5 Dariya News

ਰੈਡ ਕਰਾਸ ਸੁਸਾਇਟੀ ਵਲੋਂ ਖੂਨਦਾਨ ਕੈਂਪ ‘ਚ 111 ਯੂਨਿਟ ਕੀਤੇ ਇੱਕਤਰ

5 Dariya News

ਹੁਸ਼ਿਆਰਪੁਰ 09-Jun-2026

ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਸਥਾਨਕ ਸੈਂਚੁਰੀ ਪਲਾਈਬੋਰਡਸ ਵਿਖੇ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਕੰਪਨੀ ਦੇ ਸਮੂਹ ਮੁਲਾਜ਼ਮਾਂ ਵੱਲੋਂ 111 ਯੂਨਿਟ ਖੂਨ ਦਾਨ ਕੀਤਾ ਗਿਆ। ਕੈਂਪ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਆਸ਼ਿਕਾ ਜੈਨ ਨੇ ਕੀਤਾ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਖੂਨਦਾਨੀਆਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਅਜਿਹਾ ਮਹਾਨ ਦਾਨ ਹੈ, ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਕੀਮਤੀ ਜਾਨਾਂ ਬਚਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਸੈਂਚੁਰੀ ਪਲਾਈਬੋਰਡਸ ਦੀ ਪੂਰੀ ਲੀਡਰਸ਼ਿਪ, ਸਟਾਫ਼ ਅਤੇ ਪ੍ਰਬੰਧਕਾਂ ਦਾ ਇਸ ਪਹਿਲਕਦਮੀ ਲਈ ਦਿਲੋਂ ਧੰਨਵਾਦ ਕੀਤਾ। 

ਜ਼ਿਕਰਯੋਗ ਹੈ ਕਿ ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਅਨੂਪ ਸ਼ਰਮਾ (ਪਲਾਂਟ ਹੈੱਡ), ਭੁਪਿੰਦਰ ਸਿੰਘ ਜਸਵਾਲ (ਐਡਮਿਨ ਹੈੱਡ),  ਸੁਨੀਲ ਸ਼ੇਖਾਵਤ (ਹੈੱਡ ਮੈਨੂਫੈਕਚਰਿੰਗ ਅਤੇ ਆਰ ਐਂਡ ਡੀ), ਅਪੂਰਵਾ ਸੁਦਾਨੀ (ਜੀਐਮ ਹੈੱਡ ਕਮਰਸ਼ੀਅਲ), ਉਪਿੰਦਰਾ ਤ੍ਰਿਪਾਠੀ (ਤਕਨੀਕੀ ਹੈੱਡ), ਰੋਹਿਤ ਸ਼ਰਮਾ (ਮੈਨੇਜਰ ਐਚਆਰ), ਡਾ. ਸ਼ਿਵਮ ਅੰਗਰੀਸ਼ (ਡਾਕਟਰ, ਸੈਂਚੁਰੀ ਪਲਾਈਬੋਰਡਸ), ਸਿਵਲ ਹਸਪਤਾਲ ਦੀ ਮੈਡੀਕਲ ਟੀਮ, ਰੈੱਡ ਕਰਾਸ ਦੇ ਸਮੁੱਚੇ ਸਟਾਫ਼ ਅਤੇ ਅਮਿਤ ਚੌਹਾਨ (ਅਸਿਸਟੈਂਟ ਮੈਨੇਜਰ ਜੀਆਰ) ਸਮੇਤ ਸਮੁੱਚੀ ਟੀਮ ਦਾ ਬੇਹੱਦ ਸਹਿਯੋਗ ਰਿਹਾ। ਡਿਪਟੀ ਕਮਿਸ਼ਨਰ ਨੇ ਖੂਨਦਾਨੀਆਂ ਨੂੰ ਮੈਡਲ,ਸਰਟੀਫੀਕੇਟ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ।

ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਹੁਸ਼ਿਆਰਪੁਰ ਦੇ ਵੱਖ-ਵੱਖ ਉਦਯੋਗਾਂ ਅਤੇ ਫੈਕਟਰੀਆਂ ਵਿੱਚ ਲਗਾਤਾਰ ਫਸਟ ਏਡ ਟ੍ਰੇਨਿੰਗ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਸਿਖਿਆਰਥੀਆਂ ਨੂੰ ਖੂਨਦਾਨ ਕਰਨ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਦੁਆਰਾ ਉਦਯੋਗਿਕ ਖੇਤਰਾਂ ਨੂੰ ਖੂਨਦਾਨ ਮੁਹਿੰਮ ਨਾਲ ਜੋੜਨ ਲਈ ਨਵੀਂ ਪਹਿਲ ਕੀਤੀ ਗਈ ਹੈ ਜਿਸ ਤਹਿਤ ਸਭ ਤੋਂ ਪਹਿਲਾਂ ਸੈਂਚੁਰੀ ਪਲਾਈਬੋਰਡਸ ਨੇ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਹੈ। 

ਰੈੱਡ ਕਰਾਸ ਸੁਸਾਇਟੀ ਦੇ ਸੰਯੁਕਤ ਸਕੱਤਰ ਅਦਿੱਤਿਆ ਰਾਣਾ ਸਮੇਤ ਰੈੱਡ ਕਰਾਸ ਟੀਮ ਵੀ ਇਸ ਮੌਕੇ ਹਾਜ਼ਰ ਸੀ।