5 Dariya News

ਵਾਰਡ ਨੰਬਰ 10 ਵਿੱਚ ਵੋਟ ਦੀ ਗੁਪਤਤਾ ਭੰਗ ਹੋਣ ਦੇ ਦੋਸ਼, ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ : ਕੁਲਜੀਤ ਸਿੰਘ

5 Dariya News

ਮੋਹਾਲੀ 26-May-2026

ਮੋਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਨੇ ਵਾਰਡ ਨੰਬਰ 10 ਵਿੱਚ ਚੱਲ ਰਹੀ ਵੋਟਿੰਗ ਪ੍ਰਕਿਰਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹੋਏ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਵੋਟਰਾਂ ਦੀ ਗੁਪਤਤਾ ਪੂਰੀ ਤਰ੍ਹਾਂ ਭੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੈਲਟ ਪੇਪਰਾਂ ਅਤੇ ਰਜਿਸਟਰਾਂ ‘ਤੇ ਇੱਕੋ ਹੀ ਨੰਬਰ ਦਰਜ ਹੋਣ ਕਾਰਨ ਇਹ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸ ਵੋਟਰ ਨੇ ਕਿਸਨੂੰ ਵੋਟ ਪਾਈ ਹੈ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਵੋਟਰ ਨੂੰ ਦਿੱਤੇ ਜਾ ਰਹੇ ਬੈਲਟ ਪੇਪਰ, ਕਾਊਂਟਰ ਫਾਇਲ ਅਤੇ ਰਜਿਸਟਰ ਵਿੱਚ ਇੱਕੋ ਸੀਰੀਅਲ ਨੰਬਰ ਦਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਵੋਟ ਦੀ ਗੁਪਤਤਾ ਖਤਮ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਊਂਟਰ ਫਾਇਲ ਖੋਲੀ ਜਾਵੇ ਤਾਂ ਵੋਟਰ ਦੀ ਪਹਿਚਾਣ ਅਤੇ ਉਸਦੀ ਵੋਟ ਬਾਰੇ ਜਾਣਕਾਰੀ ਸਾਹਮਣੇ ਆ ਸਕਦੀ ਹੈ, ਜੋ ਕਿ ਲੋਕਤੰਤਰਿਕ ਪ੍ਰਣਾਲੀ ਦੇ ਖਿਲਾਫ ਹੈ।

ਉਨ੍ਹਾਂ ਕਿਹਾ ਕਿ ਇਹ ਸਿਰਫ ਮੋਹਾਲੀ ਤੱਕ ਸੀਮਿਤ ਮਾਮਲਾ ਨਹੀਂ, ਸਗੋਂ ਪੂਰੇ ਪੰਜਾਬ ਦੇ ਲੋਕਾਂ ਦੇ ਡਾਟਾ ਨਾਲ ਖੇਡ ਕੀਤੀ ਜਾ ਰਹੀ ਹੈ। ਬੇਦੀ ਨੇ ਦੋਸ਼ ਲਗਾਇਆ ਕਿ ਇਹ ਸਭ ਕੁਝ ਸਿਆਸੀ ਲਾਭ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਖਾਸ ਤੌਰ ‘ਤੇ ਕਾਂਗਰਸ ਪਾਰਟੀ ਦੇ ਵੋਟਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ।

ਸਾਬਕਾ ਡਿਪਟੀ ਮੇਅਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅੱਗੇ ਵੀ ਉਠਾਉਣਗੇ ਅਤੇ ਇਸ ਖਿਲਾਫ ਪੂਰੀ ਕਾਨੂੰਨੀ ਤੇ ਲੋਕਤੰਤਰਿਕ ਲੜਾਈ ਲੜੀ ਜਾਵੇਗੀ।