਡੋਰ ਜਿਮ ਸਥਾਪਿਤ ਕੀਤੇ ਜਾ ਰਹੇ ਹਨ। 

ਸਰਕਾਰ ਦਾ ਟੀਚਾ ਹੈ ਕਿ ਹਰੇਕ ਪਿੰਡ ਵਿੱਚ ਖੇਡਾਂ, ਸਿੱਖਿਆ ਅਤੇ ਸਿਹਤ ਨਾਲ ਜੁੜੀਆਂ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾਣ।

'ਧੀਆਂ ਟੀਚਾ ਨਿਰਧਾਰਤ ਕਰਨ, ਸਫਲਤਾ ਯਕੀਨੀ ਮਿਲੇਗੀ'

ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਵਿਦਿਆਰਥੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਟੀਚਾ ਨਿਰਧਾਰਤ ਕਰਨਾ ਬਹੁਤ ਜ਼ਰੂਰੀ ਹੈ। ਜੋ ਵਿਦਿਆਰਥੀ ਆਪਣੇ ਜੀਵਨ ਦਾ ਸਪਸ਼ਟ ਟੀਚਾ ਤੈਅ ਕਰ ਲੈਂਦੇ ਹਨ, ਉਹ ਯਕੀਨੀ ਤੌਰ 'ਤੇ ਸਫਲਤਾ ਪ੍ਰਾਪਤ ਕਰਦੇ ਹਨ। 

ਉਨ੍ਹਾਂ ਨੇ ਨੌਜਵਾਨਾਂ ਨੂੰ ਪੜ੍ਹਾਈ, ਖੇਡਾਂ ਅਤੇ ਯੋਗ ਦੇ ਮਾਧਿਅਮ ਰਾਹੀਂ ਆਪਣੀ ਸ਼ਖਸੀਅਤ ਦਾ ਵਿਕਾਸ ਕਰਨ ਦਾ ਸੱਦਾ ਦਿੱਤਾ। ਇਸ ਮੌਕੇ 'ਤੇ ਵਿਧਾਇਕ ਪਵਨ ਖਰਖੌਦਾ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦੀ ਅਮੁੱਲ ਵਿਰਾਸਤ ਹੈ, ਜੋ ਮਨੁੱਖ ਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੌਰ 'ਤੇ ਤੰਦਰੁਸਤ ਬਣਾਉਣ ਦਾ ਕਾਰਜ ਕਰਦਾ ਹੈ। 

ਉਨ੍ਹਾਂ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜੀਵਨ ਸ਼ੈਲੀ ਵਿੱਚ ਯੋਗ ਨੂੰ ਰੋਜ਼ਾਨਾ ਦੀ ਦਿਨਚਰਿਆ ਦਾ ਹਿੱਸਾ ਬਣਾਉਣਾ ਸਮੇਂ ਦੀ ਲੋੜ ਹੈ। ਯੋਗ ਨਾ ਕੇਵਲ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਕਰਦਾ ਹੈ, ਸਗੋਂ ਸਕਾਰਾਤਮਕ ਸੋਚ, ਆਤਮ-ਵਿਸ਼ਵਾਸ ਅਤੇ ਮਾਨਸਿਕ ਸ਼ਾਂਤੀ ਵੀ ਪ੍ਰਦਾਨ ਕਰਦਾ ਹੈ। 

ਉਨ੍ਹਾਂ ਨੇ ਨੌਜਵਾਨਾਂ, ਔਰਤਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਨਿਯਮਿਤ ਤੌਰ 'ਤੇ ਯੋਗ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੰਦਰੁਸਤ ਵਿਅਕਤੀ ਹੀ ਤੰਦਰੁਸਤ ਪਰਿਵਾਰ, ਤੰਦਰੁਸਤ ਸਮਾਜ ਅਤੇ ਵਿਕਸਤ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਨੇਹਾ ਸਿੰਘ, ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਸੁਦੇਸ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਵਿਦਿਆਰਥੀ, ਔਰਤਾਂ ਅਤੇ ਵੱਡੀ ਗਿਣਤੀ ਵਿੱਚ ਨਾਗਰਿਕ ਮੌਜ਼ੂਦ ਸਨ।