5 Dariya News

5 ਲੱਖ ਕਰੋੜ ਦੇ ਨਿਵੇਸ਼ ਟੀਚੇ ਨਾਲ ਮੁੱਖ ਮੰਤਰੀ ਨੇ 'ਮੇਕ ਇਨ ਹਰਿਆਣਾ ਪਾਲਿਸੀ' ਕੀਤੀ ਲਾਂਚ, ਪਹਿਲੇ ਹੀ ਦਿਨ 1 ਲੱਖ 10 ਹਜ਼ਾਰ ਕਰੋੜ ਦੇ ਹੋਏ ਐਮਓਯੂ

9 ਨਵੀਆਂ ਸੈਕਟੋਰਲ ਪਾਲਿਸੀਆਂ, ਇੱਕ ਸਮਾਰਟ ਨਿਵੇਸ਼ ਸਹੂਲਤ ਪੋਰਟਲ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਲਾਂਚ

5 Dariya News

ਗੁਰੂਗ੍ਰਾਮ 01-Jun-2026

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਗੁਰੂਗ੍ਰਾਮ ਵਿੱਚ ‘ਮੇਕ ਇਨ ਹਰਿਆਣਾ ਇੰਡਸਟਰੀਅਲ ਪਾਲਿਸੀ’ ਨੂੰ ਲਾਂਚ ਕੀਤਾ। ਸੂਬੇ ਵਿੱਚ 5 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਲੈ ਕੇ ਲਾਂਚ ਕੀਤੀ ਗਈ ਇਸ ਪਾਲਿਸੀ ਦੇ ਪਹਿਲੇ ਹੀ ਦਿਨ 1 ਲੱਖ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ਦੇ ਐਮਓਯੂ ਹੋਏ। 

ਇਸ ਦੇ ਨਾਲ-ਨਾਲ ਉਨ੍ਹਾਂ ਨੇ 9 ਨਵੀਆਂ ਸੈਕਟੋਰਲ ਪਾਲਿਸੀਆਂ ਅਤੇ ਇੱਕ ਸਮਾਰਟ ਨਿਵੇਸ਼ ਸਹੂਲਤ ਪੋਰਟਲ ਵੀ ਲਾਂਚ ਕੀਤਾ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ‘ਹੈਪਨਿੰਗ ਹਰਿਆਣਾ ਗਲੋਬਲ ਇਨਵੈਸਟਰ ਸਮਿਟ’ ਦੇ ਲੋਗੋ ਦਾ ਵੀ ਪਰਦਾਫਾਸ਼ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਵੀਂ ਪਾਲਿਸੀ ਨਾਲ ਉਦਯੋਗ ਹੋਰ ਮਜ਼ਬੂਤ ਹੋਣਗੇ। 

ਨਿਵੇਸ਼ ਪ੍ਰਕਿਰਿਆ ਸਰਲ ਹੋਵੇਗੀ ਅਤੇ ਵਿਕਾਸ ਦੇ ਮੌਕੇ ਹੋਰ ਵਿਆਪਕ ਹੋਣਗੇ। ਇਸ ਨਾਲ ਸੂਬੇ ਨੂੰ ਇੱਕ ਨਵੀਂ ਦਸ਼ਾ ਅਤੇ ਦਿਸ਼ਾ ਮਿਲੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੁਨੀਆ ਦੇ ਨਿਵੇਸ਼ ਕਰਨ ਦਾ ਤਰੀਕਾ ਬਦਲ ਰਿਹਾ ਹੈ। ਅੱਜ ਉਦਯੋਗ ਸਿਰਫ਼ ਇੰਸੈਂਟਿਵ ਹੀ ਨਹੀਂ ਦੇਖਦੇ, ਉਹ ਈਕੋਸਿਸਟਮ ਵੀ ਦੇਖਦੇ ਹਨ। 

ਉਹ ਪੁੱਛਦੇ ਹਨ ਕਿ ਕਿਹੜਾ ਰਾਜ ਤੇਜ਼ੀ ਨਾਲ ਫੈਸਲੇ ਲੈ ਸਕਦਾ ਹੈ? ਕਿਹੜਾ ਰਾਜ ਭਰੋਸਾ ਦੇ ਸਕਦਾ ਹੈ? ਕਿਹੜਾ ਰਾਜ ਲੰਬੇ ਸਮੇਂ ਤੱਕ ਗ੍ਰੋਥ ਪਾਰਟਨਰ ਬਣ ਸਕਦਾ ਹੈ? ਇਹੋ ਉਹ ਖੇਤਰ ਹੈ, ਜਿੱਥੇ ਹਰਿਆਣਾ ਅਗਵਾਈ ਕਰਨ ਜਾ ਰਿਹਾ ਹੈ। ‘ਮੇਕ ਇਨ ਹਰਿਆਣਾ’ ਸਿਰਫ਼ ਇੱਕ ਇੰਡਸਟਰੀਅਲ ਪਾਲਿਸੀ ਨਹੀਂ ਹੈ, ਇਹ ਹਰਿਆਣਾ ਦੇ ਆਰਥਿਕ ਵਿਕਾਸ ਦੇ ਅਗਲੇ ਪੜਾਅ ਦਾ ਰੋਡਮੈਪ ਹੈ। 

ਅਜਿਹਾ ਰੋਡਮੈਪ ਜੋ ਕੰਪੀਟੀਟਿਵਨੈਸ, ਇਨੋਵੇਸ਼ਨ, ਸਸਟੇਨੇਬਿਲਟੀ, ਐਕਸਪੋਰਟ, ਰੁਜ਼ਗਾਰ ਅਤੇ ਫਿਊਚਰ-ਰੇਡੀ ਮੈਨੂਫੈਕਚਰਿੰਗ 'ਤੇ ਅਧਾਰਤ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਹਰਿਆਣਾ ਵਿੱਚ ਨਿਵੇਸ਼ ਕਰੋ, ਹਰਿਆਣਾ ਦੇ ਨਾਲ ਵਧੋ ਅਤੇ ਆਪਣੇ ਭਵਿੱਖ ਦਾ ਨਿਰਮਾਣ ਕਰੋ। 

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਨਿਵੇਸ਼ ਕਰਨ ਦਾ ਮਤਲਬ ਭਵਿੱਖ ਵਿੱਚ ਨਿਵੇਸ਼ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਜਲਦੀ ਹੀ 'ਹਰਿਆਣਾ ਗਲੋਬਲ ਇਨਵੈਸਟਰ ਸਮਿਟ' ਦਾ ਆਯੋਜਨ ਕੀਤਾ ਜਾਵੇਗਾ।

ਹਰਿਆਣਾ ਦੇਸ਼ ਦੀਆਂ ਸਭ ਤੋਂ ਮਜ਼ਬੂਤ ਅਰਥਵਿਵਸਥਾਵਾਂ ਵਿੱਚੋਂ ਇੱਕ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇਸ਼ ਦੀਆਂ ਸਭ ਤੋਂ ਮਜ਼ਬੂਤ ਉਦਯੋਗਿਕ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਦੇਸ਼ ਦੇ ਸਿਰਫ਼ 1.3 ਫੀਸਦੀ ਭੂਗੋਲਿਕ ਖੇਤਰ ਦੇ ਬਾਵਜੂਦ ਹਰਿਆਣਾ ਭਾਰਤ ਦੀ ਜੀਡੀਪੀ ਵਿੱਚ ਲਗਭਗ 3.6 ਫੀਸਦੀ ਯੋਗਦਾਨ ਪਾਉਂਦਾ ਹੈ। 

ਐਕਸਪ੍ਰੈਸਵੇਅ, ਫਰੇਟ ਕਾਰੀਡੋਰ, ਰੇਲ ਕਨੈਕਟੀਵਿਟੀ, ਲੌਜਿਸਟਿਕਸ ਹੱਬ ਅਤੇ ਐਨਸੀਆਰ ਤੱਕ ਸਿੱਧੀ ਪਹੁੰਚ ਨੇ ਹਰਿਆਣਾ ਨੂੰ ਭਾਰਤ ਦੇ ਸਭ ਤੋਂ ਰਣਨੀਤਕ ਨਿਵੇਸ਼ ਕੇਂਦਰਾਂ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਗਲੋਬਲ ਕੰਪਨੀਆਂ ਹਰਿਆਣਾ ਨੂੰ ਮੈਨੂਫੈਕਚਰਿੰਗ ਡੈਸਟੀਨੇਸ਼ਨ ਦੇ ਨਾਲ-ਨਾਲ ਗ੍ਰੋਥ ਡੈਸਟੀਨੇਸ਼ਨ ਵਜੋਂ ਵੀ ਦੇਖ ਰਹੀਆਂ ਹਨ।

ਸਪੀਡ ਅਤੇ ਟਰਸਟ ਸਾਡਾ ਉਦੇਸ਼

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੁਨੀਆ ਭਰ ਦੀਆਂ ਸਰਕਾਰਾਂ ਇੱਕ ਗੱਲ ਸਮਝ ਚੁੱਕੀਆਂ ਹਨ ਕਿ ਸਿਰਫ਼ 'ਈਜ਼-ਆਫ਼-ਡੂਇੰਗ ਬਿਜ਼ਨਸ' ਹੁਣ ਕਾਫ਼ੀ ਨਹੀਂ ਹੈ, ਅਗਲਾ ਦੌਰ ਇੰਟੈਲੀਜੈਂਟ ਗਵਰਨੈਂਸ ਦਾ ਹੈ। ਇਸੇ ਲਈ ਅੱਜ ਹਰਿਆਣਾ ਨੇ 'ਇੰਟੈਲੀਜੈਂਟ ਇਨਵੈਸਟਮੈਂਟ ਫੈਸਿਲੀਟੇਸ਼ਨ ਪੋਰਟਲ' ਲਾਂਚ ਕੀਤਾ ਹੈ ਜੋ ਬੇਹੱਦ ਮਹੱਤਵਪੂਰਨ ਹੈ। ਇਹ ਪੋਰਟਲ ਸਰਕਾਰ ਅਤੇ ਉਦਯੋਗਾਂ ਵਿਚਕਾਰ ਕੰਮ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ। 

ਸਾਡਾ ਉਦੇਸ਼ ਸਪੀਡ ਅਤੇ ਭਰੋਸਾ ਹੈ। ਹੁਣ ਨਿਵੇਸ਼ਕਾਂ ਨੂੰ ਪ੍ਰਵਾਨਗੀਆਂ, ਜ਼ਮੀਨ, ਇੰਸੈਂਟਿਵ, ਕੰਪਲਾਇੰਸ ਅਤੇ ਕਲੀਅਰੈਂਸ ਲਈ ਵੱਖ-ਵੱਖ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ, ਸਾਰੀਆਂ ਸਹੂਲਤਾਂ ਇੱਕੋ ਥਾਂ ਮਿਲਣਗੀਆਂ। ਇਸ ਪੋਰਟਲ ਰਾਹੀਂ ਨਿਵੇਸ਼ਕਾਂ ਨੂੰ ਜੀਆਈਐਸ ਅਧਾਰਤ ਲੈਂਡ ਆਈਡੈਂਟੀਫਿਕੇਸ਼ਨ, ਆਟੋਮੇਟਿਡ ਇਨਵੈਸਟਮੈਂਟ ਬਲੂਪ੍ਰਿੰਟ, ਏਆਈ ਅਧਾਰਤ ਸਹਾਇਤਾ, ਪ੍ਰਵਾਨਗੀ ਮਾਰਗ (ਅਪ੍ਰੂਵਲ ਪਾਥਵੇਅ), ਇੰਫਰਾਸਟਰਕਚਰ ਇਨਫਰਮੇਸ਼ਨ ਅਤੇ ਪਾਲਿਸੀ ਸਪੋਰਟ, ਇਹ ਸਭ ਕੁਝ ਇੱਕ ਇੰਟੀਗ੍ਰੇਟਿਡ ਡਿਜੀਟਲ ਪਲੇਟਫਾਰਮ 'ਤੇ ਉਪਲਬਧ ਹੋਵੇਗਾ। ਇਹ ਸਿਰਫ਼ ਡਿਜੀਟਾਈਜ਼ੇਸ਼ਨ ਨਹੀਂ ਹੈ, ਇਹ ਗਵਰਨੈਂਸ ਟ੍ਰਾਂਸਫਾਰਮੇਸ਼ਨ ਹੈ।

ਇੰਡਸਟਰੀ ਨੂੰ ਹਰਿਆਣਾ 'ਤੇ ਭਰੋਸਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਲਗਭਗ 80 ਹਜ਼ਾਰ ਕਰੋੜ ਰੁਪਏ ਦੇ ਜੋ ਇਨਵੈਸਟਮੈਂਟ ਪ੍ਰਪੋਜ਼ਲ ਸਾਈਨ ਹੋਏ ਹਨ, ਉਹ ਇੱਕ ਬਹੁਤ ਮਜ਼ਬੂਤ ਸੰਦੇਸ਼ ਦਿੰਦੇ ਹਨ। ਇੰਡਸਟਰੀ ਨੂੰ ਹਰਿਆਣਾ 'ਤੇ ਭਰੋਸਾ ਹੈ। ਇਹ ਨਿਵੇਸ਼ ਸਿਰਫ਼ ਇੱਕ ਅੰਕੜਾ ਨਹੀਂ ਹੈ, ਇਹ ਨਵੇਂ ਉਦਯੋਗ ਹਨ, ਨਵੀਂ ਸਪਲਾਈ ਚੇਨ ਹਨ, ਐਮਐਸਐਮਈ ਲਈ ਨਵੇਂ ਮੌਕੇ ਹਨ, ਨੌਜਵਾਨਾਂ ਲਈ ਨਵੇਂ ਰੁਜ਼ਗਾਰ ਹਨ ਅਤੇ ਹਰਿਆਣਾ ਦੀ ਅਰਥਵਿਵਸਥਾ ਲਈ ਨਵੀਂ ਊਰਜਾ ਹੈ। 

ਉਨ੍ਹਾਂ ਨੇ ਉਨ੍ਹਾਂ ਸਾਰੇ ਨਿਵੇਸ਼ਕਾਂ ਅਤੇ ਉਦਯੋਗਿਕ ਆਗੂਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹਰਿਆਣਾ ਨੂੰ ਆਪਣਾ ਗ੍ਰੋਥ ਪਾਰਟਨਰ ਚੁਣਿਆ ਹੈ।

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅਸੀਂ ਤਿਆਰ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਸਭ ਤੋਂ ਵੱਡੀ ਤਾਕਤ ਹਮੇਸ਼ਾ ਇੱਥੋਂ ਦੇ ਲੋਕ ਰਹੇ ਹਨ। ਸਾਡੇ ਕਿਸਾਨਾਂ, ਉਦਮੀ, ਐਮਐਸਐਮਈ, ਸਟਾਰਟਅੱਪਸ, ਉਦਯੋਗਿਕ ਕਾਮਿਆਂ ਅਤੇ ਉਦਯੋਗਿਕ ਆਗੂਆਂ, ਇਨ੍ਹਾਂ ਸਾਰਿਆਂ ਨੇ ਮਿਲ ਕੇ ਹਰਿਆਣਾ ਦੀ ਗ੍ਰੋਥ ਸਟੋਰੀ ਲਿਖੀ ਹੈ। 

ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸੇ ਸਪੀਡ, ਟਰਸਟ ਅਤੇ ਕਮਿਟਮੈਂਟ ਨਾਲ ਵਿਕਾਸ ਦੇ ਅਗਲੇ ਪੜਾਅ ਦਾ ਨਿਰਮਾਣ ਕਰੀਏ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਵਿੱਖ ਉਨ੍ਹਾਂ ਰਾਜਾਂ ਦਾ ਹੋਵੇਗਾ ਜੋ ਤੇਜ਼ੀ ਨਾਲ ਫੈਸਲੇ ਲੈਣਗੇ, ਜੋ ਸਮਾਰਟ ਗਵਰਨੈਂਸ ਦੇਣਗੇ ਅਤੇ ਜੋ ਇੰਡਸਟਰੀ ਨਾਲ ਮਜ਼ਬੂਤ ਪਾਰਟਨਰਸ਼ਿਪ ਬਣਾਉਣਗੇ। 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਯੋਗ ਰਹਿਨੁਮਾਈ ਹੇਠ ਹਰਿਆਣਾ ਇਸ ਭਵਿੱਖ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਸਾਰੇ ਨਿਵੇਸ਼ਕਾਂ, ਇਨੋਵੇਟਰਾਂ ਅਤੇ ਗਲੋਬਲ ਪਾਰਟਨਰਜ਼ ਨੂੰ ਹਰਿਆਣਾ ਦੀ ਇਸ ਨਵੀਂ ਗ੍ਰੋਥ ਸਟੋਰੀ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ।

ਹਰਿਆਣਾ ਨੂੰ ਫਿਊਚਰ ਇੰਡਸਟਰੀਜ਼ ਦਾ ਪਾਵਰਹਾਊਸ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ - ਰਾਓ ਨਰਬੀਰ ਸਿੰਘ

ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੇ ਉਦਯੋਗਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸਿਰਫ਼ ਨਵੀਆਂ ਨੀਤੀਆਂ ਲਾਗੂ ਕਰਨ ਤੱਕ ਸੀਮਤ ਨਹੀਂ ਹੈ, ਬਲਕਿ ਹਰਿਆਣਾ ਦੀ ਉਦਯੋਗਿਕ ਸੋਚ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਢਾਲਣ ਦਾ ਕੰਮ ਕਰ ਰਹੀ ਹੈ। 

ਸਰਕਾਰ ਦਾ ਟੀਚਾ ਹਰਿਆਣਾ ਨੂੰ ਸਿਰਫ਼ ਮੈਨੂਫੈਕਚਰਿੰਗ ਡੈਸਟੀਨੇਸ਼ਨ ਵਜੋਂ ਸਥਾਪਿਤ ਕਰਨਾ ਨਹੀਂ, ਬਲਕਿ ਇਸ ਨੂੰ ਇਨੋਵੇਸ਼ਨ, ਐਕਸਪੋਰਟ, ਟੈਕਨਾਲੋਜੀ ਅਤੇ ਭਵਿੱਖ ਦੇ ਉਦਯੋਗਾਂ ਦਾ ਪ੍ਰਮੁੱਖ ਕੇਂਦਰ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹੋਏ ਨਿਵੇਸ਼ ਸਮਝੌਤੇ, ਨਵੀਆਂ ਸਾਂਝੇਦਾਰੀਆਂ ਅਤੇ ਉਦਯੋਗ ਜਗਤ ਦੀ ਸਕਾਰਾਤਮਕ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹਨ ਕਿ ਹਰਿਆਣਾ ਨਿਵੇਸ਼ਕਾਂ ਲਈ ਸਭ ਤੋਂ ਭਰੋਸੇਮੰਦ ਰਾਜਾਂ ਵਿੱਚ ਸ਼ਾਮਲ ਹੋ ਰਿਹਾ ਹੈ। 

ਉਨ੍ਹਾਂ ਕਿਹਾ ਕਿ ਉਦਯੋਗਾਂ ਵੱਲੋਂ ਪ੍ਰਗਟ ਕੀਤੇ ਗਏ ਨਿਵੇਸ਼ ਪ੍ਰਸਤਾਵ ਸਿਰਫ਼ ਅੰਕੜੇ ਨਹੀਂ ਹਨ, ਬਲਕਿ ਉਹ ਆਉਣ ਵਾਲੇ ਸਮੇਂ ਵਿੱਚ ਅਸਲ ਨਿਵੇਸ਼ ਅਤੇ ਰੁਜ਼ਗਾਰ ਸਿਰਜਣ ਦੇ ਰੂਪ ਵਿੱਚ ਜ਼ਮੀਨ 'ਤੇ ਦਿਖਾਈ ਦੇਣਗੇ। ਉਨ੍ਹਾਂ ਨੇ ਉਦਯੋਗਪਤੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਹਰਿਆਣਾ ਸਰਕਾਰ ਨਿਵੇਸ਼ਕਾਂ ਨੂੰ ਲੋੜੀਂਦੀਆਂ ਸਹੂਲਤਾਂ, ਅਨੁਕੂਲ ਨੀਤੀਆਂ ਅਤੇ ਬਿਹਤਰ ਪ੍ਰਸ਼ਾਸਨਿਕ ਸਹਿਯੋਗ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਤਾਂ ਜੋ ਹਰਿਆਣਾ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾ ਸਕੇ।

'ਮੇਕ ਇਨ ਹਰਿਆਣਾ ਪਾਲਿਸੀ' ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗੀ - ਅਰੁਣ ਕੁਮਾਰ ਗੁਪਤਾ

ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ ਨੇ ਕਿਹਾ ਕਿ ਅੱਜ ਅਸੀਂ ਸਿਰਫ਼ ਪਾਲਿਸੀ ਦੀ ਸ਼ੁਰੂਆਤ ਹੁੰਦੇ ਹੋਏ ਨਹੀਂ ਦੇਖੀ ਹੈ ਬਲਕਿ ਸੁਨਹਿਰੇ ਹਰਿਆਣਾ ਦੇ ਇੱਕ ਭਵਿੱਖ ਦੀ ਤਸਵੀਰ ਦੇਖੀ ਹੈ। ਇੱਕ ਅਜਿਹੀ ਤਸਵੀਰ ਜੋ ਹਰਿਆਣਾ ਵਿੱਚ ਉਦਯੋਗਿਕ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੀ ਹੈ। 

ਇੱਕ ਅਜਿਹੀ ਤਸਵੀਰ ਜੋ ਸਾਨੂੰ ਨਵੇਂ ਮੌਕਿਆਂ ਦੀ ਉਪਲਬਧਤਾ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਇੱਕ ਅਜਿਹੀ ਤਸਵੀਰ ਜੋ ਸੰਪੂਰਨ ਵਿਕਾਸ ਦਾ ਪ੍ਰਤੀਕ ਹੈ। ਇਹ ਪਾਲਿਸੀ ਸਰਕਾਰੀ ਦਫ਼ਤਰਾਂ ਵਿੱਚ ਬੈਠ ਕੇ ਬਣਾਈ ਗਈ ਪਾਲਿਸੀ ਨਹੀਂ ਹੈ ਬਲਕਿ ਸਾਰੇ ਉਦਯੋਗ ਜਗਤ ਦੇ ਨੁਮਾਇੰਦਿਆਂ ਨਾਲ ਬੈਠ ਕੇ, ਗੱਲਬਾਤ ਕਰਕੇ ਬਣਾਈ ਗਈ ਪਾਲਿਸੀ ਹੈ। 

ਸਾਡਾ ਮਕਸਦ ਅਜਿਹਾ ਈਕੋਸਿਸਟਮ ਤਿਆਰ ਕਰਨਾ ਹੈ ਜਿਸ ਨਾਲ ਨਿਵੇਸ਼ਕਾਂ ਨੂੰ ਭਰੋਸਾ ਹੋਵੇ ਕਿ ਇਹ ਪਾਲਿਸੀ ਦੂਜੇ ਰਾਜਾਂ ਨਾਲੋਂ ਬਿਹਤਰ ਹੈ ਅਤੇ ਲੰਬੇ ਸਮੇਂ ਦੀ ਗ੍ਰੋਥ ਦੀ ਸੂਚਕ ਹੈ। ਉਨ੍ਹਾਂ ਕਿਹਾ ਕਿ ਅੱਜ 1 ਲੱਖ 10 ਹਜ਼ਾਰ ਕਰੋੜ ਰੁਪਏ ਦੇ ਐਮਓਯੂ ਇਸ ਗੱਲ ਦਾ ਪ੍ਰਮਾਣ ਹਨ ਕਿ ਨਿਵੇਸ਼ਕਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਵੱਲੋਂ ਲਾਂਚ ਕੀਤੀ ਗਈ ਪਾਲਿਸੀ 'ਤੇ ਪੂਰਾ ਭਰੋਸਾ ਹੈ। 

ਨਿਵੇਸ਼ਕਾਂ ਨੂੰ ਉਨ੍ਹਾਂ ਦੀਆਂ ਨੀਤੀਆਂ 'ਤੇ ਭਰੋਸਾ ਹੈ, ਉਨ੍ਹਾਂ ਦੀ ਕਾਰਜਸ਼ੈਲੀ 'ਤੇ ਭਰੋਸਾ ਹੈ ਅਤੇ ਪੂਰੇ ਸਿਸਟਮ 'ਤੇ, ਸਰਕਾਰੀ ਸਿਸਟਮ 'ਤੇ ਭਰੋਸਾ ਹੈ। ਤੁਹਾਡਾ ਇਹ ਭਰੋਸਾ ਸਾਨੂੰ ਆਪਣੇ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਦਾ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਇਸ ਭਰੋਸੇ 'ਤੇ ਖ਼ਰੇ ਉਤਰ ਸਕੀਏ। 

ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਜਾਰੀ ਕੀਤੀ ਗਈ ਜੋ ਪਾਲਿਸੀ ਹੈ, ਉਹ ਨਾ ਸਿਰਫ਼ ਉਦਯੋਗਿਕ ਵਿਕਾਸ ਨੂੰ ਗਤੀ ਪ੍ਰਦਾਨ ਕਰੇਗੀ ਬਲਕਿ ਵਪਾਰ ਦੇ ਨਵੇਂ ਮੌਕੇ, ਨੌਜਵਾਨਾਂ ਲਈ ਰੁਜ਼ਗਾਰ ਦੇ ਸਿਰਜਣ ਅਤੇ ਰਾਜ ਲਈ ਇੱਕ ਸੰਪੂਰਨ ਵਿਕਾਸ ਦਾ ਕਾਰਜ ਵੀ ਕਰੇਗੀ। ਅੱਜ ਜੋ ਜੋਸ਼ ਅਸੀਂ ਸਾਰਿਆਂ ਨੇ ਦੇਖਿਆ ਹੈ, ਉਹ ਸਿਰਫ਼ ਇੱਕ ਸ਼ੁਰੂਆਤ ਹੈ। ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਹਰ ਆਉਣ ਵਾਲੇ ਸਾਲ ਵਿੱਚ ਹਰਿਆਣਾ ਦੇ ਉਦਯੋਗਿਕ ਵਿਕਾਸ ਦਾ ਇੱਕ ਨਵਾਂ ਅਧਿਆਇ ਅਸੀਂ ਸਾਰੇ ਮਿਲ ਕੇ ਲਿਖਾਂਗੇ।

'ਮੇਕ ਇਨ ਹਰਿਆਣਾ' ਸੂਬੇ ਦੀ ਨਵੀਂ ਸੋਚ ਨੂੰ ਦਰਸਾਉਂਦੀ ਹੈ - ਡਾ. ਅਮਿਤ ਅਗਰਵਾਲ

ਉਦਯੋਗ ਅਤੇ ਵਣਜ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਉਦੇਸ਼ ਸਿਰਫ਼ ਪਾਲਿਸੀ ਲਾਂਚ ਕਰਨਾ ਨਹੀਂ ਹੈ ਸਗੋਂ ਹਰਿਆਣਾ ਦੀ ਨਵੀਂ ਸੋਚ ਅਤੇ ਨਵੇਂ ਅਪ੍ਰੋਚ (ਪਹੁੰਚ) ਨੂੰ ਪੇਸ਼ ਕਰਨ ਦਾ ਮੌਕਾ ਹੈ। ਕਾਫ਼ੀ ਸਮੇਂ ਤੱਕ ਦੁਨੀਆ ਭਰ ਦੇ ਸਾਰੇ ਦੇਸ਼ ਅਤੇ ਰਾਜ ਇੰਸੈਂਟਿਵ ਦੇ ਅਧਾਰ 'ਤੇ ਮੁਕਾਬਲਾ ਕਰਦੇ ਰਹੇ ਹਨ ਪਰ ਹੁਣ ਹਾਲਾਤ ਬਦਲ ਚੁੱਕੇ ਹਨ। 

ਅੱਜ ਨਿਵੇਸ਼ਕ ਸਵਾਲ ਕਰਦੇ ਹਨ ਕਿ ਕੀ ਸਰਕਾਰ ਤੇਜ਼ੀ ਨਾਲ ਫੈਸਲੇ ਲੈ ਸਕਦੀ ਹੈ, ਕੀ ਸਰਕਾਰ ਲੰਬੇ ਸਮੇਂ ਦੀ ਵਿਕਾਸ ਭਾਗੀਦਾਰ ਬਣ ਸਕਦੀ ਹੈ। ਪਿਛਲੇ ਕਈ ਮਹੀਨਿਆਂ ਵਿੱਚ ਹਰਿਆਣਾ ਨੇ ਇਨ੍ਹਾਂ ਸਵਾਲਾਂ 'ਤੇ ਬੜੀ ਗੰਭੀਰਤਾ ਨਾਲ ਕੰਮ ਕੀਤਾ ਹੈ ਅਤੇ ਅੱਜ ਜੋ ਤੁਸੀਂ ਦੇਖਣ ਜਾ ਰਹੇ ਹੋ ਉਹ ਉਸੇ ਸੋਚ ਦਾ ਨਤੀਜਾ ਹੈ ਕਿ ਨਵੀਂ ਪਾਲਿਸੀ ਲਾਂਚ ਹੋ ਰਹੀ ਹੈ। 

ਇਸ ਪਾਲਿਸੀ ਤੋਂ ਪਹਿਲਾਂ ਸਟੇਕਹੋਲਡਰਜ਼ ਨਾਲ ਗੱਲਬਾਤ ਕੀਤੀ ਗਈ, ਉਨ੍ਹਾਂ ਦੇ ਵਿਚਾਰ ਜਾਣੇ ਗਏ ਅਤੇ ਇਸ ਤੋਂ ਬਾਅਦ ਇਸ ਪਾਲਿਸੀ ਨੂੰ ਤਿਆਰ ਕੀਤਾ ਗਿਆ। ਇਹ ਪਾਲਿਸੀ ਦਰਸਾਉਂਦੀ ਹੈ ਕਿ ਹਰਿਆਣਾ ਸਿਰਫ਼ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਗੱਲ ਨਹੀਂ ਕਰਦਾ ਬਲਕਿ ਭਵਿੱਖ ਵਿੱਚ ਕਿਸੇ ਮੁਸ਼ਕਿਲ ਦੇ ਸਮੇਂ ਉਦਯੋਗਾਂ ਨਾਲ ਖੜ੍ਹੇ ਰਹਿਣ ਦੀ ਵਚਨਬੱਧਤਾ ਵੀ ਰੱਖਦਾ ਹੈ। 

ਇਸ ਦੇ ਨਾਲ-ਨਾਲ 9 ਸੈਕਟੋਰਲ ਪਾਲਿਸੀਆਂ ਨੂੰ ਵੀ ਲਾਂਚ ਕੀਤਾ ਗਿਆ ਹੈ, ਜੋ ਇਹ ਸਪਸ਼ਟ ਕਰਦਾ ਹੈ ਕਿ ਸੈਕਟਰ ਸਪੈਸੀਫਿਕ ਗ੍ਰੋਥ ਈਕੋਸਿਸਟਮ ਤਿਆਰ ਕਰਨ 'ਤੇ ਵੀ ਸਰਕਾਰ ਦਾ ਧਿਆਨ ਹੈ। ਮੇਕ ਇਨ ਹਰਿਆਣਾ ਪਾਲਿਸੀ ਇਹ ਦਰਸਾਉਂਦੀ ਹੈ ਕਿ ਹਰਿਆਣਾ ਸਿਰਫ਼ ਇੱਕ ਮੈਨੂਫੈਕਚਰਿੰਗ ਵਾਲੀ ਜਗ੍ਹਾ ਨਹੀਂ ਸਗੋਂ ਇੱਕ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ ਨਿਵੇਸ਼ ਵਾਲੀ ਜਗ੍ਹਾ ਹੈ। 

ਉੱਥੇ ਹੀ ਉਦਯੋਗ ਅਤੇ ਵਣਜ ਵਿਭਾਗ ਅਤੇ ਸੂਖਮ, ਲਘੂ ਅਤੇ ਮੱਧਮ ਉਦਯੋਗ ਵਿਭਾਗ ਦੇ ਮਹਾਨਿਰਦੇਸ਼ਕ ਡਾ. ਯਸ਼ ਗਰਗ ਨੇ 'ਮੇਕ ਇਨ ਹਰਿਆਣਾ ਪਾਲਿਸੀ' ਅਤੇ 9 ਨਵੀਆਂ ਸੈਕਟੋਰਲ ਪਾਲਿਸੀਆਂ ਬਾਰੇ ਵਿਸਤਾਰ ਵਿੱਚ ਦੱਸਿਆ।

ਇਨ੍ਹਾਂ ਕੰਪਨੀਆਂ ਨੇ ਕੀਤੇ ਐਮਓਯੂ

ਐਨਟੀਐਫ ਗਰੁੱਪ, ਔਮੋਵਿਓ, ਪ੍ਰੋਟੇਰੀਅਲ, ਨੈਸ਼ਨਲ ਆਸਟ੍ਰੇਲੀਅਨ ਬੈਂਕ ਗਲੋਬਲ ਇਨੋਵੇਸ਼ਨ ਸੈਂਟਰ, ਸੁਮਿਤੋਮੋ ਕਾਰਪੋਰੇਸ਼ਨ ਇੰਡੀਆ, ਰਿਲਾਇੰਸ ਐਮਈਟੀਐਲ, ਸਟਾਰ ਵਾਇਰ, ਸਾਤਵਿਕ ਗਰੁੱਪ, ਇੰਡੀਆ ਸੈੱਲ ਅਲਾਇੰਸ, ਗੌਤਮ ਸੋਲਰ, ਵੀਨਸ ਰੈਮੇਡੀਜ਼, ਵਰੁਣ ਬੇਵਰੇਜਿਸ, ਹੋਰਾਈਜ਼ਨ ਇੰਡਸਟਰੀਅਲ, ਅਨੰਤ ਰਾਜ, ਵੈਲਸਪਨ ਵਨ, ਸਟਾਰ ਸੀਮੈਂਟ, ਜੀਐਲਐਸ ਗਰੁੱਪ, ਐਸਐਮਟੀਏ, ਕਰਨਾਲ ਫਾਰਮਾ ਪਾਰਕ, ਯੂਨੀਵਰਸਲ ਸਕਸੈੱਸ ਐਂਟਰਪ੍ਰਾਈਜ਼ਿਜ਼, ਰੈਕਬੈਂਕ, ਅੰਬਰ ਗਰੁੱਪ।

ਇਸ ਮੌਕੇ 'ਤੇ ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਨਲਵਾ ਦੇ ਵਿਧਾਇਕ ਰਣਧੀਰ ਸਿੰਘ ਪਨਿਹਾਰ ਮੌਜੂਦ ਸਨ।