5 Dariya News

ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਬਰਸੀ ਨੂੰ ਸਮਰਪਿਤ ਕਵੀ ਦਰਬਾਰ

ਨਿਰਮਲ ਕੁਟੀਆ ਸੀਚੇਵਾਲ ਵਿਖੇ ਅੱਜ ਨਤਮਸਤਕ ਹੋਣਗੇ ਮੁੱਖ ਮੰਤਰੀ ਪੰਜਾਬ

5 Dariya News

ਜਲੰਧਰ 27-May-2026

ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਦੱਸਿਆ ਕਿ ਸੰਤ ਅਵਤਾਰ ਸਿੰਘ ਜੀ ਵੱਲੋਂ ਇਸ ਇਲਾਕੇ ਨੂੰ ਕਿਵੇਂ ਗੁਰਬਾਣੀ ਨਾਲ ਜੋੜਿਆ ਗਿਆ ਅਤੇ ਉਨ੍ਹਾਂ ਵੱਲੋਂ ਦੱਸੇ ਸੇਵਾ ਦੇ ਮਾਰਗ ‘ਤੇ ਚੱਲਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਿੱਖਿਆ,ਖੇਡਾਂ,ਵਾਤਾਵਰਣ ਅਤੇ ਖ਼ਾਸ ਕਰਕੇ ਬਾਬਾ ਨਾਨਕ ਜੀ ਦੀ ਪਵਿੱਤਰ ਵੇਈਂ ਨੂੰ ਸਾਫ਼ ਕਰਕੇ ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ।

ਇਸ ਮੌਕੇ ਆਏ ਕਵੀਆਂ ਨੂੰ ਸਨਮਾਨਿਤ ਕਰਦਿਆਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਦੁਨੀਆ ਵਿੱਚ ਤੇਜ਼ੀ ਨਾਲ ਬਦਲ ਰਹੇ ਜਲਵਾਯੂ ਦਾ ਪ੍ਰਭਾਵ ਸਮੁੱਚੇ ਸੰਸਾਰ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆ ਦਾ ਅਜਿਹਾ ਇੱਕੋ ਇੱਕ ਧਰਮ ਹੈ, ਜੋ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। 

ਸੰਤ ਸੀਚੇਵਾਲ ਨੇ ਦੱਸਿਆ ਕਿ ਗੋਲਬਲ ਵਾਰਮਿੰਗ, ਜਲਵਾਯੂ ਤਬਦੀਲੀਆਂ ਅਤੇ ਅਲ-ਨੀਨੋ ਦਾ ਪ੍ਰਭਾਵ ਵੀ ਦੇਖਣ ਨੂੰ ਮਿਲ ਰਿਹਾ ਹੈ। ਅਲ-ਨੀਨੋ ਦੌਰਾਨ ਪ੍ਰਸ਼ਾਂਤ ਮਹਾਸਾਗਰ ਦਾ ਪਾਣੀ ਲੋੜ ਨਾਲੋਂ ਵੱਧ ਗਰਮ ਹੋ ਜਾਂਦਾ ਹੈ, ਇਸ ਨਾਲ ਸਮੁੱਚੇ ਸੰਸਾਰ ਵਿੱਚ ਹਵਾਵਾਂ ਦਾ ਵਹਾਅ ਬਦਲ ਜਾਂਦਾ ਹੈ। 

ਇਸ ਨਾਲ ਜਦੋਂ ਮੀਂਹ ਪੈਣ ਦਾ ਸਮਾਂ ਹੁੰਦਾ ਹੈ ਉਦੋਂ ਤੇਜ਼ ਗਰਮੀ ਪੈਂਦੀ ਹੈ, ਜਿਹੜੀ ਸਹਿਣੀ ਬੜੀ ਔਖੀ ਹੁੰਦੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਅੱਤ ਦੀ ਗਰਮੀ ਤੋਂ ਬਚਣ ਲਈ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਤੇ ਬਿਨ੍ਹਾਂ ਕਾਰਨ ਘਰੋਂ ਬਾਹਰ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਬਦਲ ਰਿਹਾ ਮੌਸਮ ਸਾਡੇ ਚੌਗਿਰਦੇ ਲਈ ਖਤਰਨਾਕ ਹੈ।

ਜਿਹੜੇ ਕਵੀਆਂ ਨੇ ਅੱਜ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਉਨ੍ਹਾਂ ਵਿੱਚ ਪ੍ਰੋ: ਰਾਮ ਮੂਰਤੀ, ਸੰਤ ਸਿੰਘ ਸੰਧੂ, ਮੁਖਤਿਆਰ ਸਿੰਘ ਚੰਦੀ, ਬੀਬਾ ਬਲਵੰਤ, ਡਾ: ਸਤਬੀਰ ਸਿੰਘ ਸ਼ਾਂਤ, ਸੁਖਜਿੰਦਰ ਕੌਰ, ਲਾਡੀ ਭੁੱਲਰ, ਜੋਗਿੰਦਰ ਸਿੰਘ ਉਮਰਾਨੰਗਲ, ਹਜ਼ਾਰਾ ਸਿੰਘ, ਗਿੱਲ, ਲਾਲੀ ਕਰਤਾਰਪੁਰੀ, ਦੀਸ਼ ਦਬੁਰਜ਼ੀ, ਸੁਰਜੀਤ ਸਾਜਨ, ਲਾਡੀ ਲਾਹੌਰੀ, ਗਿਆਨ ਸਿੰਘ ਮਲਸੀਆ, ਬਾਬਾ ਬਲਦੇਵ ਕ੍ਰਿਸ਼ਨ ਸਿੰਘ ਜੀ ਸਮੇਤ ਹੋਰ ਕਵੀ ਸ਼ਾਮਲ ਸਨ। ਸੰਤ ਸੁਖਜੀਤ ਸਿੰਘ ਜੀ ਜਿੱਥੇ ਮੰਚ ਦਾ ਸੰਚਾਲਨ ਕੀਤਾ, ਉਥੇ ਕਵੀ ਦਰਬਾਰ ਦੀ ਸਮਾਪਤੀ ਆਪਣੀ ਮੌਲਿਕ ਰਚਨਾ ਨਾਲ ਕੀਤੀ।

ਨਿਰਮਲ ਕੁਟੀਆ ਸੀਚੇਵਾਲ ਅੱਜ ਆਉਣਗੇ ਮੁੱਖ ਮੰਤਰੀ ਪੰਜਾਬ

ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਮੌਕੇ ਨਤਮਸਤਕ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਿਰਮਲ ਕੁਟੀਆ ਸੀਚੇਵਾਲ 28 ਮਈ ਨੂੰ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਲੈਕੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ, ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਅਤੇ ਐਸਡੀਐਮ ਸ਼ਾਹਕੋਟ ਆਦਿਤਿਆ ਗੁਪਤਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਰਹੇ। 

ਮੁੱਖ ਮੰਤਰੀ ਪੰਜਾਬ ਸੰਤ ਅਵਤਾਰ ਸਿੰਘ ਜੀ ਦੇ ਬਰਸੀ ਸਮਾਗਮਾਂ ਵਿੱਚ ਪਹਿਲਾਂ ਵੀ ਦੋ ਵਾਰ ਸ਼ਾਮਲ ਹੋ ਚੁੱਕੇ ਹਨ।