5 Dariya News

ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ

ਕਿਰਾਇਆ ਵਾਧਾ, ਆਈ.ਡੀ.ਐਚ. ਮਾਰਕੀਟ, ਰਾਮ ਬਾਗ ਅੱਗ ਕਾਂਡ, ਮੱਛੀ ਮਾਰਕੀਟ ਵਿਵਾਦ ਅਤੇ ਹੋਟਲਾਂ ਦੀ ਰੈਗੂਲਰਾਈਜ਼ੇਸ਼ਨ ਸਬੰਧੀ ਮੰਗਾਂ ਰੱਖੀਆਂ

5 Dariya News

ਅੰਮ੍ਰਿਤਸਰ 06-Jun-2026

ਬੀਤੇ ਕੱਲ ਪੰਜਾਬ ਭਵਨ, ਚੰਡੀਗੜ੍ਹ ਵਿਖੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਕਮਿਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ, ਵਾਈਸ ਚੇਅਰਮੈਨ ਅਨਿਲ ਠਾਕੁਰ, ਡੀ.ਜੀ.ਪੀ. (ਕਾਨੂੰਨ ਅਤੇ ਵਿਵਸਥਾ) ਪੀ.ਕੇ. ਸਿੰਹਾ, ਸਕੱਤਰ ਕਰ ਤੇ ਆਬਕਾਰੀ ਅਜੀਤ ਬਾਲਾਜੀ ਜੋਸ਼ੀ, ਸਕੱਤਰ ਐਚ.ਐਸ. ਬਰਾੜ, ਸਕੱਤਰ ਸੰਦੀਪ ਗੋਇਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੌਰਾਨ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਅਤੇ ਮਾਝਾ ਜ਼ੋਨ ਇੰਚਾਰਜ ਸ਼੍ਰੀ ਸ਼ੀਤਲ ਜੁਨੇਜਾ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਵਪਾਰੀਆਂ ਨਾਲ ਸਬੰਧਤ ਕਈ ਅਹਿਮ ਮੁੱਦੇ ਉਠਾਏ। ਉਨ੍ਹਾਂ ਨੇ 1200 ਤੋਂ 1400 ਦੁਕਾਨਾਂ ਦੇ ਕਿਰਾਏ ਵਿੱਚ ਕੀਤੇ ਗਏ ਵਾਧੇ ਦੇ ਮਾਮਲੇ ਦਾ ਹੱਲ ਕਰਨ, ਆਈ.ਡੀ.ਐਚ. ਮਾਰਕੀਟ ਦੀਆਂ ਦੁਕਾਨਾਂ ਦੀ ਮਿਊਟੇਸ਼ਨ ਕਰਵਾਉਣ ਅਤੇ ਰਾਮ ਬਾਗ ਮਾਰਕੀਟ ਵਿੱਚ ਅੱਗ ਦੀ ਘਟਨਾ ਤੋਂ ਪ੍ਰਭਾਵਿਤ ਦੁਕਾਨਦਾਰਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਉਨ੍ਹਾਂ ਨੇ ਮੱਛੀ ਮਾਰਕੀਟ ਨਾਲ ਜੁੜੇ ਵਿਵਾਦ ਨੂੰ ਥੋਕ ਮੱਛੀ ਵਿਕਰੇਤਾਵਾਂ ਨਾਲ ਗੱਲਬਾਤ ਰਾਹੀਂ ਜਲਦ ਸੁਲਝਾਉਣ ਅਤੇ ਅੰਮ੍ਰਿਤਸਰ ਦੇ ਵਾਲਡ ਸਿਟੀ ਖੇਤਰ ਵਿੱਚ ਚੱਲ ਰਹੇ ਕਰੀਬ 800 ਹੋਟਲਾਂ ਨੂੰ ਇਕਮੁਸ਼ਤ ਸੈਟਲਮੈਂਟ ਸਕੀਮ ਤਹਿਤ ਰੈਗੂਲਰ ਕਰਨ ਦੀ ਵੀ ਮੰਗ ਰੱਖੀ। ਸ਼੍ਰੀ ਜੁਨੇਜਾ ਨੇ ਪੁੱਡਾ ਵੱਲੋਂ ਕਾਲੋਨਾਈਜ਼ਰਾਂ ਉੱਤੇ ਲੱਗਣ ਵਾਲੇ ਈ.ਡੀ.ਐਫ. ਚਾਰਜਾਂ ਨੂੰ ਘਟਾਉਣ, ਪਲਾਟ ਧਾਰਕਾਂ ਲਈ ਐਨ.ਓ.ਸੀ. ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਸ਼ਹਿਰੀ, ਦਿਹਾਤੀ ਅਤੇ ਤਰਨਤਾਰਨ ਖੇਤਰ ਵਿੱਚ ਵਪਾਰੀਆਂ ਦੀ ਸੁਰੱਖਿਆ ਦੀ ਮੰਗ ਵੀ ਮੀਟਿੰਗ ਵਿੱਚ ਉਠਾਈ।

ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਬੰਧਤ ਅਧਿਕਾਰੀਆਂ ਨਾਲ ਇਨ੍ਹਾਂ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਵਪਾਰੀਆਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ।