ਹਰਿਆਣਾ ਦੇ 23 ਜ਼ਿਲ੍ਹਿਆਂ ਦੇ 1100 ਸ਼ਰਧਾਲੂਆਂ ਨੇ ਹੱਥ ਵਿੱਚ ਦੀਵੇ ਜਗਾ ਕੇ ਕੀਤੀ ਸੋਮਨਾਥ ਦੀ ਅਰਾਧਨਾ
22 ਮਿੰਟ ਦੀ ਸ਼੍ਰੀ ਸੋਮਨਾਥ ਮਹਾਂਆਰਤੀ ਦੌਰਾਨ ਭਗਤੀ ਭਾਵ ਵਿੱਚ ਡੁੱਬੇ ਹਰਿਆਣਾ ਦੇ ਸ਼ਰਧਾਲੂ
5 Dariya News
ਚੰਡੀਗੜ੍ਹ 11-Jun-2026
ਹਰਿਆਣਾ ਦੇ 23 ਜ਼ਿਲ੍ਹਿਆਂ ਤੋਂ ਗੁਜਰਾਤ ਦੇ ਸੋਮਨਾਥ ਮੰਦਿਰ ਪਹੁੰਚੇ ਲਗਭਗ 1100 ਸ਼ਰਧਾਲੂਆਂ ਨੇ ਬੁੱਧਵਾਰ ਸ਼ਾਮ ਨੂੰ ਹੱਥ ਵਿੱਚ ਦੀਵੇ ਜਗਾ ਕੇ ਭਗਵਾਨ ਸੋਮਨਾਥ ਦੀ ਮਹਾਂਆਰਤੀ ਵਿੱਚ ਸ਼ਿਰਕਤ ਕੀਤੀ। ਅਰਬ ਸਾਗਰ ਦੀਆਂ ਲਹਿਰਾਂ ਦੀ ਗਰਜ ਦੇ ਵਿਚਕਾਰ ਆਯੋਜਿਤ ਇਸ ਮਹਾਂਆਰਤੀ ਦਾ ਦ੍ਰਿਸ਼ ਇੰਨਾ ਮਨਮੋਹਕ ਸੀ ਕਿ ਹਰ ਵਿਅਕਤੀ ਕਿਸੇ ਅਲੌਕਿਕ ਅਹਿਸਾਸ ਦੇ ਨਾਲ ਭਗਤੀ ਭਾਵ ਵਿੱਚ ਡੁੱਬਿਆ ਹੋਇਆ ਸੀ।
ਇਸ ਦੌਰਾਨ ਹਰਿਆਣਾ ਦੇ ਸ਼ਰਧਾਲੂ 45 ਮਿੰਟ ਦੇ ਲਾਈਟ ਐਂਡ ਸਾਊਂਡ ਰਾਹੀਂ ਸ਼੍ਰੀ ਸੋਮਨਾਥ ਮੰਦਿਰ ਦੇ ਅਦਭੁਤ ਅਤੇ ਵਿਲੱਖਣ ਇਤਿਹਾਸ ਤੋਂ ਵੀ ਜਾਣੂ ਹੋਏ। ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ, ਹਰਿਆਣਾ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਭੇਜੇ ਗਏ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਆਦਿ ਸੋਮਨਾਥ ਮੰਦਿਰ ਟਰੱਸਟ ਦੇ ਮੈਨੇਜਰ ਅਨਿਲ ਮਿਸਤਰੀ ਨੂੰ ਭੇਂਟ ਕੀਤੇ। ਮੰਦਿਰ ਟਰੱਸਟ ਨੇ ਆਰਤੀ ਦੌਰਾਨ ਹਰਿਆਣਾ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ।
ਵਰਨਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 8 ਜੂਨ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 1100 ਸ਼ਰਧਾਲੂਆਂ ਦੀ ਵਿਸ਼ੇਸ਼ ਟ੍ਰੇਨ ਨੂੰ ਕੁਰੂਕਸ਼ੇਤਰ ਤੋਂ ਹਰੀ ਝੰਡੀ ਦਿਖਾ ਕੇ ਗੁਜਰਾਤ ਦੇ ਸੋਮਨਾਥ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਸੀ। ਇਸ ਯਾਤਰਾ ਦੇ ਸ਼ਰਧਾਲੂਆਂ ਨੇ ਬੁੱਧਵਾਰ ਨੂੰ ਸੋਮਨਾਥ ਮੰਦਿਰ ਪਹੁੰਚ ਕੇ ਭਗਵਾਨ ਸੋਮਨਾਥ ਦੇ ਦਰਸ਼ਨ ਕੀਤੇ।
ਇੱਥੇ ਸੋਮਨਾਥ ਮੰਦਿਰ ਟਰੱਸਟ ਅਤੇ ਗੁਜਰਾਤ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਸੋਮਨਾਥ ਦਰਸ਼ਨ ਅਤੇ ਜਲਾਭਿਸ਼ੇਕ ਕਰਵਾਉਣ ਲਈ ਵੀ.ਆਈ.ਪੀ. ਪ੍ਰਬੰਧ ਕੀਤੇ ਗਏ ਸਨ। ਵੀ.ਆਈ.ਪੀ. ਪ੍ਰਬੰਧਾਂ ਦੇ ਵਿਚਕਾਰ ਲਗਭਗ 1100 ਸ਼ਰਧਾਲੂਆਂ ਅਤੇ ਸੂਚਨਾ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਤੇ ਸਟਾਫ਼ ਦੇ ਮੈਂਬਰਾਂ ਨੇ ਪਹਿਲੇ ਜਿਓਤਿਰਲਿੰਗ ਦੇ ਦਰਸ਼ਨ ਕੀਤੇ ਅਤੇ ਸ਼ਿਵਲਿੰਗ 'ਤੇ ਜਲਾਭਿਸ਼ੇਕ ਕੀਤਾ।
ਸਾਰੇ ਸ਼ਰਧਾਲੂਆਂ ਨੂੰ ਗੁਜਰਾਤ ਸਰਕਾਰ ਅਤੇ ਟਰੱਸਟ ਵੱਲੋਂ ਅੰਗ ਵਸਤਰ ਅਤੇ ਪ੍ਰਸਾਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਮੰਦਿਰ ਕੰਪਲੈਕਸ ਵਿੱਚ ਭਗਵਾਨ ਸੋਮਨਾਥ ਦੀ 22 ਮਿੰਟ ਦੀ ਮਹਾਂਆਰਤੀ ਵਿੱਚ ਸ਼ਰਧਾਲੂਆਂ ਨੇ ਹੱਥਾਂ ਵਿੱਚ ਬਲਦੇ ਹੋਏ ਦੀਵੇ ਲੈ ਕੇ ਸ਼ਮੂਲੀਅਤ ਕੀਤੀ ਅਤੇ ਸੂਬੇ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ।
ਇਸ ਤੋਂ ਬਾਅਦ ਸ਼ਰਧਾਲੂਆਂ ਨੂੰ ਸੋਮਨਾਥ ਮੰਦਿਰ 'ਤੇ ਆਧਾਰਿਤ ਡਾਕੂਮੈਂਟਰੀ ਫ਼ਿਲਮਾਂ ਦਿਖਾਈਆਂ ਗਈਆਂ। ਇਹਨਾਂ ਰਾਹੀਂ ਸ਼੍ਰੀ ਸੋਮਨਾਥ ਮੰਦਿਰ ਦੇ 1000 ਸਾਲ ਦੇ ਇਤਿਹਾਸ, ਆਜ਼ਾਦੀ ਤੋਂ ਬਾਅਦ ਮੰਦਿਰ ਦੇ ਪੁਨਰ-ਨਿਰਮਾਣ ਲਈ ਕੀਤੇ ਗਏ ਕਾਰਜਾਂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸੋਮਨਾਥ ਸਵਾਭੀਮਾਨ ਪੁਰਬ ਅਤੇ ਹੋਰ ਯਤਨਾਂ ਤੇ ਉਹਨਾਂ ਦੇ ਸੰਦੇਸ਼ ਨੂੰ ਦਿਖਾਇਆ ਗਿਆ।
ਇਸ ਤੋਂ ਬਾਅਦ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਵਿਦੇਸ਼ੀ ਹਮਲਾਵਰਾਂ ਵੱਲੋਂ ਸਮੇਂ-ਸਮੇਂ 'ਤੇ ਕੀਤੇ ਗਏ ਮੰਦਿਰ ਦੇ ਵਿਨਾਸ਼ ਦੀ ਕਹਾਣੀ ਦੇ ਨਾਲ-ਨਾਲ ਸ਼ਿਵ ਭਗਤਾਂ, ਮਹਾਨ ਸ਼ਖਸੀਅਤਾਂ ਅਤੇ ਸਰਕਾਰ ਵੱਲੋਂ ਕੀਤੇ ਗਏ ਪੁਨਰ-ਨਿਰਮਾਣ ਦੇ ਕੰਮਾਂ ਨੂੰ ਖ਼ੂਬਸੂਰਤੀ ਨਾਲ ਦਰਸਾਇਆ ਗਿਆ। ਹਰਿਆਣਾ ਦੇ ਸ਼ਰਧਾਲੂਆਂ ਨੂੰ ਸ਼੍ਰੀ ਸੋਮਨਾਥ ਮੰਦਿਰ ਦੇ ਆਲੇ-ਦੁਆਲੇ ਦੇ ਤੀਰਥਾਂ ਅਤੇ ਮੰਦਿਰਾਂ ਦੇ ਦਰਸ਼ਨ ਵੀ ਕਰਵਾਏ ਗਏ।
ਗੁਜਰਾਤ ਵਿੱਚ ਸ਼ਰਧਾਲੂਆਂ ਲਈ ਖਾਣ, ਰਹਿਣ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਕੀਤੇ ਗਏ ਸਨ। ਸਾਰੇ ਸ਼ਰਧਾਲੂਆਂ ਨੇ ਖੁੱਲ੍ਹੇ ਦਿਲ ਨਾਲ ਇਹਨਾਂ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਭੇਜੇ ਗਏ ਯਾਦਗਾਰੀ ਚਿੰਨ੍ਹ, ਸ਼ਾਲ ਆਦਿ ਟਰੱਸਟ ਦੇ ਮੈਨੇਜਰ ਅਨਿਲ ਮਿਸਤਰੀ ਨੂੰ ਭੇਂਟ ਕੀਤੇ ਗਏ।
ਇਸ ਮੌਕੇ ਆਈ.ਪੀ.ਆਰ.ਓ. ਸਤਪਾਲ ਸਿੰਘ, ਕੁਰੂਕਸ਼ੇਤਰ ਦੇ ਡੀ.ਆਈ.ਪੀ.ਆਰ.ਓ. ਡਾ. ਨਰਿੰਦਰ ਸਿੰਘ, ਭਿਵਾਨੀ ਦੇ ਡੀ.ਆਈ.ਪੀ.ਆਰ.ਓ. ਸੁਰਿੰਦਰ ਕੁਮਾਰ, ਸੁਪਰਡੈਂਟ ਹਾਕਿਮ ਸਿੰਘ, ਏ.ਆਈ.ਪੀ.ਆਰ.ਓ. ਬਲਰਾਮ ਸ਼ਰਮਾ, ਏ.ਆਈ.ਪੀ.ਆਰ.ਓ. ਅਕਸ਼ੈ ਕੁਮਾਰ, ਯੂਥ ਵਿਕਾਸ ਅਫ਼ਸਰ ਅਸ਼ਵਿਨ ਸੋਲੰਕੀ, ਜ਼ਿਲ੍ਹਾ ਵਿਕਾਸ ਜ਼ਿਲ੍ਹਾ ਯੂਥ ਵਿਕਾਸ ਅਫ਼ਸਰ ਗੁਜਰਾਤ ਹਰੀਸ਼ ਕੁਮਾਰ, ਸਟੇਅ ਵੈੱਲ ਕੰਪਨੀ ਦੇ ਅਧਿਕਾਰੀ ਜੈਦੀਪ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।