ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 12ਵੀਂ ਦੀ ਪੰਜਾਬ ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ ਬੱਚੇ ਸਨਮਾਨਿਤ
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਉਪਰਾਲੇ ਪ੍ਰਸੰਸਾਯੋਗ : ਸਪੀਕਰ ਕੁਲਤਾਰ ਸਿੰਘ ਸੰਧਵਾਂ
5 Dariya News
ਕੋਟਕਪੂਰਾ 30-May-2026
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਤੋਂ ਇਲਾਵਾ ਸੰਸਥਾ ਵੱਲੋਂ 12ਵੀਂ ਦੀ ਪੰਜਾਬ ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨਾ ਸ਼ਲਾਘਾਯੋਗ ਕਾਰਜ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਬੱਚਿਆਂ ਦੇ ਗੁੱਡ ਮੌਰਨਿੰਗ ਕਲੱਬ ਅਤੇ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵੱਲੋਂ ਰੱਖੇ ਸਨਮਾਨ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਬੋਲਦਿਆਂ ਕੀਤਾ।
ਸ. ਸੰਧਵਾਂ ਨੇ ਕਿਹਾ ਕਿ ਸਾਰੇ ਬੱਚੇ ਅਤੇ ਨੌਜਵਾਨ ਜੇਕਰ ਦ੍ਰਿੜ ਇਰਾਦਾ ਕਰ ਲੈਣ ਕਿ ਉਹਨਾ ਨੇ ਬੁਲੰਦੀਆਂ ਨੂੰ ਸਰ ਕਰਨਾ ਹੈ ਤਾਂ ਕੁਝ ਵੀ ਔਖਾ ਜਾਂ ਅਸੰਭਵ ਨਹੀਂ। ਉਨ੍ਹਾਂ ਬੱਚਿਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਂ ਬਾਪ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਪੀਕਰ ਸ. ਸੰਧਵਾ ਨੇ ਕਿਹਾ ਕਿ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਸੋਚ ਅਤੇ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜੋ ਕਿ ਮੈਰਿਟ ਲਿਸਟ ਵਿਚ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਕੀਤਾ ਗਿਆ।
ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ਼ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਮੇਰੀ ਪਿਛਲੇ ਲੰਮੇ ਸਮੇਂ ਤੋਂ ਦਿਲੀ ਇੱਛਾ ਰਹੀ ਹੈ ਕਿ ਸਾਡੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੂੰ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਕੋਚਿੰਗ ਦੇ ਕੇ ਜੇਕਰ ਉਹਨਾ ਨੂੰ ਸਮਰੱਥ ਬਣਾਇਆ ਜਾਵੇ ਤਾਂ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈ।ਉਨ੍ਹਾ ਕਿਹਾ ਕਿ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਵੀ ਦਿੱਤੀ ਜਾਵੇਗੀ।
ਮੈਨੇਜਿੰਗ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਨੇ ਦੱਸਿਆ ਕਿ ਦਿੱਲੀ, ਚੰਡੀਗੜ੍ਹ ਅਤੇ ਕੋਟਾ ਵਰਗੇ ਮਹਾਂਨਗਰਾਂ ਵਿੱਚ ਮਿਲਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਕੋਚਿੰਗ ਦੀ ਸਹੂਲਤ ਹੁਣ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵਿਖੇ ਮਿਲੇਗੀ। ਵਿਜਡਮ ਕੋਟਾ ਕਲਾਸਿਜ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਵਰਮਾ ਨੇ ਦੱਸਿਆ ਕਿ ਅਕਸਰ ਇਸ ਇਲਾਕੇ ਦੇ ਲੋਕ ਆਪਣੀਆਂ ਬੇਟੀਆਂ ਨੂੰ ਉਚੇਰੀ ਸਿੱਖਿਆ ਅਤੇ ਕੋਚਿੰਗ ਲਈ ਦੂਰ-ਦੁਰਾਡੇ ਇਲਾਕਿਆਂ ਵਿੱਚ ਭੇਜਣ ਤੋਂ ਕਤਰਾਉਂਦੇ ਸਨ, ਜਿਸ ਕਰਕੇ ਉਹਨਾ ਬੇਟੀਆਂ ਦੀਆਂ ਆਸਾਂ-ਉਮੀਦਾਂ ਢਹਿ-ਢੇਰੀ ਹੋ ਜਾਂਦੀਆਂ ਸਨ।
ਇਸ ਤੋਂ ਇਲਾਵਾ ਲੜਕੀਆਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਉਹਨਾ ਨੂੰ ਆਪਣਾ ਕੈਰੀਅਰ ਨਿਰਧਾਰਤ ਕਰਨ ਲਈ ਯੋਗ ਮਾਰਗ ਦਰਸ਼ਨ ਨਹੀਂ ਸੀ ਮਿਲਦਾ। ਉਹਨਾ ਦੱਸਿਆ ਕਿ ਵਿਦਿਆਰਥੀਆਂ ਨੂੰ ਦਸਵੀਂ ਜਮਾਤ ਪਾਸ ਕਰਨ ਦੇ ਨਾਲ ਨਾਲ ਪ੍ਰੰਪਰਿਕ ਪੜਾਈ ਦੇ ਬਰਾਬਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਪ੍ਰਬੰਧ ਹੋਵੇਗਾ ਅਤੇ ਇਸ ਵਾਸਤੇ ਫੀਸਾਂ ਵੀ ਵੱਡੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਘੱਟ ਹੋਣਗੀਆਂ।
ਉਹਨਾਂ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਲਈ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥਣਾ ਲਈ ਵੀ ਬਕਾਇਦਾ ਸਹੂਲਤ ਮਿਲੇਗੀ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਮੈਡਮ ਅਮਨਦੀਪ ਕੌਰ ਨੇ ਦਾਅਵਾ ਕੀਤਾ ਕਿ ਉਕਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਉਹਨਾ ਦਾ ਮਕਸਦ ਰੁਜਗਾਰ ਲਈ ਵਿਦੇਸ਼ ਜਾਣ ਦੀ ਸੋਚ ਰੱਖਣ ਵਾਲੀ ਨੌਜਵਾਨ ਸ਼ਕਤੀ ਨੂੰ ਸਹੀ ਮਾਰਗ ਦਰਸ਼ਨ ਦੇ ਕੇ ਉੱਚੇ ਅਹੁਦਿਆਂ ਦੇ ਕਾਬਲ ਬਣਾਉਣਾ ਹੈ ਤਾਂ ਜੋ ਉਹ ਵਿਦੇਸ਼ ਜਾਣ ਦੀ ਸੋਚ ਤਿਆਗ ਦੇਣ।
ਉਹਨਾ ਆਖਿਆ ਕਿ ਜੇਕਰ ਪੰਜਾਬ ਦੇ ਹੋਣਹਾਰ ਲੜਕੇ-ਲੜਕੀਆਂ ਕਲਾਸ-1 ਵਾਲੇ ਉਚ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ ਤਾਂ ਜਿੱਥੇ ਵਿਦੇਸ਼ ਜਾਣ ਦੀ ਲਾਲਸਾ ਖਤਮ ਹੋ ਜਾਵੇਗੀ, ਉੱਥੇ ਆਰਥਿਕ ਪੱਖੋਂ ਪੰਜਾਬ ਵੀ ਖੁਸ਼ਹਾਲ ਹੋ ਜਾਵੇਗਾ। ਸਨਮਾਨ ਸਮਾਰੋਹ ਨੂੰ ਰੋਚਕ ਅਤੇ ਦਿਲਚਸਪ ਬਣਾਉਣ ਲਈ ਪ੍ਰਸਿੱਧ ਭੰਗੜਾ ਕੋਚ ਦਿਲਪ੍ਰੀਤ ਬੱਬੂ ਦੀ ਟੀਮ ਨੇ ਗਿੱਧਾ, ਭੰਗੜਾ ਅਤੇ ਕੋਰੀਓਗ੍ਰਾਫੀ ਰਾਹੀਂ ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹਾ ਵੀ ਦਿੱਤਾ।
ਪੋ੍ਜੈਕਟ ਇੰਚਾਰਜਾਂ ਪੋ੍ ਐਚ ਐਸ ਪਦਮ, ਲੈਕ. ਮੁਖਤਿਆਰ ਸਿੰਘ ਮੱਤਾ ਅਤੇ ਮਾ. ਸੋਮਨਾਥ ਅਰੋੜਾ ਨੇ ਦੱਸਿਆ ਕਿ ਗਿੱਧਾ ਅਤੇ ਭੰਗੜਾ ਟੀਮਾ ਦਾ ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਅਤੇ ਹੋਰ ਸ਼ਖਸ਼ੀਅਤਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਦੀ ਸਮੁੱਚੀ ਟੀਮ ਦਾ ਵੀ ਭਰਪੂਰ ਸਹਿਯੋਗ ਰਿਹਾ।