ਪੂਨਮਦੀਪ ਕੌਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡਰਜ਼ ਕਮਿਸ਼ਨ ਨਾਲ ਬੈਠਕ
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ: ਡਿਪਟੀ ਕਮਿਸ਼ਨਰ
5 Dariya News
ਸੰਗਰੂਰ 01-Jun-2026
ਸੰਗਰੂਰ ਜ਼ਿਲ੍ਹੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਅੱਜ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਮੈਂਬਰਾਂ ਨਾਲ ਅਹਿਮ ਬੈਠਕ ਕੀਤੀ ਗਈ। ਬੈਠਕ ਦੌਰਾਨ ਵਪਾਰ ਨਾਲ ਸੰਬੰਧਿਤ ਮੁੱਖ ਮਸਲਿਆਂ ਜਿਸ ਵਿੱਚ ਬੁਨਿਆਦੀ ਢਾਂਚੇ, ਸਫ਼ਾਈ ਪ੍ਰਬੰਧ, ਟ੍ਰੈਫ਼ਿਕ ਅਤੇ ਪਾਰਕਿੰਗ ਸਮੱਸਿਆਵਾਂ ਸਮੇਤ ਹੋਰ ਚੁਣੌਤੀਆਂ ’ਤੇ ਗੰਭੀਰ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਟਰੇਡਰਜ਼ ਕਮਿਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਸੰਵੇਦਨਸ਼ੀਲ ਅਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਹਰੇਕ ਮਸਲੇ ਦਾ ਨਿਪਟਾਰਾ ਤਰਜੀਹ ਦੇ ਆਧਾਰ ’ਤੇ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਪਾਰੀਆਂ ਤੋਂ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਸੰਬੰਧਿਤ ਵਿਭਾਗਾਂ ਰਾਹੀਂ ਨਿਪਟਾਰਾ ਕਰਵਾਇਆ ਜਾਵੇ ਅਤੇ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਵਪਾਰਕ ਮਾਹੌਲ ਨੂੰ ਹੋਰ ਸਾਜ਼ਗਾਰ ਅਤੇ ਵਿਕਾਸਸ਼ੀਲ ਬਣਾਉਣ ਲਈ ਸਰਕਾਰ ਵੱਲੋਂ ਚਲ ਰਹੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਰਿਹਾ ਹੈ।
ਬੈਠਕ ਦੌਰਾਨ ਟਰੇਡਰਜ਼ ਕਮਿਸ਼ਨ ਦੇ ਮੈਂਬਰਾਂ ਵੱਲੋਂ ਵਪਾਰੀਆਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕੁਝ ਮਸਲਿਆਂ 'ਤੇ ਤੁਰੰਤ ਕਾਰਵਾਈ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਉਠਾਏ ਗਏ ਹਰੇਕ ਮਸਲੇ ’ਤੇ ਗੰਭੀਰਤਾ ਨਾਲ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਰੁਣ ਜਿੰਦਲ ਨੇ ਕਿਹਾ ਕਿ ਵਪਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਟਰੇਡਰਜ਼ ਕਮਿਸ਼ਨ ਨਾਲ ਨਿਰੰਤਰ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਵੱਲੋਂ ਵਪਾਰੀਆਂ ਦੇ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।
ਬੈਠਕ ਵਿੱਚ ਜ਼ਿਲ੍ਹੇ ਦੇ ਸਮੂਹ ਐਸਡੀਐਮਜ਼, ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਸਟੇਟ ਸੈਕਟਰੀ ਸੰਜੀਵ ਗੁਪਤਾ, ਜ਼ਿਲ੍ਹਾ ਚੇਅਰਮੈਨ ਅਰੁਣ ਜਿੰਦਲ, ਹਲਕਾ ਧੂਰੀ ਚੇਅਰਮੈਨ ਪੁਸ਼ਪਿੰਦਰ ਸ਼ਰਮਾ, ਹਲਕਾ ਸੰਗਰੂਰ ਚੇਅਰਮੈਨ ਸੁਖਜਿੰਦਰ ਮਾਨ, ਹਲਕਾ ਲਹਿਰਾ ਚੇਅਰਮੈਨ ਪ੍ਰਿੰਸ ਗਰਗ, ਹਲਕਾ ਸੁਨਾਮ ਚੇਅਰਮੈਨ ਰਾਮ ਕੁਮਾਰ, ਹਲਕਾ ਦਿੜ੍ਹਬਾ ਚੇਅਰਮੈਨ ਅਜੇ ਬਾਂਸਲ ਵੀ ਮੌਜੂਦ ਸਨ।