5 Dariya News

ਆਦਿ ਗੁਰੂ ਸ਼ੰਕਰਾਚਾਰਿਆ ਸੇਤੂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ, ਸ਼ੰਕਰਾਚਾਰਿਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ ਵੱਲੋਂ ਭੂਮੀ ਪੂਜਨ

8.11 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਹਾਈ ਲੈਵਲ ਪੁਲ, ਹਜ਼ਾਰਾਂ ਲੋਕਾਂ ਤੇ ਸ਼ਰਧਾਲੂਆਂ ਨੂੰ ਮਿਲੇਗੀ ਰਾਹਤ : ਵਿਧਾਇਕ ਬ੍ਰਮ ਸ਼ੰਕਰ ਜਿੰਪਾ

5 Dariya News

ਹੁਸ਼ਿਆਰਪੁਰ 07-Jun-2026

ਸ਼ਹਿਰ ਦੇ ਵਿਕਾਸ, ਧਾਰਮਿਕ ਆਸਥਾ ਅਤੇ ਆਧੁਨਿਕ ਬੁਨਿਆਦੀ ਸਹੂਲਤਾਂ ਨੂੰ ਇੱਕ ਧਾਗੇ ਵਿੱਚ ਪਰੋਣ ਵਾਲੇ ਮਹੱਤਵਪੂਰਨ ਪ੍ਰੋਜੈਕਟ ‘ਆਦਿ ਗੁਰੂ ਸ਼ੰਕਰਾਚਾਰਿਆ ਸੇਤੂ’ ਦੇ ਨਿਰਮਾਣ ਕਾਰਜ ਦਾ ਐਤਵਾਰ ਨੂੰ ਰਸਮੀ ਸ਼ੁਰੂਆਤ ਕੀਤੀ ਗਈ। ਆਦਿ ਗੁਰੂ ਸ਼ੰਕਰਾਚਾਰਿਆ ਚੌਂਕ ਵਿਖੇ ਆਯੋਜਿਤ ਸਮਾਗਮ ਦੌਰਾਨ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਗੋਵਰਧਨ ਮਠ ਪੁਰੀ ਪੀਠਾਧੀਸ਼ਵਰ ਜਗਦਗੁਰੂ ਸ਼ੰਕਰਾਚਾਰਿਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ ਦੇ ਕਰ-ਕਮਲਾਂ ਨਾਲ ਭੂਮੀ ਪੂਜਨ ਕਰਵਾ ਕੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ।

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਪੁਲ ਨਾ ਸਿਰਫ਼ ਖੇਤਰ ਦੀ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ, ਸਗੋਂ ਸ਼ਹਿਰ ਦੀ ਧਾਰਮਿਕ ਅਤੇ ਸੱਭਿਆਚਾਰਕ ਪਹਿਚਾਣ ਨੂੰ ਵੀ ਨਵੀਂ ਮਜ਼ਬੂਤੀ ਪ੍ਰਦਾਨ ਕਰੇਗਾ। ਜਿੰਪਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੀ ਧਾਰਮਿਕ ਵਿਰਾਸਤ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਪਹਿਲਾਂ ਮਹਾਵੀਰ ਸੇਤੂ ਤੋਂ ਧੋਬੀ ਘਾਟ ਚੌਂਕ ਤੱਕ ਦੇ ਮਾਰਗ ਦਾ ਨਾਮ ‘ਸ਼੍ਰੀ ਰਾਮ ਪਥ’ ਅਤੇ ਧੋਬੀ ਘਾਟ ਚੌਂਕ ਦਾ ਨਾਮ ‘ਆਦਿ ਗੁਰੂ ਸ਼ੰਕਰਾਚਾਰਿਆ ਚੌਂਕ’ ਰੱਖਿਆ ਗਿਆ ਸੀ।

ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਆਦਿ ਗੁਰੂ ਸ਼ੰਕਰਾਚਾਰਿਆ ਚੌਂਕ ਤੋਂ ਆਦਮਵਾਲ ਮਾਰਗ ਨੂੰ ਜੋੜਨ ਵਾਲੇ ਪ੍ਰਸਤਾਵਿਤ ਪੁਲ ਦਾ ਨਾਮ ‘ਆਦਿ ਗੁਰੂ ਸ਼ੰਕਰਾਚਾਰਿਆ ਸੇਤੂ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਨਾਤਨ ਧਰਮ ਸਭਾ ਹੁਸ਼ਿਆਰਪੁਰ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਨਾਤਨ ਸੰਸਥਾਵਾਂ ਵੱਲੋਂ ਲੰਬੇ ਸਮੇਂ ਤੋਂ ਇਸ ਪੁਲ ਦਾ ਨਾਮ ਆਦਿ ਗੁਰੂ ਸ਼ੰਕਰਾਚਾਰਿਆ ਜੀ ਦੇ ਨਾਮ ‘ਤੇ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ। 

ਪੰਜਾਬ ਸਰਕਾਰ ਨੇ ਲੋਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਜਿੰਪਾ ਨੇ ਦੱਸਿਆ ਕਿ ਭੰਗੀ ਚੋਅ ‘ਤੇ ਧੋਬੀ ਘਾਟ-ਆਦਮਵਾਲ ਮਾਰਗ ਉੱਪਰ 141 ਮੀਟਰ ਲੰਬੇ ਹਾਈ ਲੈਵਲ ਪੁਲ ਦਾ ਨਿਰਮਾਣ ਲਗਭਗ 8 ਕਰੋੜ 11 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। 

ਇਸ ਪ੍ਰੋਜੈਕਟ ਨੂੰ ਪ੍ਰਸ਼ਾਸਨਿਕ ਮਨਜ਼ੂਰੀ ਮਿਲਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਵੱਲੋਂ ਡਿਜ਼ਾਈਨ ਤਿਆਰ ਕਰਕੇ ਟੈਂਡਰ ਪ੍ਰਕਿਰਿਆ ਪੂਰੀ ਕੀਤੀ ਗਈ ਅਤੇ ਹੁਣ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲ ਦਾ ਨਿਰਮਾਣ 15 ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਵਿਧਾਇਕ ਨੇ ਕਿਹਾ ਕਿ ਇਸ ਵੇਲੇ ਇਸ ਥਾਂ ‘ਤੇ ਸਿਰਫ਼ ਇੱਕ ਕੰਕਰੀਟ ਕਾਜਵੇ ਮੌਜੂਦ ਹੈ, ਜਿੱਥੇ ਬਰਸਾਤ ਦੇ ਮੌਸਮ ਦੌਰਾਨ ਭੰਗੀ ਚੋਅ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ, ਜਿਸ ਕਾਰਨ ਸਥਾਨਕ ਵਸਨੀਕਾਂ, ਵਿਦਿਆਰਥੀਆਂ ਅਤੇ ਸ਼ਰਧਾਲੂਆਂ ਨੂੰ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ। 

ਨਵੇਂ ਹਾਈ ਲੈਵਲ ਪੁਲ ਦੇ ਨਿਰਮਾਣ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਆਦਮਵਾਲ, ਅੱਜੋਵਾਲ, ਚੌਹਾਲ, ਮਹਿੰਗਰੋਵਾਲ, ਬਰੋਟੀ ਅਤੇ ਕਪਾਹਟ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੀ ਹਜ਼ਾਰਾਂ ਦੀ ਆਬਾਦੀ ਨੂੰ ਸਿੱਧਾ ਲਾਭ ਮਿਲੇਗਾ। 

ਇਸ ਤੋਂ ਇਲਾਵਾ ਇਹ ਮਾਰਗ ਰਾਸ਼ਟਰੀ ਰਾਜਮਾਰਗ-3 ਨਾਲ ਜੁੜਦਾ ਹੈ, ਜਿਸ ਰਾਹੀਂ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਚਾਮੁੰਡਾ ਦੇਵੀ, ਮਾਤਾ ਕਾਂਗੜਾ ਦੇਵੀ, ਮਾਤਾ ਬਗਲਾਮੁਖੀ ਧਾਮ, ਬਾਬਾ ਬੜਭਾਗ ਸਿੰਘ ਅਤੇ ਧਰਮਸ਼ਾਲਾ ਜਾਣ ਵਾਲੇ ਲੱਖਾਂ ਸ਼ਰਧਾਲੂ ਆਵਾਜਾਈ ਕਰਦੇ ਹਨ। ਪੁਲ ਬਣਨ ਨਾਲ ਸ਼ਰਧਾਲੂਆਂ ਦੀ ਯਾਤਰਾ ਹੋਰ ਸੁਰੱਖਿਅਤ, ਸੁਖਾਲੀ ਅਤੇ ਸੁਵਿਧਾਜਨਕ ਬਣੇਗੀ।

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ ’ਤੇ ਅੱਗੇ ਵਧਾ ਰਹੀ ਹੈ। ਆਦਿ ਗੁਰੂ ਸ਼ੰਕਰਾਚਾਰਿਆ ਸੇਤੂ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪੁਲ ਸਿਰਫ਼ ਇੱਕ ਨਿਰਮਾਣ ਪ੍ਰੋਜੈਕਟ ਨਹੀਂ, ਸਗੋਂ ਸ਼ਹਿਰ ਦੀ ਸੱਭਿਆਚਾਰਕ ਵਿਰਾਸਤ, ਧਾਰਮਿਕ ਆਸਥਾ ਅਤੇ ਆਧੁਨਿਕ ਵਿਕਾਸ ਦਾ ਪ੍ਰਤੀਕ ਬਣ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗਾ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ.ਡੀ.ਐਮ. ਪਰਮਪ੍ਰੀਤ ਸਿੰਘ, ਸੀਨੀਅਰ ਡਿਪਟੀ ਮੇਅਰ ਪ੍ਰਵੀਣ ਸੈਣੀ, ਐਕਸੀਅਨ ਗੁਰਮੀਤ ਸਿੰਘ, ਸ਼੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ  ਤੋਂ ਹਰੀਸ਼ ਖੋਸਲਾ, ਸ਼੍ਰੀ ਰਾਮਲੀਲਾ ਕਮੇਟੀ ਅਤੇ ਵਪਾਰ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਗੋਪੀ ਚੰਦ ਕਪੂਰ, ਉਦਯਗਿਰੀ ਜੀ ਮਹਾਰਾਜ ਬਸੀ ਗੁਲਾਮ ਹੁਸੈਨ, ਬ੍ਰਾਹਮਣ ਸਭਾ ਦੇ ਪ੍ਰਧਾਨ ਮਧੂਸੂਦਨ ਕਾਲੀਆ, ਸੰਤ ਬਾਬਾ ਰਣਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।