ਜਨਗਣਨਾ 2027 : 100 ਫੀਸਦੀ ਹਾਊਸਲਿਸਟਿੰਗ ਬਲਾਕਾਂ 'ਚ ਗਤੀਵਿਧੀਆਂ ਸ਼ੁਰੂ ਕਰਨ 'ਚ ਬਰਨਾਲਾ ਸੂਬੇ 'ਚੋਂ ਮੋਹਰੀ : ਹਰਪ੍ਰੀਤ ਸਿੰਘ
ਪਹਿਲੇ ਪੜਾਅ ਵਿੱਚ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਵਲੋਂ ਦਿਖਾਈ ਜਾ ਰਹੀ ਹੈ ਸ਼ਾਨਦਾਰ ਕਾਰਗੁਜ਼ਾਰੀ
5 Dariya News
ਬਰਨਾਲਾ 24-May-2026
ਪੰਜਾਬ ਵਿੱਚ ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ 100 ਫੀਸਦੀ ਬਲਾਕਾਂ ਵਿਚ ਸ਼ੁਰੂ ਕਰਨ ਵਿਚ ਨਗਰ ਨਿਗਮ ਬਰਨਾਲਾ ਸੂਬੇ ਭਰ ਵਿੱਚੋਂ ਮੋਹਰੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸਹਿਤ ਪ੍ਰਮੁੱਖ ਜਨਗਣਨਾ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਸਮੂਹ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ।
ਓਹਨਾਂ ਕਿਹਾ ਕਿ ਪੂਰੀ ਉਮੀਦ ਹੈ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਜਨਗਣਨਾ ਦਾ ਪਹਿਲਾ ਪੜਾਅ ਮੁਕੰਮਲ ਕਰਨ ਵਿਚ ਸੂਬੇ ਵਿਚੋਂ ਮੋਹਰੀ ਰਹੇਗਾ। ਓਹਨਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ ਵਿੱਚ ਨਗਰ ਨਿਗਮ ਬਰਨਾਲਾ ਨੇ ਸਾਰੇ 172 ਹਾਊਸਲਿਸਟਿੰਗ ਬਲਾਕਾਂ (HLB) ਵਿੱਚ ਗਤੀਵਿਧੀਆਂ ਸ਼ੁਰੂ ਕੀਤੀਆਂ ਹੋਈਆਂ ਹਨ।
ਇਸ ਤਰ੍ਹਾਂ 100 ਫੀਸਦੀ ਹਾਊਸਲਿਸਟਿੰਗ ਬਲਾਕਾਂ 'ਚ ਗਤੀਵਿਧੀਆਂ ਸ਼ੁਰੂ ਕਰਨ 'ਚ ਬਰਨਾਲਾ ਨਗਰ ਨਿਗਮ ਸੂਬੇ ਵਿਚੋਂ ਮੋਹਰੀ ਹੈ ਜਦਕਿ ਜੇਕਰ ਪੂਰੇ ਜ਼ਿਲ੍ਹਾ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ 800 ਹਾਊਸਲਿਸਟਿੰਗ ਬਲਾਕਾਂ ਵਿਚੋਂ ਸਿਰਫ 1 ਬਲਾਕ ਵਿੱਚ ਅਜੇ ਸਰਵੇਖਣ ਸ਼ੁਰੂ ਨਹੀਂ ਹੋਇਆ। ਇਨ੍ਹਾਂ ਵਿਚੋਂ 19 ਮੁਕੰਮਲ ਹੋ ਚੁੱਕੇ ਹਨ ਤੇ 780 ਵਿੱਚ ਜਨਗਣਨਾ ਕਾਰਜ ਜਾਰੀ ਹੈ।
ਓਹਨਾਂ ਕਿਹਾ ਕਿ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਗਿਣਤੀਕਾਰਾਂ ਦਾ ਜ਼ਿਲ੍ਹਾ ਪੱਧਰ 'ਤੇ ਸਨਮਾਨ ਕੀਤਾ ਗਿਆ ਹੈ ਅਤੇ ਆਉਂਦੇ ਦਿਨੀਂ ਸੁਪਰਵਾਇਜ਼ਰਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਜਨਗਣਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ 15 ਮਈ 2026 ਤੋਂ ਕੀਤੀ ਗਈ ਸੀ, ਜੋ ਕਿ 13 ਜੂਨ 2026 ਤੱਕ ਜਾਰੀ ਰਹੇਗੀ ਤੇ ਪੂਰੀ ਉਮੀਦ ਹੈ ਕਿ ਇਸ ਮਹੱਤਵਪੂਰਨ ਰਾਸ਼ਟਰੀ ਕਾਰਜ ਦਾ ਪਹਿਲਾ ਪੜਾਅ ਜ਼ਿਲ੍ਹਾ ਬਰਨਾਲਾ ਮੋਹਰੀ ਰਹਿ ਕੇ ਮੁਕੰਮਲ ਕਰੇਗਾ।
ਓਹਨਾਂ ਦੱਸਿਆ ਕਿ ਜਨਗਣਨਾ ਦੇ ਇਸ ਕਾਰਜ ਵਿਚ 1200 ਤੋਂ ਵੱਧ ਗਿਣਤੀਕਾਰ ਅਤੇ ਹਰ 6 ਗਿਣਤੀਕਾਰਾਂ ਪਿੱਛੇ ਇਕ ਸੁਪਰਵਾਇਜ਼ਰ ਲਗਾਇਆ ਗਿਆ ਹੈ। ਓਹਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਗਣਨਾ ਦੇ ਸਮੂਹ ਫੀਲਡ ਸਟਾਫ ਨੂੰ ਵਧਾਈ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ।