ਹਰਿਆਣਾ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਪੂਰੀ ਤਿਆਰੀ, ਉਪਭੋਗਤਾਵਾਂ ਨੂੰ ਨਿਰਵਿਘਨ ਬਿਜਲੀ ਉਪਲਬਧ ਕਰਵਾਈ ਜਾਵੇਗੀ : ਅਨਿਲ ਵਿੱਜ
ਸੂਬੇ ਦੇ ਹਰ ਉਪਭੋਗਤਾ ਨੂੰ ਮਿਲੇਗੀ ਨਿਰਵਿਘਨ ਬਿਜਲੀ, ਵਿਭਾਗ ਦਾ ਪੂਰਾ ਤੰਤਰ ਅਲਰਟ ਮੋਡ 'ਤੇ - ਅਨਿਲ ਵਿੱਜ
5 Dariya News
ਚੰਡੀਗੜ੍ਹ 01-Jun-2026
ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਸਾਰੀਆਂ ਲੋੜੀਂਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਬਿਜਲੀ ਦੀ ਪੀਕ ਡਿਮਾਂਡ ਵਧ ਰਹੀ ਹੈ, ਬਿਜਲੀ ਵਿਭਾਗ ਸਫ਼ਲਤਾਪੂਰਵਕ ਉਸ ਦਾ ਸਾਹਮਣਾ ਕਰ ਰਿਹਾ ਹੈ ਅਤੇ ਰਾਜ ਦੀ ਸੰਪੂਰਨ ਬਿਜਲੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬੇ ਦੇ ਉਪਭੋਗਤਾਵਾਂ ਨੂੰ ਲੋੜੀਂਦੀ ਅਤੇ ਨਿਰਵਿਘਨ ਬਿਜਲੀ ਉਪਲਬਧ ਕਰਵਾਈ ਜਾਵੇਗੀ ਅਤੇ ਇਸ ਦੇ ਲਈ ਵਿਆਪਕ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ। ਸ੍ਰੀ ਵਿੱਜ ਅੱਜ ਚੰਡੀਗੜ੍ਹ ਵਿੱਚ ਮੀਡੀਆ ਕਰਮੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਬਿਜਲੀ ਵਿਭਾਗ ਦਾ ਹਰੇਕ ਕਰਮਚਾਰੀ ਅਤੇ ਅਧਿਕਾਰੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਵਿਭਾਗ ਨੇ ਬਿਜਲੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਅਤੇ ਦਰੁਸਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਹਨ ਅਤੇ ਨਿਰੰਤਰ ਸੁਧਾਰ ਦੀ ਪ੍ਰਕਿਰਿਆ ਵੀ ਜਾਰੀ ਹੈ, ਤਾਂ ਜੋ ਉਪਭੋਗਤਾਵਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਗੁਰੂਗ੍ਰਾਮ ਦੀ ਘਟਨਾ 'ਤੇ ਤੁਰੰਤ ਕਾਰਵਾਈ ਕੀਤੀ ਗਈ - ਵਿੱਜ
ਗੁਰੂਗ੍ਰਾਮ ਵਿੱਚ ਹਾਲ ਹੀ ਵਿੱਚ ਹੋਏ ਹਾਦਸੇ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਵਿੱਜ ਨੇ ਕਿਹਾ ਕਿ ਇਹ ਇੱਕ ਤਕਨੀਕੀ ਘਟਨਾ ਸੀ, ਜਿਸ 'ਤੇ ਵਿਭਾਗ ਨੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮਸ਼ੀਨਰੀ ਨੂੰ ਲਗਭਗ ਦੋ ਘੰਟਿਆਂ ਦੇ ਅੰਦਰ ਠੀਕ ਕਰ ਲਿਆ ਗਿਆ ਸੀ ਅਤੇ ਬਿਜਲੀ ਵਿਵਸਥਾ ਨੂੰ ਜਲਦੀ ਹੀ ਆਮ ਕਰ ਦਿੱਤਾ ਗਿਆ ਸੀ।
ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰ ਰਹੇ ਹਨ - ਵਿੱਜ
ਅਧਿਕਾਰੀਆਂ ਦੇ ਕੰਮ-ਕਾਰ ਅਤੇ ਵਿਵਹਾਰ ਨੂੰ ਲੈ ਕੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਵਿੱਜ ਨੇ ਕਿਹਾ ਕਿ ਉਹ ਕਿਸੇ ਦੀ ‘ਕਲਾਸ’ ਨਹੀਂ ਲੈਂਦੇ, ਸਗੋਂ ਲੋੜ ਅਨੁਸਾਰ ਅਧਿਕਾਰੀਆਂ ਨੂੰ ਉਚਿਤ ਦਿਸ਼ਾ-ਨਿਰਦੇਸ਼ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰ ਰਹੇ ਹਨ ਅਤੇ ਸਰਕਾਰ ਦੀਆਂ ਨੀਤੀਆਂ ਤੇ ਜਨਹਿਤ ਦੇ ਕੰਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਹੇ ਹਨ।