ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ
ਲਿਾਕੇ ਦੇ ਕਿਸਾਨਾਂ ਨੂੰ ਫਸਲ ਵੇਚਣ ਦੀ ਮਿਲੇਗੀ ਵੱਡੀ ਸਹੁਲਤ
5 Dariya News
ਲੱਖੇਵਾਲੀ / ਸ੍ਰੀ ਮੁਕਤਸਰ ਸਾਹਿਬ 05-Jun-2026
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਆਪਣੇ ਵਿਧਾਨ ਸਭਾ ਹਲਕਾ ਮਲੋਟ ਅਧੀਨ ਆਉਂਦੀ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਲੱਖੇਵਾਲੀ ਜ਼ੈਲ ਦੇ ਪਿੰਡਾਂ ਦੀ ਇਕ ਵੱਡੀ ਅਨਾਜ ਮੰਡੀ ਦੀ ਮੰਗ ਪੂਰੀ ਹੋ ਗਈ ਹੈ, ਜਿਸ ਨਾਲ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਿੱਚ ਸੌਖ ਹੋਵੇਗੀ।
ਉਹਨਾਂ ਦੱਸਿਆ ਕਿ ਨਵੀਂ ਬਨਣ ਵਾਲੀ ਅਨਾਜ ਮੰਡੀ ਲਈ ਲੱਖੇਵਾਲੀ ਪਿੰਡ ਦੀ ਗਰਾਮ ਪੰਚਾਇਤ ਨੇ ਪੰਚਾਇਤ ਵਿਭਾਗ ਦੀ ਸਹਿਮਤੀ ਤੇ ਆਪਣੀ ਸ਼ਾਮਲਾਟ 4.50 ਏਕੜ ਜਮੀਨ ਪੰਜਾਬ ਮੰਡੀ ਬੋਰਡ ਨੂੰ ਨਵੀਂ ਅਨਾਜ ਮੰਡੀ ਉਸਾਰੀ ਲਈ ਦਾਨ ਵਜੋਂ ਦਿੱਤੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕਿ ਨਵੀਂ ਦਾਣਾ ਮੰਡੀ ਦੀ ਉਸਾਰੀ ਨਾਲ ਕਿਸਾਨਾਂ, ਆੜਤੀਆਂ ਅਤੇ ਖੇਤੀਬਾੜੀ ਨਾਲ ਸਬੰਧਤ ਵਪਾਰੀਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ ਅਤੇ ਉਹਨਾਂ ਪਿੰਡ ਵਾਸੀਆਂ, ਗਰਾਮ ਪੰਚਾਇਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਆਪਣੇ ਅੱਜ ਦੇ ਇਸ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਪਿੰਡ ਲੱਖੇਵਾਲੀ ਵਿਖੇ 7.50 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਆਰ.ਓ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ ਉਹਨਾਂ ਪਿੰਡ ਕਟੋਰੇਵਾਲਾ ਵਿਖੇ ਵੀ ਕਈ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ੍ਰੀ ਜਸ਼ਨ ਬਰਾੜ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਤੇ ਚੇਅਰਮੈਨ ਮਾਰਕੀਟ ਕਮੇਟੀ ਮਲੋਟ ਨੇ ਦੱਸਿਆ ਕਿ ਨਵੀਂ ਬਣਨ ਵਾਲੀ ਅਨਾਜ ਮੰਡੀ ਤੇ ਮੰਡੀ ਬੋਰਡ ਵਲੋਂ 2.50 ਕਰੋੜ ਰੁਪਏ ਖਰਚ ਕੀਤੇ ਜਾਣਗੇ, ਵਿਭਾਗ ਵਲੋਂ ਕੰਮ ਸ਼ੁਰੂ ਕਰਵਾਉਣ ਲਈ ਪਹਿਲੀ ਕਿਸਤ 1.23 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ, ਜਿਸ ਵਿੱਚ ਮੰਡੀ ਦੀ ਚਾਰੀ ਦੀਵਾਰੀ, ਫੜ ਤੋਂ ਇਲਾਵਾ ਇੱਕ ਸਟੀਲ ਦਾ ਕਵਰ ਸੈੱਡ 35 x 35 ਫੁੱਟ ਵੀ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੇਵ ਸਿੰਘ ਬਾਮ ਚੇਅਰਮੈਨ ਕੋਅਪ੍ਰੇਟਿਵ ਬੈਂਕ ਪੰਜਾਬ, ਕਾਰਜਕਾਰੀ ਇੰਜਨੀਅਰ ਮੰਡੀ ਬੋਰਡ ਵੀਨਸ ਗਰਗ, ਸਿਮਰਜੀਤ ਸਿੰਘ ਚੇਅਰਮੈਨ ਸੈਂਟਰਲ ਕੋਅਪਰੇਟਿਵ ਬੈਂਕ ਸ੍ਰੀ ਮੁਕਤਸਰ ਸਾਹਿਬ, ਕੁਲਦੀਪ ਸਿੰਘ ਜਿਉਣਾ ਸਰਪੰਚ ਮੰਡੀ ਲੱਖੇਵਾਲੀ, ਪਰਮਜੀਤ ਸਿੰਘ ਸਰਪੰਚ ਭਾਗਸਰ, ਅੰਗਰੇਜ ਸਿੰਘ ਸਰਪੰਚ ਗੰਧੜ, ਜਗਮੀਤ ਸਿੰਘ ਸਰਪੰਚ ਬਾਮ, ਰਵਿੰਦਰ ਸਿੰਘ ਸਰਪੰਚ ਰੁਪਾਣਾ, ਜੱਜ ਸਿੰਘ ਬਲਾਕ ਸੰਮਤੀ ਮੈਂਬਰ, ਮਾਸਟਰ ਅਜਾਇਬ ਸਿੰਘ ਰੁਪਾਣਾ ਮੈਂਬਰ ਬਲਾਕ ਸੰਮਤੀ, ਲਾਭ ਸਿੰਘ ਭੁੱਲਰ, ਗੁਰਲਾਲ ਸਿੰਘ ਐੱਸ. ਡੀ. ਓ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।