ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ
5 Dariya News
ਸਾਹਿਬਜ਼ਾਦਾ ਅਜੀਤ ਸਿੰਘ ਨਗਰ 06-Jun-2026
ਕੈਬਿਨਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ, ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਸ਼੍ਰੀ ਕੀਮਤੀ ਭਗਤ ਅਤੇ ਕੌਂਸਲਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਸੰਨੀ ਆਹਲੂਵਾਲੀਆ ਨੇ ਬੀਤੀ ਸ਼ਾਮ ਗਊ ਹਸਪਤਾਲ ਅਤੇ ਗਊਸ਼ਾਲਾ, ਫੇਜ਼-1, ਮੋਹਾਲੀ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਅਤੇ ਗਊ ਹਸਪਤਾਲ ਵਿੱਚ ਗਊਵੰਸ਼ ਦੀ ਦੇਖਭਾਲ, ਇਲਾਜ ਸਹੂਲਤਾਂ, ਸਫਾਈ ਪ੍ਰਬੰਧਾਂ ਅਤੇ ਸਮਿਤੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਗਊਵੰਸ਼ ਲਈ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਸਮਰਪਿਤ ਭਾਵਨਾ ਨਾਲ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਊ ਸੇਵਾ ਇੱਕ ਮਹਾਨ ਪੁੰਨ ਦਾ ਕੰਮ ਹੈ ਅਤੇ ਸਮਾਜ ਨੂੰ ਅਜਿਹੇ ਉਪਰਾਲਿਆਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ‘ਤੇ ਇਨ੍ਹਾਂ ਸਭਨਾਂ ਨੇ ਗਊ ਮਾਤਾ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਗਊ ਪੂਜਨ, ਗਊ ਆਰਤੀ ਅਤੇ ਤੁਲਾ ਦਾਨ ਕੀਤਾ।
ਇਸ ਦੇ ਨਾਲ ਹੀ ਗਊਵੰਸ਼ ਨੂੰ ਹਰਾ ਚਾਰਾ, ਤੂੜੀ, ਚੋਕਰ, ਖੰਡ, ਗੁੜ, ਫਲ ਅਤੇ ਸਬਜ਼ੀਆਂ ਨਾਲ ਤਿਆਰ ਕੀਤਾ ਵਿਸ਼ੇਸ਼ ਪੌਸ਼ਟਿਕ ਕੇਕ ਖੁਆਇਆ ਅਤੇ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਧੀਰ ਕੁਮਾਰ ਗੋਇਲ ਨੇ ਉਨ੍ਹਾਂ ਨੂੰ ਦੱਸਿਆ ਕਿ ਕਮੇਟੀ ਵੱਲੋਂ ਹੁਣ ਤੱਕ 1485 ਗਊਵੰਸ਼ ਨੂੰ ਇਲਾਜ ਲਈ ਰੈਸਕਿਊ ਕਰਕੇ ਗਊ ਹਸਪਤਾਲ ਅਤੇ ਗਊਸ਼ਾਲਾ ਵਿੱਚ ਲਿਆਂਦਾ ਜਾ ਚੁੱਕਾ ਹੈ।
ਇਲਾਜ ਤੋਂ ਬਾਅਦ ਠੀਕ ਹੋਏ ਗਊਵੰਸ਼ ਨੂੰ ਵੱਖ-ਵੱਖ ਸਥਾਨਕ ਗਊਸ਼ਾਲਾਵਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਇਸ ਸਮੇਂ ਕਮੇਟੀ 215 ਇਲਾਜ ਅਧੀਨ ਗਊਵੰਸ਼ ਦੀ ਪੂਰੀ ਤਨਦੇਹੀ ਨਾਲ ਸੇਵਾ ਅਤੇ ਸੰਭਾਲ ਕਰ ਰਹੀ ਹੈ। ਉਨ੍ਹਾਂ ਕਮੇਟੀ ਦੀ ਤਰਫ਼ੋਂ ਪੰਜਾਬ ਦਾ ਪਹਿਲਾ 24x7 ਮਲਟੀ-ਸਪੈਸ਼ਲਿਟੀ ਗਊ ਹਸਪਤਾਲ ਅਤੇ ਇੱਕ ਵਿਸ਼ਾਲ ਗਊਸ਼ਾਲਾ ਸਥਾਪਿਤ ਕਰਨ ਲਈ ਲੋੜੀਂਦੀ ਜ਼ਮੀਨ ਦੀ ਮੰਗ ਵੀ ਰੱਖੀ। ਆਗੂਆਂ ਵੱਲੋਂ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਸਰਕਾਰ ਪੱਧਰ 'ਤੇ ਗਊ ਹਸਪਤਾਲ ਅਤੇ ਗਊਸ਼ਾਲਾ ਲਈ ਯੋਗ ਜਗ੍ਹਾ ਮੁਹੱਈਆ ਕਰਵਾਉਣ ਦੇ ਲਈ ਯਤਨ ਕਰਨਗੇ।