ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਕ੍ਰਿਸ਼ਨ ਲਾਲ ਪੰਵਾਰ ਨੇ ਗੁਰੂਗ੍ਰਾਮ ਤੋਂ ਚੰਡੀਗੜ੍ਹ ਤੱਕ ਕੀਤਾ ਰੇਲਗੱਡੀ ਦਾ ਸਫ਼ਰ
ਨਿੱਜੀ ਵਾਹਨਾਂ ਦੀ ਘੱਟ ਵਰਤੋਂ ਦੇਸ਼ ਹਿੱਤ ਅਤੇ ਵਾਤਾਵਰਣ ਦੋਵਾਂ ਲਈ ਜ਼ਰੂਰੀ- ਕ੍ਰਿਸ਼ਨ ਲਾਲ ਪੰਵਾਰ
5 Dariya News
ਗੁਰੂਗ੍ਰਾਮ 17-May-2026
ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਹਿੱਤ ਵਿੱਚ ਬਾਲਣ (ਈਂਧਨ) ਦੀ ਬਚਤ, ਵਾਤਾਵਰਣ ਦੀ ਸੰਭਾਲ ਅਤੇ ਸਾਧਨਾਂ ਦੀ ਸਹੀ ਵਰਤੋਂ ਨੂੰ ਲੈ ਕੇ ਕੀਤੀ ਗਈ ਅਪੀਲ ਅੱਜ ਪੂਰੇ ਦੇਸ਼ ਲਈ ਪ੍ਰੇਰਨਾ ਦਾ ਵਿਸ਼ਾ ਹੈ। ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਸਰਕਾਰ ਵੀ ਲਗਾਤਾਰ ਲੋਕ ਹਿੱਤ ਵਿੱਚ ਕਦਮ ਚੁੱਕ ਰਹੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਗੁਰੂਗ੍ਰਾਮ ਤੋਂ ਚੰਡੀਗੜ੍ਹ ਤੱਕ ਰੇਲਗੱਡੀ ਰਾਹੀਂ ਸਫ਼ਰ ਕਰਕੇ ਸੋਮਵਾਰ ਨੂੰ ਹੋਣ ਵਾਲੀ ਹਰਿਆਣਾ ਮੰਤਰੀ ਮੰਡਲ ਦੀ ਬੈਠਕ ਵਿੱਚ ਸ਼ਾਮਲ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਿੱਜੀ ਵਾਹਨ ਅਤੇ ਸਰਕਾਰੀ ਕਾਫ਼ਲੇ ਦੀ ਵਰਤੋਂ ਨਹੀਂ ਕੀਤੀ।
ਉਨ੍ਹਾਂ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਜਿੱਥੇ ਸੰਭਵ ਹੋਵੇ ਉੱਥੇ ਨਿੱਜੀ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਮਰੱਥ ਲੋਕ ਵੀ ਛੋਟੀਆਂ-ਛੋਟੀਆਂ ਯਾਤਰਾਵਾਂ ਵਿੱਚ ਨਿੱਜੀ ਵਾਹਨਾਂ ਦੀ ਬਜਾਏ ਰੇਲਗੱਡੀ, ਬੱਸ ਅਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਨ, ਤਾਂ ਇਸ ਨਾਲ ਬਾਲਣ ਦੀ ਬਚਤ ਦੇ ਨਾਲ-ਨਾਲ ਸੜਕ ਹਾਦਸਿਆਂ, ਟ੍ਰੈਫਿਕ ਜਾਮ ਅਤੇ ਪ੍ਰਦੂਸ਼ਣ ਵਿੱਚ ਵੀ ਕਮੀ ਲਿਆਂਦੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਖ਼ੁਦ ਆਪਣੇ ਕਾਫ਼ਲੇ (ਫਲੀਟ) ਵਿੱਚ ਘੱਟੋ-ਘੱਟ ਵਾਹਨਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਕਾਰਕੇਡ ਵਿੱਚ ਸੁਰੱਖਿਆ ਦੇ ਨਜ਼ਰੀਏ ਤੋਂ ਸਿਰਫ਼ ਜ਼ਰੂਰੀ ਵਾਹਨ ਹੀ ਸ਼ਾਮਲ ਹੋਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਹਫ਼ਤੇ ਵਿੱਚ ਇੱਕ ਦਿਨ ਬਿਨਾਂ ਕਿਸੇ ਵਾਹਨ ਦੇ ਕੰਮ ਕਰਨ ਦਾ ਵੀ ਪ੍ਰਣ ਲਿਆ ਹੈ, ਤਾਂ ਜੋ ਸਮਾਜ ਵਿੱਚ ਇੱਕ ਹਾਂ-ਪੱਖੀ ਸੰਦੇਸ਼ ਜਾਵੇ ਅਤੇ ਲੋਕ ਬਾਲਣ ਦੀ ਬਚਤ ਪ੍ਰਤੀ ਜਾਗਰੂਕ ਹੋਣ। ਪੰਚਾਇਤ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਜਨਤਕ ਆਵਾਜਾਈ ਦੀ ਵਰਤੋਂ ਕਰਕੇ ਬਾਲਣ ਬਚਾਉਣ ਦੀ ਇਸ ਮੁਹਿੰਮ ਵਿੱਚ ਹਿੱਸੇਦਾਰ ਬਣਨ।
ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਯਤਨ ਮਿਲ ਕੇ ਵੱਡੀ ਤਬਦੀਲੀ ਦਾ ਆਧਾਰ ਬਣਦੇ ਹਨ ਅਤੇ ਸਮੂਹਿਕ ਭਾਗੀਦਾਰੀ ਨਾਲ ਹੀ ਸਾਫ਼-ਸੁਥਰੇ, ਸੁਰੱਖਿਅਤ ਅਤੇ ਵਾਤਾਵਰਣ ਪੱਖੀ ਭਵਿੱਖ ਦਾ ਨਿਰਮਾਣ ਸੰਭਵ ਹੈ।