5 Dariya News

ਫਰੀਦਾਬਾਦ ਵਿੱਚ ਵਾਤਾਵਰਣ ਸੰਭਾਲ ਨੂੰ ਜਨ ਅੰਦੋਲਨ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ, 45 ਨਵੇਂ ਈਕੋ ਵਣ ਹੋਣਗੇ ਵਿਕਸਿਤ : ਵਿਪੁਲ ਗੋਇਲ

ਗ੍ਰੀਨ ਬੈਲਟ ਨੂੰ ਬਣਾਇਆ ਜਾਵੇਗਾ ਆਕਸੀਜਨ ਕਾਰੀਡੋਰ, ਪ੍ਰਦੂਸ਼ਣ ਕੰਟਰੋਲ ਨੂੰ ਮਿਲੇਗੀ ਮਜ਼ਬੂਤੀ

5 Dariya News

ਫਰੀਦਾਬਾਦ 05-Jun-2026

ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਫਰੀਦਾਬਾਦ ਵਿੱਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਰਿਆਣਾ ਦੇ ਮਾਲ ਅਤੇ ਸ਼ਹਿਰੀ ਸਥਾਨਕ ਨਿਕਾਏ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਵਾਤਾਵਰਣ ਸੰਭਾਲ ਨੂੰ ਜਨ-ਭਾਗੀਦਾਰੀ ਨਾਲ ਜੋੜਦੇ ਹੋਏ ਇਸ ਨੂੰ ਜਨ ਅੰਦੋਲਨ ਦਾ ਰੂਪ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਕੇਵਲ ਸਰਕਾਰ ਦੀ ਜ਼ਿੰਮੇਵਾਰੀ ਨਹੀਂ,ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਅੱਜ ਤੋਂ ਹੀ ਅਗਾਂਹਵਧੂ ਸਮੂਹਿਕ ਯਤਨਾਂ ਦੀ ਲੋੜ ਹੈ।

ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ “ਇੱਕ ਪੇੜ ਮਾਂ ਕੇ ਨਾਮ” ਮੁਹਿੰਮ ਕੁਦਰਤ ਅਤੇ ਸੱਭਿਆਚਾਰ ਨੂੰ ਜੋੜਨ ਵਾਲੀ ਇੱਕ ਪ੍ਰੇਰਨਾਦਾਇਕ ਮੁਹਿੰਮ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਹਰ ਸਾਲ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਵੇ ਅਤੇ ਉਸ ਦੀ ਸੰਭਾਲ ਦਾ ਵੀ ਸੰਕਲਪ ਲਵੇ। ਸਿਰਫ ਰੁੱਖ ਲਗਾਉਣਾ ਹੀ ਨਹੀਂ, ਸਗੋਂ ਪੌਦਿਆਂ ਨੂੰ ਵਿਕਸਿਤ ਕਰਕੇ ਰੁੱਖ ਬਣਾਉਣ ਦੀ ਜ਼ਿੰਮੇਵਾਰੀ ਵੀ ਸਮਾਜ ਨੂੰ ਨਿਭਾਉਣੀ ਪਵੇਗੀ। 

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਵਿਕਾਸ ਵੀ ਅਤੇ ਵਿਰਾਸਤ ਵੀ” ਦੇ ਵਿਜ਼ਨ ਦੇ ਅਨੁਰੂਪ ਦੇਸ਼ ਭਰ ਵਿੱਚ ਵਾਤਾਵਰਣ ਸੰਭਾਲ ਨੂੰ ਜਨ ਅੰਦੋਲਨ ਦਾ ਰੂਪ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਵੀ ਟਿਕਾਊ ਵਿਕਾਸ, ਹਰਿਤ ਭਵਿੱਖ ਅਤੇ ਸਵੱਛ ਵਾਤਾਵਰਣ ਦੇ ਟੀਚੇ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੀ ਹੈ।

ਸ੍ਰੀ ਵਿਪੁਲ ਗੋਇਲ ਨੇ ਐਲਾਨ ਕਰਦਿਆਂ ਕਿਹਾ ਕਿ ਫਰੀਦਾਬਾਦ ਵਿਧਾਨ ਸਭਾ ਖੇਤਰ ਵਿੱਚ ਆਗਾਮੀ 15 ਦਿਨਾਂ ਦੇ ਅੰਦਰ 45 ਨਵੇਂ ਈਕੋ ਵਣ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਖੇਤਰ ਵਿੱਚ ਪਹਿਲਾਂ ਤੋਂ ਵਿਕਸਿਤ 15 ਈਕੋ ਵਣ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੀ ਗਿਣਤੀ 100 ਤੋਂ ਵੱਧ ਕਰਨ ਦਾ ਟੀਚਾ ਮਿਥਿਆ ਗਿਆ ਹੈ। 

ਉਨ੍ਹਾਂ ਨੇ ਕਿਹਾ ਕਿ ਈਕੋ ਵਣ ਸਿਰਫ ਹਰਿਆਵਲ ਵਧਾਉਣ ਦਾ ਸਾਧਨ ਨਹੀਂ ਹਨ, ਸਗੋਂ ਇਹ ਪ੍ਰਦੂਸ਼ਣ ਕੰਟਰੋਲ, ਜੈਵ-ਵਿਵਿਧਤਾ ਸੰਭਾਲ, ਤਾਪਮਾਨ ਸੰਤੁਲਨ ਅਤੇ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਹਰੇ-ਭਰੇ ਖੇਤਰਾਂ ਨਾਲ ਪੰਛੀਆਂ ਦਾ ਕੁਦਰਤੀ ਨਿਵਾਸ ਵਿਕਸਿਤ ਹੁੰਦਾ ਹੈ ਅਤੇ ਸ਼ਹਿਰੀ ਖੇਤਰਾਂ ਵਿੱਚ ਵਾਤਾਵਰਣਿਕ ਸੰਤੁਲਨ ਨੂੰ ਨਵੀਂ ਮਜ਼ਬੂਤੀ ਮਿਲਦੀ ਹੈ।

ਸ੍ਰੀ ਵਿਪੁਲ ਗੋਇਲ ਨੇ ਸਮਾਜ ਸੇਵਕਾਂ, ਉਦਯੋਗਪਤੀਆਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਸਮਾਜਿਕ ਸੰਗਠਨਾਂ, ਨੌਜਵਾਨਾਂ ਅਤੇ ਆਮ ਨਾਗਰਿਕਾਂ ਨੂੰ ਈਕੋ ਵਣ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜਨ-ਭਾਗੀਦਾਰੀ ਨਾਲ ਹੀ ਅਜਿਹੀਆਂ ਮੁਹਿੰਮਾਂ ਸਥਾਈ ਅਤੇ ਸਫ਼ਲ ਬਣਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਪੀੜ੍ਹੀ ਵਾਤਾਵਰਣ ਸੰਭਾਲ ਮੁਹਿੰਮ ਦੀ ਸਭ ਤੋਂ ਮਜ਼ਬੂਤ ਨੀਂਹ ਹੈ ਅਤੇ ਜੇਕਰ ਨੌਜਵਾਨ ਇੱਕ ਪੌਦਾ ਲਗਾਉਣ ਦੇ ਨਾਲ-ਨਾਲ ਉਸ ਦੀ ਸੰਭਾਲ ਦਾ ਸੰਕਲਪ ਲੈਣ ਤਾਂ ਹਰਿਆਣਾ ਦਾ ਵਾਤਾਵਰਣ ਹੋਰ ਵੀ ਅਮੀਰ ਅਤੇ ਸੰਤੁਲਿਤ ਬਣ ਸਕਦਾ ਹੈ।

ਪ੍ਰੋਗਰਾਮ ਦੌਰਾਨ ਵੇਸਟ ਮੈਨੇਜਮੈਂਟ ਪਾਰਕ ਦਾ ਉਦਘਾਟਨ ਅਤੇ ਵੱਖ-ਵੱਖ ਵਾਤਾਵਰਣਿਕ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਗਿਆ। ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਵਿਗਿਆਨਕ ਕੂੜਾ ਪ੍ਰਬੰਧਨ, ਸਵੱਛਤਾ ਅਤੇ ਵਾਤਾਵਰਣ ਦੀ ਸੰਭਾਲ ਇੱਕ-ਦੂਜੇ ਦੇ ਪੂਰਕ ਹਨ। ਵੇਸਟ ਮੈਨੇਜਮੈਂਟ ਪਾਰਕ ਵਰਗੀਆਂ ਪਹਿਲਕਦਮੀਆਂ “ਸਵੱਛ ਭਾਰਤ-ਸਵਸਥ ਭਾਰਤ” ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰਨਗੀਆਂ।

ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ “ਜਲ ਹੈ ਤੋ ਕਲ ਹੈ” (ਪਾਣੀ ਹੈ ਤਾਂ ਭਲਕ ਹੈ) ਕੇਵਲ ਇੱਕ ਨਾਅਰਾ ਨਹੀਂ ਬਲਕਿ ਜੀਵਨ ਦਾ ਅਧਾਰ ਹੈ। ਸਾਡੇ ਸਾਰਿਆਂ ਨੂੰ ਵਾਤਾਵਰਣ ਸੰਭਾਲ, ਜਲ ਸੰਭਾਲ, ਸਵੱਛਤਾ, ਊਰਜਾ ਦੀ ਬਚਤ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੋਵੇਗਾ। ਸਮੂਹਿਕ ਯਤਨਾਂ ਨਾਲ ਹੀ ਆਪਣੇ ਸ਼ਹਿਰਾਂ ਨੂੰ ਸਵੱਛ, ਹਰਿਤ, ਆਧੁਨਿਕ ਅਤੇ ਵਾਤਾਵਰਣ-ਅਨੁਕੂਲ ਸ਼ਹਿਰ ਬਣਾਇਆ ਜਾ ਸਕਦਾ ਹੈ।