ਕੁਦਰਤੀ ਖੇਤੀ ਮਿਸ਼ਨ ਨੂੰ ਅੱਗੇ ਵਧਾਉਣ ਲਈ ਸਮਰਪਿਤ ਯਤਨ ਜ਼ਰੂਰੀ ਹਨ : ਆਚਾਰੀਆ ਦੇਵਵ੍ਰਤ
5 Dariya News
ਕੁਰੂਕਸ਼ੇਤਰ 07-Jun-2026
ਗੁਜਰਾਤ ਦੇ ਰਾਜਪਾਲ ਸ੍ਰੀ ਆਚਾਰੀਆ ਦੇਵਵ੍ਰਤ ਨੇ ਕਿਹਾ ਕਿ ਕੁਦਰਤੀ ਖੇਤੀ ਮਿਸ਼ਨ ਨੂੰ ਅੱਗੇ ਵਧਾਉਣ ਲਈ ਸਮਰਪਿਤ ਯਤਨ ਜ਼ਰੂਰੀ ਹਨ, ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਜ਼ਮੀਨ ਬੰਜਰ ਹੋ ਜਾਵੇਗੀ। ਉਹ ਅੱਜ ਕੁਰੂਕਸ਼ੇਤਰ ਵਿੱਚ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਅਤੇ ਕਲੱਸਟਰ ਗਠਨ ਪ੍ਰੋਗਰਾਮ ਤਹਿਤ ਆਯੋਜਿਤ "ਖੇਤੀਬਾੜੀ ਵਰਕਸ਼ਾਪ" ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ।
ਇਸ ਮੌਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਸਨ। ਰਾਜਪਾਲ ਸ੍ਰੀ ਆਚਾਰੀਆ ਦੇਵਵ੍ਰਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੁਦਰਤੀ ਖੇਤੀ ਹੁਣ ਦੇਸ਼ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇ ਉਸ ਦੌਰ ਨੂੰ ਯਾਦ ਕੀਤਾ ਜਦੋਂ ਖੇਤੀਬਾੜੀ ਵਿਗਿਆਨੀਆਂ ਨੇ ਖੁਰਾਕੀ ਆਤਮ-ਨਿਰਭਰਤਾ ਲਈ ਪ੍ਰਤੀ ਹੈਕਟੇਅਰ 13 ਕਿਲੋਗ੍ਰਾਮ ਨਾਈਟ੍ਰੋਜਨ ਦੀ ਵਰਤੋਂ ਦੀ ਸਲਾਹ ਦਿੱਤੀ ਸੀ।
ਇਸ ਦੇ ਉਲਟ, ਮੌਜੁਦਾ ਵਿੱਚ ਪ੍ਰਤੀ ਏਕੜ 13 ਬੋਰੀਆਂ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਯੂਰੀਆ, ਡੀਏਪੀ ਅਤੇ ਕੀਟਨਾਸ਼ਕਾਂ ਦੀ ਵਧਦੀ ਵਰਤੋਂ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿਰਫ਼ ਰਸਾਇਣਕ ਖਾਦਾਂ ਦੀ ਵਰਤੋਂ ਵਧਾਉਣ ਨਾਲ ਉਤਪਾਦਨ ਵਿੱਚ ਵਾਧਾ ਨਹੀਂ ਹੋਵੇਗਾ; ਸਗੋਂ ਕੁਦਰਤੀ ਖੇਤੀ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣੀ ਜ਼ਰੂਰੀ ਹੈ।
ਰਾਜਪਾਲ ਨੇ ਕਿਹਾ ਕਿ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਨ ਵਾਸਤੇ ਸਿਖਲਾਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਰਾਜ ਯੂਨੀਵਰਸਿਟੀਆਂ ਦੇ ਖੇਤੀਬਾੜੀ ਵਿਗਿਆਨੀਆਂ ਨੂੰ ਇਸ ਯਤਨ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਲਈ ਆਯੋਜਿਤ ਕੀਤੀ ਜਾ ਰਹੀ ਸਿਖਲਾਈ ਦੀ ਸ਼ਲਾਘਾ ਕੀਤੀ।
ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੂਰਾ ਦੇਸ਼ ਕੁਦਰਤੀ ਖੇਤੀ ਬਾਰੇ ਜਾਣਨ ਅਤੇ ਉਸ ਨੂੰ ਅਪਣਾਉਣ ਲਈ ਉਤਸੁਕ ਹੈ, ਅਤੇ ਹਰਿਆਣਾ ਨੂੰ ਵੀ ਇਸ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਵਰਕਸ਼ਾਪ ਵਿੱਚ ਕਿਸਾਨਾਂ ਨੂੰ ਪੁੱਛਿਆ, ਕੀ ਅਸੀਂ ਆਪਣੇ ਬੱਚਿਆਂ ਲਈ ਬੰਜਰ ਜ਼ਮੀਨ ਛੱਡ ਕੇ ਜਾਵਾਂਗੇ? ਕੀ ਅਸੀਂ ਉਨ੍ਹਾਂ ਨੂੰ ਪ੍ਰਦੂਸ਼ਿਤ ਹਵਾ ਅਤੇ ਪਾਣੀ ਦੇ ਨਾਲ ਛੱਡਾਂਗੇ?
ਕੀ ਅਸੀਂ ਸਾਰਿਆਂ ਨੂੰ ਗੰਭੀਰ ਬੀਮਾਰੀਆਂ ਦੇ ਨਾਲ ਛੱਡਾਂਗੇ? ਕੀ ਅਸੀਂ ਕਿਸਾਨਾਂ ਨੂੰ ਕਰਜ਼ੇ ਵਿੱਚ ਡੁੱਬੇ ਰਹਿਣ ਦਿਆਂਗੇ? ਜੇਕਰ ਅਸੀਂ ਇਸ ਸਥਿਤੀ ਨੂੰ ਬਦਲਣਾ ਚਾਹੁੰਦੇ ਹਾਂ, ਤਾਂ ਕੁਦਰਤੀ ਖੇਤੀ ਨੂੰ ਅਪਣਾਉਣਾ ਲਾਜ਼ਮੀ ਹੈ। ਰਾਜਪਾਲ ਨੇ ਚੇਤਾਵਨੀ ਦਿੱਤੀ ਕਿ ਰਸਾਇਣਕ ਖਾਦਾਂ ਦੀ ਬਹੁਤ ਵੱਧ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਲਗਾਤਾਰ ਘਟ ਰਹੀ ਹੈ ਅਤੇ ਦੇਸ਼ ਦੀ ਜ਼ਮੀਨ ਦਾ ਆਰਗੈਨਿਕ ਕਾਰਬਨ ਪੱਧਰ ਗੰਭੀਰ ਰੂਪ ਵਿੱਚ ਘੱਟ ਗਿਆ ਹੈ, ਜਿਸ ਨਾਲ ਜ਼ਮੀਨ ਬੰਜਰ ਹੋਣ ਦੀ ਸਥਿਤੀ ਵਿੱਚ ਪਹੁੰਚ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਸੁਧਾਰ ਨਾ ਕੀਤਾ ਗਿਆ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਨਾ ਤਾਂ ਸ਼ੁੱਧ ਭੋਜਨ ਉਪਲਬਧ ਰਹੇਗਾ ਅਤੇ ਨਾ ਹੀ ਪੀਣ ਯੋਗ ਪਾਣੀ। ਉਨ੍ਹਾਂ ਨੇ ਰਸਾਇਣਕ ਖੇਤੀ ਦੇ ਮਾੜੇ ਪ੍ਰਭਾਵਾਂ ਦਾ ਵਰਨਣ ਕਰਦਿਆਂ ਕਿਹਾ ਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਣ ਵਧ ਰਿਹਾ ਹੈ, ਪਾਣੀ ਦੇ ਸਰੋਤ ਦੂਸ਼ਿਤ ਹੋ ਰਹੇ ਹਨ ਅਤੇ ਕੈਂਸਰ, ਦਿਲ ਦੇ ਰੋਗ ਅਤੇ ਕਿਡਨੀ ਫੇਲ੍ਹ ਹੋਣ ਵਰਗੀਆਂ ਬੀਮਾਰੀਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।
ਕੁਦਰਤੀ ਖੇਤੀ ਨੂੰ ਹੱਲ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਦੇਸੀ ਗਾਂ ਅਧਾਰਿਤ, ਘੱਟ ਲਾਗਤ ਵਾਲੀ ਅਤੇ ਵਾਤਾਵਰਣ ਦੇ ਅਨੁਕੂਲ ਪੱਧਤੀ ਹੈ। ਇਸ ਵਿੱਚ ਗੋਹੇ, ਗਊ-ਮੂਤਰ, ਗੁੜ ਅਤੇ ਵੇਸਣ ਵਰਗੇ ਸਾਧਾਰਨ ਤੱਤਾਂ ਨਾਲ ਸੂਖਮ ਜੀਵਾਣੂਆਂ ਦਾ ਵਾਧਾ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾਂਦੀ ਹੈ।
ਆਚਾਰੀਆ ਦੇਵਵ੍ਰਤ ਨੇ ਕਿਹਾ ਕਿ ਕੁਦਰਤੀ ਖੇਤੀ ਹੀ ਇੱਕੋ ਇੱਕ ਵਿਕਲਪ ਹੈ ਜੋ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਨ ਦੇ ਛੋਟੇ ਜਿਹੇ ਹਿੱਸੇ 'ਤੇ ਵੀ ਕੁਦਰਤੀ ਖੇਤੀ ਸ਼ੁਰੂ ਕਰਨ।