ਹਰਿਆਣਾ ਵਿੱਚ ਤਕਨੀਕ ਅਤੇ ਸਕਿਲ ਦੇ ਸੁਮੇਲ ਨਾਲ ਵਧੇਗਾ ਰੁਜ਼ਗਾਰ
ਏਆਈ, ਗ੍ਰੀਨ ਸਕਿੱਲਜ਼ ਅਤੇ ਵਰਕਫੋਰਸ ਅੱਪ-ਸਕਿੱਲਿੰਗ 'ਤੇ ਫੋਕਸ
5 Dariya News
ਚੰਡੀਗੜ੍ਹ 22-May-2026
ਹਰਿਆਣਾ ਸਰਕਾਰ ਭਵਿੱਖ ਦੀ ਆਰਥਿਕਤਾ ਅਤੇ ਬਦਲਦੀਆਂ ਉਦਯੋਗਿਕ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਵਿੱਚ ਆਧੁਨਿਕ, ਤਕਨੀਕ ਅਧਾਰਤ ਅਤੇ ਉਦਯੋਗ-ਮੁਖੀ ਸਕਿਲ ਵਿਕਾਸ ਪ੍ਰਣਾਲੀ ਤਿਆਰ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਦੇ ਲਈ ਰਾਜ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਗ੍ਰੀਨ ਤਕਨਾਲੋਜੀ, ਐਡਵਾਂਸਡ ਮੈਨੂਫੈਕਚਰਿੰਗ, ਡਿਜੀਟਲ ਸਕਿੱਲਿੰਗ ਅਤੇ ਉਦਯੋਗ ਅਧਾਰਤ ਪੇਸ਼ੇਵਰ ਸਿਖਲਾਈ ਦੇ ਖੇਤਰ ਵਿੱਚ ਵੱਡੇ ਸੁਧਾਰ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ।
ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਸਕਿਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਰਾਜ ਦੇ ਸਕਿੱਲਿੰਗ ਇਕੋਸਿਸਟਮ ਵਿੱਚ ਕੀਤੇ ਜਾ ਰਹੇ ਵਿਆਪਕ ਸੁਧਾਰਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ''ਵਿਕਸਿਤ ਭਾਰਤ 2047'' ਦੇ ਵਿਜ਼ਨ ਦੇ ਅਨੁਕੂਲ ਨੌਜਵਾਨਾਂ ਨੂੰ ਭਵਿੱਖ ਦੀਆਂ ਰੁਜ਼ਗਾਰ ਲੋੜਾਂ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਮੀਟਿੰਗ ਵਿੱਚ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ) ਦੇ ਆਧੁਨਿਕੀਕਰਨ, ਏਆਈ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਜੁੜੇ ਨਵੇਂ ਕੋਰਸ ਸ਼ੁਰੂ ਕਰਨ, ਸਿਖਲਾਈ ਪ੍ਰੋਗਰਾਮਾਂ ਦੀ ਨਿਗਰਾਨੀ ਮਜ਼ਬੂਤ ਕਰਨ ਅਤੇ ਉਦਯੋਗ-ਮੁਖੀ ਸਕਿਲ ਪ੍ਰਣਾਲੀ ਵਿਕਸਿਤ ਕਰਨ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸ਼੍ਰੀ ਰਸਤੋਗੀ ਨੇ ਕਿਹਾ ਕਿ ਹਰਿਆਣਾ ਭਵਿੱਖ-ਮੁਖੀ ਸਕਿਲ ਸੁਧਾਰਾਂ ਅਤੇ ਤਕਨੀਕ ਅਧਾਰਤ ਪੇਸ਼ੇਵਰ ਸਿੱਖਿਆ ਨੂੰ ਲਾਗੂ ਕਰਨ ਵਾਲੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਹੋ ਰਹੀ ਤਕਨੀਕੀ ਤਰੱਕੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਆਟੋਮੇਸ਼ਨ ਅਤੇ ਗ੍ਰੀਨ ਤਕਨਾਲੋਜੀ ਗਲੋਬਲ ਰੁਜ਼ਗਾਰ ਦੇ ਦ੍ਰਿਸ਼ ਨੂੰ ਬਦਲ ਰਹੀਆਂ ਹਨ। ਅਜਿਹੇ ਵਿੱਚ ਰਾਜ ਨੂੰ ਆਪਣੇ ਨੌਜਵਾਨਾਂ ਅਤੇ ਕਾਰਜਬਲ (ਵਰਕਫੋਰਸ) ਨੂੰ ਇਨ੍ਹਾਂ ਉੱਭਰਦੇ ਮੌਕਿਆਂ ਲਈ ਪਹਿਲਾਂ ਤੋਂ ਤਿਆਰ ਕਰਨਾ ਹੋਵੇਗਾ।
ਮੀਟਿੰਗ ਵਿੱਚ ਆਈਟੀਆਈ ਦੇ ਆਧੁਨਿਕੀਕਰਨ, ਏਆਈ ਅਤੇ ਨਵੀਂਆਂ ਤਕਨਾਲੋਜੀਆਂ ਨਾਲ ਜੁੜੇ ਕੋਰਸ ਸ਼ੁਰੂ ਕਰਨ, ਸਿਖਲਾਈ ਪ੍ਰੋਗਰਾਮਾਂ ਦੀ ਨਿਗਰਾਨੀ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਉਦਯੋਗ-ਮੁਖੀ ਸਕਿਲ ਪ੍ਰਣਾਲੀ ਵਿਕਸਿਤ ਕਰਨ 'ਤੇ ਚਰਚਾ ਕੀਤੀ ਗਈ।ਰਾਜ ਸਰਕਾਰ ਸਰਕਾਰੀ ਕਰਮਚਾਰੀਆਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਅੱਪ-ਸਕਿੱਲਿੰਗ 'ਤੇ ਵੀ ਕੰਮ ਕਰ ਰਹੀ ਹੈ।
ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ, ਰਿਨਿਊਏਬਲ ਐਨਰਜੀ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਖੇਤਰਾਂ ਵਿੱਚ ਨਵੇਂ ਕੋਰਸ ਵੀ ਸ਼ੁਰੂ ਕਰਨ ਦੀ ਯੋਜਨਾ ਹੈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਰਾਹੀਂ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਕੰਮ ਕਰ ਰਹੇ 7,000 ਤੋਂ ਵੱਧ ਠੇਕਾ ਕਰਮਚਾਰੀਆਂ ਨੂੰ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਵੱਲੋਂ ਹਰਿਆਣਾ ਨੌਲੇਜ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਾਫਟ ਸਕਿੱਲਜ਼ ਅਤੇ ਆਈਟੀ ਸਾਖਰਤਾ ਦੀ ਸਿਖਲਾਈ ਦੇ ਕੇ ਅੱਪ-ਸਕਿੱਲ ਕੀਤਾ ਜਾ ਚੁੱਕਾ ਹੈ। ਚਾਲੂ ਵਿੱਤੀ ਸਾਲ ਵਿੱਚ ਹੋਰ ਕਰਮਚਾਰੀਆਂ ਨੂੰ ਇਸ ਪ੍ਰੋਗਰਾਮ ਤਹਿਤ ਸ਼ਾਮਲ ਕੀਤਾ ਜਾਵੇਗਾ।
ਰਾਜ ਸਰਕਾਰ ਹੁਣ ਗਰੁੱਪ-ਸੀ ਅਤੇ ਗਰੁੱਪ-ਡੀ ਦੇ ਕਰਮਚਾਰੀਆਂ ਲਈ ਵੀ ਡਿਜੀਟਲ ਕੁਸ਼ਲਤਾ ਅਤੇ ਕਾਰਜਕੁਸ਼ਲਤਾ ਵਧਾਉਣ ਲਈ ਵਿਸ਼ੇਸ਼ ਅੱਪ-ਸਕਿੱਲਿੰਗ ਰਣਨੀਤੀ ਤਿਆਰ ਕਰ ਰਹੀ ਹੈ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਮੁੱਖ ਦਫ਼ਤਰ ਅਤੇ ਜ਼ਿਲ੍ਹਾ ਪੱਧਰ 'ਤੇ ਡਰਾਈਵਰਾਂ ਅਤੇ ਸੇਵਾਦਾਰਾਂ ਲਈ ਵੀ ਸਕਿਲ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣ।
ਭਵਿੱਖ ਦੀਆਂ ਰੁਜ਼ਗਾਰ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਸਰਕਾਰ ਨੇ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਉਦਯੋਗਿਕ ਲੋੜਾਂ 'ਤੇ ਅਧਾਰਤ ਇੱਕ ਵਿਆਪਕ 'ਸਕਿੱਲ ਗੈਪ ਸਟੱਡੀ' ਵੀ ਸ਼ੁਰੂ ਕਰਵਾਈ ਹੈ। ਇਹ ਅਧਿਐਨ ਸਵਰਨ ਜਯੰਤੀ ਹਰਿਆਣਾ ਇੰਸਟੀਚਿਊਟ ਆਫ਼ ਫਿਸਕਲ ਮੈਨੇਜਮੈਂਟ ਨੂੰ ਸੌਂਪਿਆ ਗਿਆ ਹੈ ਅਤੇ ਇਸ ਦੀ ਰਿਪੋਰਟ ਜੁਲਾਈ 2026 ਦੇ ਪਹਿਲੇ ਹਫ਼ਤੇ ਤੱਕ ਆਉਣ ਦੀ ਸੰਭਾਵਨਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਅਧਿਐਨ ਰਾਜ ਦੀ ਸਿਖਲਾਈ ਵਿਵਸਥਾ ਨੂੰ ਭਵਿੱਖ ਦੇ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਢਾਲਣ ਵਿੱਚ ਮਦਦ ਕਰੇਗਾ। ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਵਿਭਾਗ ਦੇ ਪ੍ਰਧਾਨ ਸਕੱਤਰ ਸ਼੍ਰੀ ਰਾਜੀਵ ਰੰਜਨ ਨੇ ਮੀਟਿੰਗ ਵਿੱਚ ਦੱਸਿਆ ਕਿ 'ਪੀਐਮ-ਸੇਤੂ' ਪਹਿਲਕਦਮੀ ਤਹਿਤ ਸੋਨੀਪਤ, ਕੁਰੂਕਸ਼ੇਤਰ, ਪਲਵਲ ਅਤੇ ਛਾਰਾ (ਝੱਜਰ) ਵਿੱਚ ਚਾਰ ਪਾਇਲਟ ਆਈਟੀਆਈ ਕਲਸਟਰ ਚਿੰਨ੍ਹਿਤ ਕੀਤੇ ਗਏ ਹਨ, ਜਿਨ੍ਹਾਂ ਨੂੰ ਉਦਯੋਗ ਅਧਾਰਤ ਮਾਡਲ 'ਤੇ ਵਿਕਸਿਤ ਕੀਤਾ ਜਾਵੇਗਾ।
ਅਗਲੇ ਤਿੰਨ ਸਾਲਾਂ ਵਿੱਚ ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ ਵੱਲੋਂ ਅਲਾਟ ਕੀਤੇ ਗਏ ਸਾਰੇ 12 ਕਲਸਟਰਾਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਪ੍ਰਸਤਾਵ ਨੂੰ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਤੋਂ ਸਿਧਾਂਤਕ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਦਯੋਗਾਂ ਅਤੇ ਪੇਸ਼ੇਵਰ ਸੰਸਥਾਵਾਂ ਵਿਚਕਾਰ ਸਹਿਯੋਗ ਵਧਾਉਣ ਲਈ ਅਗਲੇ ਮਹੀਨੇ ਗੁਰੂਗ੍ਰਾਮ ਵਿੱਚ ਇੱਕ ਇੰਡਸਟਰੀ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ।
ਸਕਿਲ ਸਿਖਲਾਈ ਪ੍ਰੋਗਰਾਮਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਰੀਅਲ-ਟਾਈਮ ਮਾਨੀਟਰਿੰਗ ਲਈ ਇੱਕ ਡਿਜੀਟਲ ਪੋਰਟਲ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਪੋਰਟਲ ਸਿਖਲਾਈ ਸੰਸਥਾਵਾਂ ਦੀ ਨਿਗਰਾਨੀ, ਟ੍ਰੈਕਿੰਗ ਅਤੇ ਨਤੀਜਾ ਅਧਾਰਤ ਮੁਲਾਂਕਣ ਨੂੰ ਵੱਧ ਪ੍ਰਭਾਵੀ ਬਣਾਏਗਾ।
ਸਕਿਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਦਿਅਕ ਸੈਸ਼ਨ 2026-27 ਤੋਂ ਆਈਟੀਆਈਜ਼ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਜੁੜੇ ਨਵੇਂ ਕੋਰਸ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਮੌਜੂਦਾ ਵਿੱਚ ਰਾਜ ਦੇ ਪੇਸ਼ੇਵਰ ਸਿਖਲਾਈ ਢਾਂਚੇ ਵਿੱਚ ਸੋਲਰ ਟੈਕਨੀਸ਼ੀਅਨ ਅਤੇ ਮੈਕੇਨਿਕ ਇਲੈਕਟ੍ਰਿਕ ਵਹੀਕਲ ਵਰਗੇ ਕੋਰਸ ਚਲਾਏ ਜਾ ਰਹੇ ਹਨ।
ਸ਼੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ, ਪਲਵਲ ਨੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ, ਰਿਨਿਊਏਬਲ ਐਨਰਜੀ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਕੋਰਸ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਡਰੋਨ ਡਿਜ਼ਾਈਨ ਐਂਡ ਅਸੈਂਬਲੀ, ਮੇਕਾਟ੍ਰੋਨਿਕਸ ਐਂਡ ਇੰਡਸਟਰੀਅਲ ਆਟੋਮੇਸ਼ਨ, ਪਾਈਥਨ ਪ੍ਰੋਗਰਾਮਿੰਗ, ਸੈਮੀਕੰਡਕਟਰ ਡਿਵਾਈਸ ਪੈਕੇਜਿੰਗ ਅਤੇ ਮਸ਼ੀਨ ਲਰਨਿੰਗ ਵਿੱਚ ਥੋੜ੍ਹੇ ਸਮੇਂ ਦੇ ਬ੍ਰਿਜ ਕੋਰਸ ਵੀ ਸ਼ੁਰੂ ਕੀਤੇ ਹਨ।
ਤੇਜ਼ੀ ਨਾਲ ਵਧ ਰਹੇ 'ਕੇਅਰ ਇਕਾਨਮੀ ਸੈਕਟਰ' ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਸਰਕਾਰ ਬਜ਼ੁਰਗਾਂ ਦੀ ਦੇਖਭਾਲ, ਫਿਜ਼ੀਓਥੈਰੇਪੀ ਅਤੇ ਯੋਗਾ ਵਰਗੇ ਖੇਤਰਾਂ ਵਿੱਚ ਵੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਮਿਲ ਸਕਣ। ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਣ ਦੇ ਮਾਹੌਲ ਨੂੰ ਆਧੁਨਿਕ ਬਣਾਉਣ ਲਈ 50 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਦਾ ਪ੍ਰਸਤਾਵ ਹੈ।
ਇਸ ਪਹਿਲਕਦਮੀ ਦਾ ਉਦੇਸ਼ ਆਈਟੀਆਈਜ਼ ਨੂੰ ਦੇਸ਼ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੀ ਤਰਜ਼ 'ਤੇ ਵਿਕਸਿਤ ਕਰਨਾ ਅਤੇ ਹੁਨਰ ਸਿੱਖਿਆ ਨੂੰ ਵਧੇਰੇ ਆਕਰਸ਼ਕ ਬਣਾਉਣਾ ਹੈ। ਨੌਜਵਾਨਾਂ ਨੂੰ ਵਰਕਪਲੇਸ ਲਈ ਬਿਹਤਰ ਢੰਗ ਨਾਲ ਤਿਆਰ ਕਰਨ ਦੇ ਉਦੇਸ਼ ਨਾਲ ਆਈਟੀਆਈਜ਼ ਵਿੱਚ 'ਐਂਪਲੌਏਬਿਲਟੀ ਸਕਿੱਲਜ਼' ਕੋਰਸ ਤਹਿਤ ਸਾਫਟ ਸਕਿੱਲਜ਼ ਅਤੇ ਡਿਜੀਟਲ ਸਕਿੱਲਜ਼ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਵਿਭਾਗ ਨੇ 'ਐਂਪਲੌਏਬਿਲਟੀ ਸਕਿੱਲਜ਼' ਦੇ ਟ੍ਰੇਨਰਾਂ ਦੀ ਸਿਖਲਾਈ ਲਈ ਵਾਧਵਾਨੀ ਫਾਊਂਡੇਸ਼ਨ ਅਤੇ ਕਵੈਸਟ ਅਲਾਇੰਸ ਨਾਲ ਸਮਝੌਤਾ ਪੱਤਰ (MoU) ਵੀ ਸਾਈਨ ਕੀਤੇ ਹਨ। ਇਸ ਦੇ ਨਾਲ ਹੀ ਸਬੰਧਤ ਪੱਖਾਂ ਦੇ ਸਲਾਹ-ਮਸ਼ਵਰੇ ਨਾਲ ਹਰਿਆਣਾ ਦੇ ਹੁਨਰ ਵਿਕਾਸ ਢਾਂਚੇ ਨੂੰ ਰਾਸ਼ਟਰੀ 'ਵਿਜ਼ਨ 2047' ਦੇ ਅਨੁਕੂਲ ਵਿਕਸਿਤ ਕਰਨ ਲਈ ਵਿਸਥਾਰਪੂਰਵਕ ਪੰਜ ਸਾਲਾ ਅਤੇ ਦਸ ਸਾਲਾ ਰਣਨੀਤਕ ਰੋਡਮੈਪ ਵੀ ਤਿਆਰ ਕੀਤਾ ਜਾ ਰਿਹਾ ਹੈ।