5 Dariya News

ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਹਿਰ ਦੇ ਨਵੇਂ ਬਣੇ 29 ਕੌਂਸਲਰਾਂ ਦਾ ਵਿਸ਼ੇਸ਼ ਸਨਮਾਨ

ਸਮਾਜ ਸੇਵਾ ’ਚ ਯਤਨਸ਼ੀਲ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਕੀਤੀ ਸ਼ਲਘਾ

5 Dariya News

ਕੋਟਕਪੂਰਾ 07-Jun-2026

ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਰਹਿਣ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਮੈਂਬਰ ਮੇਰੇ ਲਈ ਸਤਿਕਾਰਯੋਗ ਹਨ, ਕਿਉਂਕਿ ਇਨਾ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਸਦਕਾ ਹੀ ਸਮੇਂ ਦੀਆਂ ਸਰਕਾਰਾਂ ਆਪੋ-ਆਪਣੇ ਮਿਸ਼ਨ ਵਿੱਚ ਕਾਮਯਾਬ ਹੁੰਦੀਆਂ ਹਨ। ਇਹ ਪ੍ਰਗਟਾਵਾ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਵੱਲੋਂ ਸਥਾਨਕ ਮਿਉਂਸਪਲ ਪਾਰਕ ਵਿਖੇ ਸ਼ਹਿਰ ਦੇ 29 ਨਵੇਂ ਬਣੇ ਕੌਂਸਲਰਾਂ ਦੇ ਸਨਮਾਨ ’ਚ ਰੱਖੇ ਗਏ ਸਮਾਰੋਹ ਦੌਰਾਨ ਕੀਤਾ।

ਸ. ਸੰਧਵਾਂ ਨੇ ਕਿਹਾ ਕਿ ਸਾਰੇ ਨਵੇਂ ਚੁਣੇ ਗਏ ਕੌਂਸਲਰ ਸ਼ਹਿਰ ਦੀ ਬਿਹਤਰੀ ਅਤੇ ਸੁੰਦਰਤਾ ਵਾਸਤੇ ਯਤਨਸ਼ੀਲ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਦੇ ਆਗੂ ਵਿਤਕਰੇਬਾਜ਼ੀ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦਾ ਮਾਹੌਲ ਪੈਦਾ ਕਰਕੇ ਜਿੱਤ ਪ੍ਰਾਪਤ ਕਰਦੇ ਸਨ, ਪਰ ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਧੱਕੇਸ਼ਾਹੀ, ਵਿਤਕਰੇਬਾਜ਼ੀ ਜਾਂ ਗੁੰਡਾਗਰਦੀ ਦੀ ਇੱਕ ਵੀ ਮਿਸਾਲ ਸਾਹਮਣੇ ਨਹੀਂ ਆਈ, ਸਗੋਂ ਵਿਰੋਧੀ ਪਾਰਟੀਆਂ ਨੇ ਝੂਠਾ ਪ੍ਰਾਪੇਗੰਡਾ ਕਰਕੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ, ਕਿਉਂਕਿ ਹੁਣ ਵੋਟਰ ਜਾਗਰੂਕ ਹੋ ਚੁੱਕਾ ਹੈ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਅੱਜ ਤੱਕ ਮੈਂ ਇੱਕ ਵੀ ਵਿਅਕਤੀ ਤੋਂ ਕੰਮ ਬਦਲੇ ਇੱਕ ਰੁਪਇਆ ਵੀ ਨਹੀਂ ਲਿਆ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਇੱਕ ਇੱਕ ਦਾ ਕੰਮ ਮੈਰਿਟ ਦੇ ਆਧਾਰ ’ਤੇ ਕਰਵਾਇਆ। ਉਨ੍ਹਾਂ ਦਾਅਵਾ ਕੀਤਾ ਕਿ 65 ਹਜਾਰ 264 ਸਰਕਾਰੀ ਨੌਕਰੀਆਂ ਦੇਣ ਦੇ ਬਾਵਜੂਦ ਵੀ ਨਾ ਤਾਂ ਕਿਸੇ ਨੂੰ ਰਿਸ਼ਵਤ ਜਾਂ ਸਿਫਾਰਸ਼ ਦੀ ਜਰੂਰਤ ਪਈ ਅਤੇ ਨਾ ਹੀ ਉਹਨਾਂ ਦੀ ਨਿਯੁਕਤੀ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪਿਆ। 

ਸਪੀਕਰ ਸੰਧਵਾਂ ਨੇ ਕਿਹਾ ਕਿ ਬਦਲਾਅ ਦੀ ਰਾਜਨੀਤੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਉਸਾਰੂ ਸੋਚ ਦਾ ਨਤੀਜਾ ਹੈ। ਉਨਾਂ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਆਪ ਸਰਕਾਰ’ ਦੀਆਂ ਪ੍ਰਾਪਤੀਆਂ ਦਾ ਸੰਖੇਪ ’ਚ ਜਿਕਰ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਲੋਕਾਂ ਦੀ ਨਿਸ਼ਕਾਮ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਹੈ।

ਉਨ੍ਹਾਂ  ਵਾਰਡ ਨੰਬਰ 1 ਤੋਂ ਲੈ ਕੇ 29 ਤੱਕ ਦੇ ਸਾਰੇ ਨਵੇਂ ਬਣੇ ਕੌਂਸਲਰਾਂ ਦਾ ਸਨਮਾਨ ਕਰਦਿਆਂ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਵੀ ਕਰਵਾਇਆ ਅਤੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਜਦਕਿ ਸਟੇਜ ਸੰਚਾਲਣ ਕਰਦਿਆਂ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸਾਰਿਆਂ ਦੀ ਜਾਣ ਪਛਾਣ ਕਰਵਾਈ। 

ਅੰਤ ’ਚ ਚੇਅਰਮੈਨ ਪੱਪੂ ਲਹੋਰੀਆ, ਜਨਰਲ ਸਕੱਤਰ ਪ੍ਰੋਫੈਸਰ ਐਚ ਐਸ ਪਦਮ ਅਤੇ ਪ੍ਰੋਜੈਕਟ ਇੰਚਾਰਜ ਸੁਰਿੰਦਰ ਸਿੰਘ ਸਦਿਉੜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਲੱਬ ਦੇ ਸਨਮਾਨ ਸਮਾਰੋਹ ਵਾਲੇ ਪ੍ਰੋਗਰਾਮ ਦੀ ਸ਼ਾਨਦਾਰ ਸਫਲਤਾ ਲਈ ਸੇਵਾਵਾਂ ਨਿਭਾਉਣ ਵਾਲੇ ਮੈਂਬਰਾਂ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਲਗਭਗ ਸਾਰੇ ਨਵੇਂ ਬਣੇ ਕੌਂਸਲਰਾਂ ਨੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੀਆਂ ਮਨੁੱਖਤਾ ਦੀ ਭਲਾਈ ਵਾਲੀਆਂ ਨਿਸ਼ਕਾਮ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ।