5 Dariya News

ਅੰਗਦਾਨ ਕਰਨ ਵਾਲੇ ਪਰਿਵਾਰਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕੇਗਾ ਸਮਾਜ : ਆਰਤੀ ਸਿੰਘ ਰਾਓ

ਸਿਹਤ ਮੰਤਰੀ ਨੇ ਪੀਜੀਆਈਐਮਐਸ ਦੀ ਸੋਟੋ ਅਤੇ ਅੰਗਦਾਨ ਟੀਮ ਨੂੰ ਕੀਤਾ ਸਨਮਾਨਿਤ

5 Dariya News

ਚੰਡੀਗੜ੍ਹ 27-May-2026

ਹਰਿਆਣਾ ਦੀ ਸਿਹਤ, ਮੈਡੀਕਲ ਸਿੱਖਿਆ ,ਖੋਜ ਅਤੇ ਆਯੁਸ਼ ਮੰਤਰੀ ਆਰਤੀ ਸਿੰਘ ਰਾਓ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ, ਪੀਜੀਆਈਐਮਐਸ ਰੋਹਤਕ ਦੇ ਮੈਡੀਕਲ ਸੁਪਰਡੈਂਟ, ਸੋਟੋ ਹਰਿਆਣਾ ਅਤੇ ਅੰਗ ਟ੍ਰਾਂਸਪਲਾਂਟ ਟੀਮ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਮੈਡੀਕਲ ਸੁਪਰਡੈਂਟ ਡਾ. ਕੁੰਦਨ ਮਿੱਤਲ, ਸੋਟੋ ਹਰਿਆਣਾ ਦੀ ਪੂਰੀ ਟੀਮ ਅਤੇ ਟ੍ਰਾਂਸਪਲਾਂਟ ਸਰਜਨਾਂ ਦੀ ਪਿੱਠ ਥਪਥਪਾਂਦੇ ਹੋਏ ਕਿਹਾ ਕਿ ਇਨ੍ਹਾਂ ਦੇ ਅਣਥੱਕ ਯਤਨਾਂ ਨਾਲ ਹਰਿਆਣਾ ਅੱਜ ਅੰਗਦਾਨ ਦੇ ਖੇਤਰ ਵਿੱਚ ਦੇਸ਼ ਦਾ ਆਦਰਸ਼ ਸੂਬਾ ਬਣ ਰਿਹਾ ਹੈ।

ਸਿਤਹ ਮੰਤਰੀ ਆਰਤੀ ਸਿੰਘ ਰਾਓ ਨੇ ਪੀਜੀਆਈਐਮਐਸ ਰੋਹਤਕ ਦੇ ਵਾਈਸ-ਚਾਂਸਲਰ ਡਾ. ਐਚ ਕੇ ਅਗਰਵਾਲ, ਸਮਰਪਿਤ ਡਾਕਟਰਾਂ, ਸਰਜਨਾਂ, ਸੋਟੋ ਹਰਿਆਣਾ ਦੀ ਪੂਰੀ ਟੀਮ, ਨਰਸਿੰਗ ਸਟਾਫ਼, ਅਤੇ ਪੂਰੀ ਮੈਡੀਕਲ ਟੀਮ ਨੂੰ ਬ੍ਰੇਨ-ਡੈੱਡ ਦਾਤਾਵਾਂ ਦੇ ਅੰਗ ਟ੍ਰਾਂਸਪਲਾਂਟ ਸਫਲਤਾਪੂਰਵਕ ਕਰਨ 'ਤੇ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨੇਕ ਕਾਰਜ ਕਈ ਲੋਕਾਂ ਦੀ ਜ਼ਿੰਦਗੀ ਨੂੰ ਬਚਾ ਰਿਹਾ ਹੈ। ਸਿਹਤ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਉਸ ਕੇਸ ਦਾ ਜ਼ਿਕਰ ਕੀਤਾ ਜਿਸ ਵਿੱਚ ਪੀਜੀਆਈਐਮਐਸ ਰੋਹਤਕ ਦੀ ਟੀਮ ਨੇ ਆਰਮੀ ਹੈਲੀਕਾਪਟਰ ਰਾਹੀਂ ਕਿਡਨੀ ਨੂੰ ਚੰਡੀਮੰਦਿਰ ਸਥਿਤ ਆਰਮੀ ਕਮਾਂਡ ਹਸਪਤਾਲ ਪਹੁੰਚਾਇਆ ਸੀ। 

ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਟ੍ਰਾਂਸਪਲਾਂਟ ਹੋਣ ਨਾਲ ਇੱਕ ਜਵਾਨ ਦੀ ਜਾਨ ਬਚ ਗਈ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਟੀਮ, ਪ੍ਰਸ਼ਾਸਨ ਅਤੇ ਹਥਿਆਰਬੰਦ ਬਲਾਂ ਵਿਚਕਾਰ ਇਹ ਮਿਸਾਲੀ ਤਾਲਮੇਲ ਮਾਨਵਤਾ ਦੀ ਸੇਵਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਹ ਸਿਰਫ਼ ਅੰਗਦਾਨ ਨਹੀਂ, ਰਾਸ਼ਟਰ ਸੇਵਾ ਹੈ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਡਾ. ਅਗਰਵਾਲ ਦੀ ਟੀਮ ਨੇ ਪੀਜੀਆਈਐਮਐਸ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ 5 ਸਫਲ ਅੰਗਦਾਨ ਕਰਵਾ ਕੇ ਨਵਾਂ ਰਿਕਾਰਡ ਬਣਾਇਆ ਹੈ। ਸੋਟੋ ਹਰਿਆਣਾ ਦੀ ਕਾਊਂਸਲਿੰਗ ਟੀਮ ਦੇ ਸ਼ਬਦਾਂ ਵਿੱਚ ਉਹ ਤਾਕਤ ਹੈ ਜੋ ਦੁੱਖ ਵਿੱਚ ਡੁੱਬੇ ਬ੍ਰੇਨ-ਡੈੱਡ ਵਿਅਕਤੀ ਦੇ ਪਰਿਵਾਰ ਨੂੰ ਵੀ ਅੰਗਦਾਨ ਕਰਨ ਲਈ ਮਨਾ ਲੈਂਦੀ ਹੈ। 

ਉਨ੍ਹਾਂ ਨੇ ਕਿਹਾ ਕਿ ਮੌਤ ਅਟੱਲ ਹੈ, ਪਰ ਅੰਗਦਾਨ ਨਾਲ ਅਸੀਂ ਮੌਤ ਨੂੰ ਵੀ ਮਾਤ ਦੇ ਸਕਦੇ ਹਾਂ। ਅੰਗਦਾਨ ਤੋਂ ਵੱਡਾ ਪੁੰਨ ਕੋਈ ਨਹੀਂ। ਸਿਹਤ ਮੰਤਰੀ ਨੇ ਅੰਗਦਾਨ ਕਰਨ ਵਾਲੇ ਸਾਰੇ ਪਰਿਵਾਰਾਂ ਨੂੰ ਪ੍ਰਣਾਮ ਕੀਤਾ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਨੇ ਆਪਣੇ ਕਲੇਜੇ ਦੇ ਟੁਕੜੇ ਨੂੰ ਖੋਹਣ ਤੋਂ ਬਾਅਦ ਵੀ ਦੂਜਿਆਂ ਦੇ ਭਲੇ ਬਾਰੇ ਸੋਚਿਆ, ਉਹ ਪਰਿਵਾਰ ਨਹੀਂ, ਦੇਵਤਾ ਸਮਾਨ ਹੈ। 

ਅੰਗਦਾਨ ਕਰਨ ਵਾਲੇ ਸਾਰੇ ਪਰਿਵਾਰਾਂ ਦਾ ਕਰਜ਼ ਸਮਾਜ ਸੱਤਾਂ ਜਨਮਾਂ ਵਿੱਚ ਵੀ ਨਹੀਂ ਉਤਾਰ ਪਾਏਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਵੀ ਅੰਗਦਾਨ ਨੂੰ ਮਹਾਂਦਾਨ ਕਿਹਾ ਹੈ। ਉਨ੍ਹਾਂ ਦੀ ਪ੍ਰੇਰਨਾ ਨਾਲ ਹਰਿਆਣਾ ਵਿੱਚ ਜਾਗਰੂਕਤਾ ਤੇਜ਼ੀ ਨਾਲ ਵਧੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਲੱਖਾਂ ਲੋਕ ਅੰਗਾਂ ਦੀ ਉਡੀਕ ਵਿੱਚ ਦਮ ਤੋੜ ਦਿੰਦੇ ਹਨ। ਬ੍ਰੇਨ ਡੈੱਡ ਦੇ ਪਰਿਵਾਰ ਦੀ ਇੱਕ ‘ਹਾਂ’ 8 ਪਰਿਵਾਰਾਂ ਦੇ ਘਰ ਦਾ ਚਿਰਾਗ ਦੁਬਾਰਾ ਜਗਾ ਸਕਦੀ ਹੈ।

ਇਸ ਮੌਕੇ 'ਤੇ ਸਿਹਤ ਮੰਤਰੀ ਡਾ. ਆਰਤੀ ਸਿੰਘ ਰਾਓ ਨੇ ਡਾ. ਕੁੰਦਨ ਮਿੱਤਲ (ਮੈਡੀਕਲ ਸੁਪਰਡੈਂਟ), ਡਾ. ਸੁਖਬੀਰ ਸਿੰਘ (ਨੋਡਲ ਅਫ਼ਸਰ, ਸੋਟੋ), ਟਰਾਮਾ ਆਈਸੀਯੂ ਇੰਚਾਰਜ ਡਾ. ਤਰੁਣ ਯਾਦਵ, ਡਾ. ਅੰਕੁਰ ਗੋਇਲ, ਨੇਫਰੋਲੋਜਿਸਟ ਸਰਜਨ ਡਾ. ਵਿਵੇਕ ਸਿੰਘ ਠਾਕੁਰ, ਡਾ. ਗੌਰਵ ਪਾਂਡੇ, ਦੀਪਤੀ ਖਰਬ (ਟ੍ਰਾਂਸਪਲਾਂਟ ਕੋ-ਆਰਡੀਨੇਟਰ, ਸੋਟੋ), ਰਾਜੇਸ਼ ਕੁਮਾਰ (ਕੰਸਲਟੈਂਟ ਆਈਈਸੀ, ਸੋਟੋ, ਪੀਜੀਆਈਐਮਐਸ), ਰੋਹਿਤ (ਟ੍ਰਾਂਸਪਲਾਂਟ ਕੋ-ਆਰਡੀਨੇਟਰ) ਨੂੰ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ।