5 Dariya News

ਰਾਏਪੁਰ ਕਲਾਂ ਦੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ

ਗਮਾਡਾ ਅਤੇ ਐਮਜੀਐਫ ਪ੍ਰੋਜੈਕਟ ਖ਼ਿਲਾਫ਼ ਫੁੱਟਿਆ ਗੁੱਸਾ

5 Dariya News

ਮੋਹਾਲੀ 02-Jun-2026

ਮੋਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਿੰਡ ਰਾਏਪੁਰ ਕਲਾਂ ਦਾ ਦੌਰਾ ਕਰਕੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚਾਰੋਂ ਪਾਸਿਆਂ ਤੋਂ ਵਿਕਸਿਤ ਕਾਲੋਨੀਆਂ ਅਤੇ ਹਾਊਸਿੰਗ ਪ੍ਰੋਜੈਕਟਾਂ ਨਾਲ ਘਿਰਿਆ ਇਹ ਪਿੰਡ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ ਅਤੇ ਲੋਕ ਬੇਹੱਦ ਮਾੜੀਆਂ ਹਾਲਤਾਂ ਵਿੱਚ ਜੀਵਨ ਬਿਤਾਉਣ ਲਈ ਮਜਬੂਰ ਹਨ।

ਬੇਦੀ ਨੇ ਦੱਸਿਆ ਕਿ ਐਮਜੀਐਫ ਪ੍ਰੋਜੈਕਟ ਵੱਲੋਂ ਇਸ ਪਿੰਡ ਨੂੰ ਸਾਲ 2006 ਵਿੱਚ ਗੋਦ ਲਿਆ ਗਿਆ ਸੀ, ਪਰ ਪਿਛਲੇ ਲਗਭਗ 20 ਸਾਲਾਂ ਦੌਰਾਨ ਪਿੰਡ ਦੇ ਵਿਕਾਸ ਲਈ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਕੋਈ ਢੰਗ ਦੀ ਵਿਵਸਥਾ ਨਹੀਂ ਹੈ, ਜਿਸ ਕਾਰਨ ਚਾਰੋਂ ਪਾਸੇ ਗੰਦਗੀ ਅਤੇ ਬਦਬੂ ਫੈਲੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਐਮਜੀਐਫ ਵੱਲੋਂ ਲਗਾਏ ਗਏ ਐਸਟੀਪੀ (ਸੀਵਰੇਜ ਟਰੀਟਮੈਂਟ ਪਲਾਂਟ) ਤੋਂ ਨਿਕਲਣ ਵਾਲੇ ਪਾਣੀ ਦੀ ਨਿਕਾਸੀ ਲਈ ਵੀ ਕੋਈ ਪੱਕਾ ਆਊਟਲੈੱਟ ਨਹੀਂ ਹੈ। ਇਸ ਕਾਰਨ ਗੰਦਾ ਪਾਣੀ ਪਿੰਡ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਖੜ੍ਹਾ ਰਹਿੰਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਕੋਈ ਛੱਪੜ ਵੀ ਨਹੀਂ ਬਚਿਆ, ਜਿੱਥੇ ਵਾਧੂ ਪਾਣੀ ਦੀ ਨਿਕਾਸੀ ਹੋ ਸਕੇ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਗਮਾਡਾ ਦੇ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਹੈ ਅਤੇ ਮੰਗ ਕੀਤੀ ਹੈ ਕਿ ਪਿੰਡ ਦੇ ਵਿਕਾਸ ਅਤੇ ਗੰਦੇ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐਮਜੀਐਫ ਪ੍ਰੋਜੈਕਟ ਨੂੰ ਵੀ ਆਪਣੇ ਵਾਅਦਿਆਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਪਿੰਡ ਦੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈ।

ਬੇਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੇ ਜਲਦ ਧਿਆਨ ਨਾ ਦਿੱਤਾ ਤਾਂ ਪਿੰਡ ਵਾਸੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਇਸ ਮੌਕੇ ਸਰਪੰਚ ਲਖਬੀਰ ਸਿੰਘ, ਪੰਚ ਸਲੀਮ ਖਾਨ ਮੰਗਾ ਅਤੇ ਹੋਰ ਪਿੰਡ ਵਾਸੀਆਂ ਨੇ ਸਾਬਕਾ ਡਿਪਟੀ ਮੇਅਰ ਨੂੰ ਪਿੰਡ ਦੀਆਂ ਮੁੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਹੱਲ ਦੀ ਮੰਗ ਕੀਤੀ।