5 Dariya News

ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ : ਗ਼ੈਰ-ਕਾਨੂੰਨੀ ਸ਼ਰਾਬ ਕਾਰੋਬਾਰ ਬਰਦਾਸ਼ਤ ਨਹੀਂ

ਮੀਥੇਨੌਲ ਦੀ ਖਰੀਦ-ਫਰੋਖ਼ਤ ਅਤੇ ਮੂਵਮੈਂਟ 'ਤੇ ਰਹੇਗੀ ਸਖ਼ਤ ਨਿਗਰਾਨੀ- ਡਾ ਹਿਮਾਂਸ਼ੂ ਅਗਰਵਾਲ

5 Dariya News

ਪਟਿਆਲਾ 05-Jun-2026

ਪੰਜਾਬ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਅਤੇ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਜਾਰੀ ਹੁਕਮਾਂ ਦੇ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਕ ਵਿਸ਼ੇਸ਼ ਮੀਟਿੰਗ ਕਰਦਿਆਂ ਕਿਹਾ ਕਿ ਸਿਹਤ ਵਿਭਾਗ , ਪੁਲਿਸ ਵਿਭਾਗ, ਆਬਕਾਰੀ ਵਿਭਾਗ ਅਤੇ ਡਰੱਗ ਕੰਟਰੋਲਰ ਵਿਭਾਗ ਦੀਆਂ ਜੁਆਇੰਟ ਟੀਮਾਂ ਦਾ ਗਠਨ ਕਰਕੇ ਲਗਾਤਾਰ ਚੈਕਿੰਗ ਅਮਲ ਵਿੱਚ ਲਿਆਂਦੀ ਜਾਵੇ ਅਤੇ ਸਾਂਝੇ ਤੌਰ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੀਥੇਨੌਲ ਦੀ ਦੁਰਵਰਤੋਂ ਨਾ ਸਿਰਫ਼ ਕਾਨੂੰਨੀ ਉਲੰਘਣਾ ਹੈ, ਸਗੋਂ ਇਹ ਲੋਕਾਂ ਦੀ ਜਾਨ ਲਈ ਵੀ ਗੰਭੀਰ ਖ਼ਤਰਾ ਬਣ ਸਕਦੀ ਹੈ। 

ਇਸ ਲਈ ਨਕਲੀ ਸ਼ਰਾਬ ਵੇਚਣ ਵਾਲਿਆਂ ਅਤੇ ਇਸ ਧੰਦੇ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀ ਸੀ ਨੇ ਕਿਹਾ ਕਿ ਮੀਥੇਨੌਲ (ਮਿਥਾਈਲ ਅਲਕੋਹਲ) ਇੱਕ ਜਹਿਰੀਲਾ ਕੈਮੀਕਲ ਪਦਾਰਥ ਹੈ ਅਤੇ ਇਸਦੀ ਦੁਰਵਰਤੋਂ ਨਾਲ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। 

ਇਸ ਲਈ ਸੰਵੇਦਨਸ਼ੀਲ ਇਲਾਕਿਆਂ ਭਾਵ ਨਜਾਇਜ ਸ਼ਰਾਬ ਦੀ ਵਿਕਰੀ ਵਾਲੇ ਇਲਾਕਿਆਂ, ਲੇਬਰ ਕਲੋਨੀਆਂ, ਅਤੇ ਸਲੱਮ ਏਰੀਆਜ਼ ਆਦਿ ਖੇਤਰਾਂ ਵਿੱਚ ਚੈਕਿੰਗ ਕੀਤੀ ਜਾਵੇ ਅਤੇ ਇਸ ਸੰਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਡਿਪਟੀ ਕਮਿਸ਼ਨਰ ਨੇ ਆਬਕਾਰੀ ਵਿਭਾਗ ਨੂੰ ਕਿਹਾ ਕਿ ਮੀਥੇਨੌਲ (ਮਿਥਾਈਲ ਅਲਕੋਹਲ) ਦੇ ਡੀਲਰਾਂ/ਅਦਾਰਿਆਂ ਦੀ ਨਿਗਰਾਨੀ ਰੱਖਣ ਲਈ ਸੰਬਧਤ ਵਿਭਾਗਾਂ ਦੀ ਜੁਆਇੰਟ ਟੀਮਾਂ ਦਾ ਗਠਨ ਕੀਤਾ ਜਾਵੇ ਤਾਂ ਜੋ ਮੀਥੇਨੌਲ (ਮਿਥਾਈਲ ਅਲਕੋਹਲ) ਦੀ ਖਰੀਦ, ਵਿਕਰੀ ਅਤੇ ਮੂਵਮੈਂਟ ਤੇ ਨਿਗਰਾਨੀ ਰੱਖੀ ਜਾ ਸਕੇ। 

 ਡੀ ਸੀ ਨੇ ਸਮੂਹ ਐਸ.ਡੀ.ਐਮਜ਼ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਮੀਥੇਨੌਲ ਅਤੇ ਹੋਰ ਰਸਾਇਣਕ ਪਦਾਰਥਾਂ ਦੇ ਲਾਇਸੈਂਸ ਜਾਰੀ ਕਰਵਾਉਣ ਵਾਲੀਆਂ ਇਕਾਈਆਂ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ। ਡਾ. ਹਿਮਾਂਸ਼ੂ ਅਗਰਵਾਲ ਨੇ ਐਕਸਾਈਜ਼ ਵਿਭਾਗ ਨੂੰ ਹਦਾਇਤ ਕੀਤੀ ਕਿ ਮੀਥੇਨੌਲ ਲਈ ਜ਼ਹਿਰ ਲਾਇਸੈਂਸ ਰੱਖਣ ਵਾਲੀਆਂ ਫਰਮਾਂ ਅਤੇ ਸ਼ਰਾਬ ਨਾਲ ਸਬੰਧਤ ਲਾਇਸੈਂਸਧਾਰਕ ਇਕਾਈਆਂ ਦੀ ਵੱਖ-ਵੱਖ ਸੂਚੀ ਤਿਆਰ ਕਰਕੇ ਸਬੰਧਤ ਵਿਭਾਗਾਂ ਨਾਲ ਸਾਂਝੀ ਕੀਤੀ ਜਾਵੇ, ਤਾਂ ਜੋ ਨਿਗਰਾਨੀ ਅਤੇ ਜਾਂਚ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

ਇਸ ਮੌਕੇ ਐਸ.ਪੀ. ਵੈਭਵ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਚੈਕਿੰਗ ਅਤੇ ਛਾਪੇਮਾਰੀ ਕੀਤੀ ਜਾਂਦੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਹੋਰ ਤੇਜ਼ ਕੀਤੀਆਂ ਜਾਣਗੀਆਂ। ਸਿਵਲ ਸਰਜਨ ਡਾ. ਸ਼ੈਲੀ ਜੇਟਲੀ ਨੇ ਕਿਹਾ ਕਿ ਮੀਥੇਨੌਲ ਵਾਲੀ ਸ਼ਰਾਬ ਦੇ ਸੇਵਨ ਨਾਲ ਚੱਕਰ ਆਉਣਾ, ਉਲਟੀਆਂ, ਸਿਰ ਦਰਦ, ਧੁੰਦਲੀ ਨਜ਼ਰ, ਪੇਟ ਦਰਦ ਅਤੇ ਬੇਹੋਸ਼ੀ ਵਰਗੇ ਲੱਛਣ ਪੈਦਾ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਲੈਣੀ ਲਾਜ਼ਮੀ ਹੈ। 

ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਮੀਥੇਨੌਲ ਯੁਕਤ ਉਦਯੋਗਿਕ ਉਤਪਾਦਾਂ ਦੀ ਸੰਭਾਲ ਅਤੇ ਸਟੋਰੇਜ ਸੁਰੱਖਿਅਤ ਢੰਗ ਨਾਲ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ ਅਤੇ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਸਹਾਇਕ ਕਮਿਸ਼ਨਰ ਐਕਸਾਈਜ਼ ਰਾਜੇਸ਼ ਐਰੀ , ਐਕਸਾਈਜ਼ ਅਫ਼ਸਰ ਰੁਪਿੰਦਰ ਜੀਤ , ਡਰੱਗ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।