ਡ੍ਰੋਨ ਸਰਵੇਖਣ ਦੇ ਆਧਾਰ 'ਤੇ ਹੋਵੇਗਾ ਸ਼ਿਕੋਹਪੁਰ ਭੂਮੀ ਮਾਮਲੇ ਦਾ ਹੱਲ : ਰਾਓ ਨਰਬੀਰ ਸਿੰਘ
15 ਜੂਨ ਤੱਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼, ਸਾਲ 2004 ਦੇ ਕਲੈਕਟਰ ਰੇਟ 'ਤੇ ਪਲਾਟ ਅਲਾਟਮੈਂਟ ਦੀ ਨੀਤੀ ਲਾਗੂ ਕਰਨ 'ਤੇ ਜ਼ੋਰ
5 Dariya News
ਚੰਡੀਗੜ੍ਹ 27-May-2026
ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਗਰ ਨਿਗਮ ਮਾਨੇਸਰ ਦੇ ਪਿੰਡ ਸ਼ਿਕੋਹਪੁਰ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਨਿਸ਼ਾਨਦੇਹ ਲਗਭਗ ਸੱਤ ਏਕੜ ਜ਼ਮੀਨ ਦਾ ਡ੍ਰੋਨ ਸਰਵੇਖਣ ਕਰਵਾ ਕੇ 15 ਜੂਨ ਤੱਕ ਰਿਪੋਰਟ ਪੇਸ਼ ਕੀਤੀ ਜਾਵੇ। ਇਹ ਜ਼ਮੀਨ ਖਸਰਾ ਨੰਬਰ 2345 ਵਿੱਚ ਸਥਿਤ ਹੈ, ਜਿਸ ਨੂੰ ਗ੍ਰਾਮ ਪੰਚਾਇਤ ਵੱਲੋਂ ਅਨੁਸੂਚਿਤ ਜਾਤੀ ਕਲੋਨੀ ਦੇ ਨਿਰਮਾਣ ਲਈ ਚਿੰਨ੍ਹਿਤ ਕੀਤਾ ਗਿਆ ਸੀ।
ਰਾਓ ਨਰਬੀਰ ਸਿੰਘ ਅੱਜ ਇਸ ਮੁੱਦੇ 'ਤੇ ਬੁਲਾਈ ਗਈ ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਅਧਿਕਾਰੀਆਂ ਨਾਲ ਆਯੋਜਿਤ ਸਮੀਖਿਆ ਮੀਟਿਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਗੁਰੂਗ੍ਰਾਮ ਅਤੇ ਕਮਿਸ਼ਨਰ ਨਗਰ ਨਿਗਮ ਮਾਨੇਸਰ ਆਨਲਾਈਨ ਰਾਹੀਂ ਜੁੜੇ।
ਸਾਲ 1991 ਵਿੱਚ 13 ਲੋਕਾਂ ਨੂੰ ਕੀਤੀ ਗਈ ਸੀ ਜ਼ਮੀਨ ਅਲਾਟ
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਗੁਰੂਗ੍ਰਾਮ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਸਾਲ 1991 ਵਿੱਚ ਭਾਰਤੀ ਖੇਤੀਬਾੜੀ ਖੋਜ ਸੰਸਥਾ ਦੇ ਖੇਤੀਬਾੜੀ ਵਿਕਾਸ ਕੇਂਦਰ ਨਾਲ ਸਬੰਧਤ ਇਹ ਜ਼ਮੀਨ ਅਨੁਸੂਚਿਤ ਜਾਤੀ ਦੇ 13 ਲੋਕਾਂ ਨੂੰ ਅਲਾਟ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਵੱਧ ਸਮੇਂ ਤੋਂ ਲੋਕਾਂ ਦਾ ਰਿਹਾਇਸ਼ੀ ਕਬਜ਼ਾ ਇਸ ਜ਼ਮੀਨ 'ਤੇ ਬਣਿਆ ਹੋਇਆ ਹੈ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਿਸਾਰ ਦੇ ਚਾਰ ਪਿੰਡਾਂ ਨਾਲ ਜੁੜੇ ਇਸੇ ਤਰ੍ਹਾਂ ਦੇ ਭੂਮੀ ਮਾਮਲੇ ਵਿੱਚ ਕੈਬਨਿਟ ਵੱਲੋਂ ਪ੍ਰਵਾਨਿਤ ਨੀਤੀ ਨੂੰ ਆਧਾਰ ਬਣਾਉਂਦੇ ਹੋਏ ਸਾਲ 2004 ਦੇ ਕਲੈਕਟਰ ਰੇਟ ਅਨੁਸਾਰ ਲੋਕਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਪਲਾਟ ਅਲਾਟ ਕੀਤੇ ਜਾਣ।
ਗੈਰ-ਕਾਨੂੰਨੀ ਕਬਜ਼ਿਆਂ ਦੀ ਵੀ ਹੋਵੇਗੀ ਜਾਂਚ
ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜ਼ਮੀਨ 'ਤੇ ਕਦੋਂ ਤੋਂ ਕਿੰਨੇ ਲੋਕ ਕਾਬਜ਼ ਹਨ ਅਤੇ ਕਿਤੇ ਕੋਈ ਵਿਅਕਤੀ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਤਾਂ ਨਹੀਂ ਕਰੀ ਬੈਠਾ। ਮੀਟਿੰਗ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਮੌਜ਼ੂਦਾ ਵਿੱਚ ਇਹ ਜ਼ਮੀਨ ਪੰਚਾਇਤ ਦੇ ਅਧੀਨ ਨਹੀਂ ਹੈ, ਇਸ ਲਈ ਇਸ ਸਬੰਧ ਵਿੱਚ ਫੈਸਲਾ ਹਰਿਆਣਾ ਨਗਰ ਨਿਗਮ ਐਕਟ, 1994 ਦੇ ਤਹਿਤ ਲਿਆ ਜਾਵੇਗਾ।
ਨਾਲ ਹੀ ਡ੍ਰੋਨ ਸਰਵੇਖਣ ਦਾ ਕੰਮ ਹਰਿਆਣਾ ਸਰਕਾਰ ਦੀ ਅਧਿਕਾਰਤ ਏਜੰਸੀ ਤੋਂ ਕਰਵਾਇਆ ਜਾਵੇਗਾ।
ਮਹਿੰਦਰਗੜ੍ਹ ਵਿੱਚ ਵਿਕਾਸ ਕਾਰਜਾਂ ਦੀ ਵੀ ਹੋਈ ਸਮੀਖਿਆ
ਮਾਨਸੂਨ ਤੋਂ ਪਹਿਲਾਂ ਨਾਲਿਆਂ ਅਤੇ ਸੀਵਰੇਜ ਸਫ਼ਾਈ ਦਾ ਕੰਮ ਪੂਰਾ ਕਰਨ ਦੇ ਨਿਰਦੇਸ਼
ਮੀਟਿੰਗ ਵਿੱਚ ਨਗਰਪਾਲਿਕਾ ਮਹਿੰਦਰਗੜ੍ਹ ਦੇ ਵਿਕਾਸ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਕਾਰਜਾਂ ਲਈ 22 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 13 ਕਰੋੜ ਰੁਪਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਿਰਧਾਰਤ ਕੀਤੇ ਗਏ ਹਨ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮਾਨਸੂਨ ਤੋਂ ਪਹਿਲਾਂ ਨਾਲਿਆਂ ਅਤੇ ਸੀਵਰੇਜ ਦੀ ਸਫ਼ਾਈ ਦਾ ਕੰਮ ਪੂਰਾ ਕਰ ਲਿਆ ਜਾਵੇਗਾ।
ਮੀਟਿੰਗ ਵਿੱਚ ਮਹਿੰਦਰਗੜ੍ਹ ਤੋਂ ਵਿਧਾਇਕ ਕੰਵਰ ਸਿੰਘ, ਕਮਿਸ਼ਨਰ ਅਤੇ ਸਕੱਤਰ ਪੰਚਾਇਤ ਅਤੇ ਵਿਕਾਸ ਸ੍ਰੀ ਵਾਈ. ਐਸ. ਗੁਪਤਾ, ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਨਿਰਦੇਸ਼ਕ ਸ੍ਰੀ ਮੁਕੁਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜ਼ੂਦ ਸਨ।