5 Dariya News

ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ

ਹਿਰਾਸਤ ਵਿੱਚ ਲਏ 11 ਅਪ੍ਰੈਂਟਿਸ ਲਾਈਨਮੈਨ ਕੁਝ ਹੀ ਸਮੇਂ ਬਾਅਦ ਕੀਤੇ ਰਿਹਾਅ

5 Dariya News

ਪਟਿਆਲਾ 06-Jun-2026

ਪਟਿਆਲਾ ਵਿਖੇ ਪੀ.ਐੱਸ.ਪੀ.ਸੀ.ਐੱਲ. ਮੁੱਖ ਦਫ਼ਤਰ ਦੇ ਬਾਹਰ ਹੱਕ ਮੰਗਦੇ ਅਪ੍ਰੈਂਟਿਸ ਲਾਈਨਮੈਨਾਂ ’ਤੇ ਹੋਏ ਵਹਿਸ਼ੀਆਨਾ ਲਾਠੀਚਾਰਜ ਤੋਂ ਬਾਅਦ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਐੱਮ.ਪੀ. ਵਿਜੈ ਇੰਦਰ ਸਿੰਗਲਾ ਨੇ ਖ਼ੁਦ ਧਰਨਾ ਸਥਾਨ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਪੂਰਨ ਸਮਰਥਨ ਦਿੱਤਾ। ਸਿੰਗਲਾ ਨੇ ਮੌਕੇ ’ਤੇ ਪਹੁੰਚ ਕੇ ਐਲਾਨ ਕੀਤਾ ਕਿ ਹਿਰਾਸਤ ਵਿੱਚ ਲਏ ਗਏ ਅਪ੍ਰੈਂਟਿਸ ਲਾਈਨਮੈਨਾਂ ਦੀ ਰਿਹਾਈ ਲਈ ਕਾਂਗਰਸ ਪਾਰਟੀ ਹਰ ਪੱਧਰ ’ਤੇ ਕਾਨੂੰਨੀ ਲੜਾਈ ਲੜੇਗੀ। 

ਸਿੰਗਲਾ ਦੇ ਇਸ ਵੱਡੇ ਐਲਾਨ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਨਰਮੀ ਵਰਤਣੀ ਪਈ ਅਤੇ ਹਿਰਾਸਤ ਵਿੱਚ ਲਏ ਗਏ ਸਾਰੇ 11 ਅਪ੍ਰੈਂਟਿਸ ਲਾਈਨਮੈਨਾਂ ਨੂੰ ਕੁਝ ਹੀ ਸਮੇਂ ਬਾਅਦ ਸੁਰੱਖਿਅਤ ਰਿਹਾਅ ਕਰ ਦਿੱਤਾ ਗਿਆ। ਧਰਨਾ ਸਥਾਨ ’ਤੇ ਪਹੁੰਚਦਿਆਂ ਹੀ ਜਦੋਂ ਵਿਜੈ ਇੰਦਰ ਸਿੰਗਲਾ ਨੂੰ ਯੂਨੀਅਨ ਆਗੂਆਂ ਵੱਲੋਂ ਦੱਸਿਆ ਕਿ ਕੱਲ੍ਹ ਦੀ ਪੁਲਿਸ ਕਾਰਵਾਈ ਤੋਂ ਬਾਅਦ ਉਨ੍ਹਾਂ ਦੇ 11 ਸਾਥੀ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ, ਤਾਂ ਸਿੰਗਲਾ ਨੇ ਤੁਰੰਤ ਮੌਕੇ ਤੋਂ ਹੀ ਉੱਚ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਸਾਧਿਆ। 

ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਪ੍ਰੈਂਟਿਸ ਲਾਈਨਮੈਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਅਤੇ ਕਾਨੂੰਨੀ ਤੌਰ ’ਤੇ ਪੱਖ ਰੱਖਿਆ, ਜਿਸ ਦੇ ਸਿੱਟੇ ਵਜੋਂ ਪੁਲਿਸ ਨੇ ਕੁਝ ਹੀ ਸਮੇਂ ਬਾਅਦ ਸਾਰੇ ਨੌਜਵਾਨਾਂ ਨੂੰ ਛੱਡ ਦਿੱਤਾ। ਇਸ ਦੌਰਾਨ ਭੁੱਖ ਹੜਤਾਲ ’ਤੇ ਬੈਠੇ ਇੱਕ ਅਪ੍ਰੈਂਟਿਸ ਲਾਈਨਮੈਨ ਦੀ ਹਾਲਤ ਵਿਗੜਦੀ ਦੇਖ ਸਿੰਗਲਾ ਨੇ ਤੁਰੰਤ ਮੈਡੀਕਲ ਟੀਮਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਡਾਕਟਰਾਂ ਦੀ ਹਾਜ਼ਰੀ ਯਕੀਨੀ ਬਣਾ ਕੇ ਉਸ ਦਾ ਮੁਢਲਾ ਚੈੱਕਅਪ ਕਰਵਾ ਕੇ ਤੁਰੰਤ ਇਲਾਜ ਸ਼ੁਰੂ ਕਰਵਾਇਆ। 

ਲਾਠੀਚਾਰਜ ਦੀ ਘਟਨਾ ਤੋਂ ਬਾਅਦ ਸਦਮੇ ਅਤੇ ਪਰੇਸ਼ਾਨੀ ਕਾਰਨ ਭੁੱਖੇ-ਭਾਣੇ ਬੈਠੇ ਅਪ੍ਰੈਂਟਿਸ ਲਾਈਨਮੈਨਾਂ ਦੀ ਹਾਲਤ ਦੇਖ ਕੇ ਸਿੰਗਲਾ ਨੇ ਮੌਕੇ ’ਤੇ ਹੀ ਆਪਣੀ ਟੀਮ ਰਾਹੀਂ ਸਾਰੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਦੇ ਤੁਰੰਤ ਪੁਖ਼ਤਾ ਪ੍ਰਬੰਧ ਕੀਤੇ, ਕਿਉਂਕਿ ਉਨ੍ਹਾਂ ਨੇ ਕੱਲ੍ਹ ਤੋਂ ਸਹੀ ਤਰੀਕੇ ਨਾਲ ਖਾਣਾ ਵੀ ਨਹੀਂ ਸੀ ਖਾਧਾ। ਸਿੰਗਲਾ ਨੇ ਉੱਥੇ ਮੌਜੂਦ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਪ੍ਰੈਂਟਿਸ ਲਾਈਨਮੈਨਾਂ ’ਤੇ ਹੋਇਆ ਇਹ ਲਾਠੀਚਾਰਜ ਬੇਹੱਦ ਵਹਿਸ਼ੀਆਨਾ ਹੈ ਅਤੇ ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। 

ਉਨ੍ਹਾਂ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ, "ਜਿਹੜੇ ਲੋਕ ਖ਼ੁਦ ਨੂੰ ‘ਆਮ ਘਰਾਂ ਦੀ ਸਰਕਾਰ’ ਕਹਿੰਦੇ ਸਨ, ਅੱਜ ਉਹ ਪੂਰੀ ਤਰ੍ਹਾਂ ਤਾਨਾਸ਼ਾਹ ਅਤੇ ਨਿਰਦਈ ਹੋ ਚੁੱਕੇ ਹਨ। ਅੱਜ ਸੂਬੇ ਵਿੱਚ ਅਸਲ ਅਪਰਾਧੀਆਂ ਅਤੇ ਗੈਂਗਸਟਰਾਂ ’ਤੇ ਨੱਥ ਪਾਉਣ, ਫਿਰੌਤੀਆਂ ਰੋਕਣ ਅਤੇ ਸ਼ਰੇਆਮ ਵਿਕ ਰਹੇ ਨਸ਼ੇ  ਨੂੰ ਠੱਲ੍ਹ ਪਾਉਣ ਵਿੱਚ ਪੁਲਿਸ ਨਾਕਾਮ ਸਿੱਧ ਹੋ ਰਹੀ ਹੈ, ਪਰ ਆਪਣੇ ਹੱਕ ਮੰਗਦੇ ਅਪ੍ਰੈਂਟਿਸ ਲਾਈਨਮੈਨਾਂ ’ਤੇ ਲਾਠੀਆਂ ਚਲਾਉਣ ਵੇਲੇ ਇਹ ਸਰਕਾਰ ਅੱਗੇ ਹੋ ਜਾਂਦੀ ਹੈ।"

ਸਿੰਗਲਾ ਨੇ ਅੱਗੇ ਕਿਹਾ ਕਿ ਇਹ ਅਪ੍ਰੈਂਟਿਸ ਲਾਈਨਮੈਨ ਕੋਈ ਅਪਰਾਧੀ ਜਾਂ ਗੈਂਗਸਟਰ ਨਹੀਂ ਹਨ, ਇਹ ਪੂਰੀ ਤਰ੍ਹਾਂ ਯੋਗ ਹਨ ਅਤੇ ਸਹੀ ਚੈਨਲ ਰਾਹੀਂ ਨਿਯਮਤ ਭਰਤੀ ਦੀ ਮੰਗ ਕਰ ਰਹੇ ਹਨ। ਇਨ੍ਹਾਂ ਨਾਲ ਅਪਰਾਧੀਆਂ ਵਰਗਾ ਸਲੂਕ ਬੰਦ ਕਰਕੇ ਇਨਸਾਨੀ ਰਵੱਈਆ ਅਪਣਾਇਆ ਜਾਵੇ। ਜੇਕਰ ਅਪ੍ਰੈਂਟਿਸ ਲਾਈਨਮੈਨਾਂ ਨੇ ਗੇਟ ਬੰਦ ਵੀ ਕੀਤੇ ਸਨ, ਤਾਂ ਪ੍ਰਸ਼ਾਸਨ ਨੂੰ ਡਾਂਗਾਂ ਦੀ ਬਜਾਏ ਗੱਲਬਾਤ ਦਾ ਰਸਤਾ ਚੁਣਨਾ ਚਾਹੀਦਾ ਸੀ।

ਉਨ੍ਹਾਂ ਚੋਣਾਂ ਵੇਲੇ ‘ਹਰੇ ਪੈੱਨ’ ਨਾਲ ਘਰ-ਘਰ ਨੌਕਰੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੇਂਜ ਕੀਤਾ ਕਿ ਉਹ ਆਪਣੀ ਵਾਅਦਾਖ਼ਿਲਾਫ਼ੀ ਬੰਦ ਕਰਨ। ਸਿੰਗਲਾ ਨੇ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਇਨ੍ਹਾਂ ਅਪ੍ਰੈਂਟਿਸ ਲਾਈਨਮੈਨਾਂ ਦੀ ਪੱਕੀ ਭਰਤੀ ਨਹੀਂ ਹੁੰਦੀ, ਕਾਂਗਰਸ ਪਾਰਟੀ ਇਨ੍ਹਾਂ ਦੇ ਹੱਕਾਂ ਲਈ ਸੜਕ ਤੋਂ ਲੈ ਕੇ ਅਦਾਲਤ ਤੱਕ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ।