5 Dariya News

ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਕਰੀਬ 17.72 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ, ਕੈਬਿਨਟ ਮੰਤਰੀ ਹਰਭਜਨ ਸਿੰਘ ਈ:ਟੀ:ਓ ਤੇ ਚੇਅਰਮੈਨ ਸ੍ਰੀ ਬਾਲ ਜੋਗੀ ਨੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ

5 Dariya News

ਅੰਮ੍ਰਿਤਸਰ 14-May-2026

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਲਈ 17 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ  ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਅਤੇ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਇਨ ਬੋਰਡ ਦੇ ਐਡਵਾਈਜਰੀ ਬੋਰਡ ਦੇ ਚੇਅਰਮੈਨ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਵੱਲੋਂ ਸਾਂਝੇ ਤੌਰ `ਤੇ ਕੀਤਾ ਗਿਆ।

ਭਗਵਾਨ ਵਾਲਮੀਕਿ ਜੀ ਤੀਰਥ ਸਥਲ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਸ ਪਾਵਨ ਅਸਥਾਨ ਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਪਿਆਰ, ਤਿਆਗ ਤੇ ਦੀਨ ਦੁਖੀਆਂ ਦੀ ਸੇਵਾ ਦੇ ਰਸਤੇ ਨੂੰ ਅਪਣਾ ਕੇ ਇਕ ਬੇਹਤਰ ਸਮਾਜ ਦੀ ਸਿਰਜਣਾ ਕਰਨ ਦਾ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੀ ਅਮਰ ਰਚਨਾ ਮਹਾਨ ਮਹਾਕਾਵਿ ਰਮਾਇਣ ਰਹਿੰਦੀ ਦੁਨੀਆਂ ਤੱਕ ਲੋਕਾਈ ਨੂੰ ਸੱਚ ਦਾ ਰਾਹ ਦਿਖਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਇਹ ਪਹਿਲੀ ਸਰਕਾਰ ਹੈ ਜੋ ਦੱਬੇ ਕੁਚਲੇ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ ਅਤੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਤੀਰਥ ਸਥੱਲ ਦੇ ਵਿਕਾਸ ਲਈ ਪੱਬਾਂ ਭਾਰ ਹੈ।

ਇਸ ਮੌਕੇ ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਵਿਕਾਸ ਲਈ 17.72 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੀਬ 2.8 ਕਰੋੜ ਰੁਪਏ ਦੀ ਲਾਗਤ ਨਾਲ ਮੁੱਖ ਮੰਦਿਰ ਦੀ ਪੇਟਿੰਗ/ਪਾਲਿਸਿੰਗ ਦਾ ਕੰਮ, ਮੰਦਿਰ ਨੂੰ ਜਾਂਦੇ ਰਸਤੇ ਦੇ ਪਿੱਲਰਾਂ ਦੀ ਮੁਰੰਮਤ ਦਾ ਕੰਮ, ਸੈਂਡ ਸਟੋਨ ਪੱਥਰ ਦੀ ਸਿਲੀਕਾਨ ਕਟਿੰਗ ਦਾ ਕੰਮ ਕੀਤਾ ਜਾਵੇਗਾ।

ਇਸ ਤੋਂ ਇਲਾਵਾ 3.74 ਕਰੋੜ ਰੁਪਏ ਦੀ ਲਾਗਤ ਨਾਲ ਪਵਿੱਤਰ ਸਰੋਵਰ ਦੀ ਸਾਫ ਸਫਾਈ ਜਿਸ ਵਿੱਚ ਸਰੋਵਰ ਵਿੱਚੋਂ ਗਾਰ ਕੱਢਣੀ, ਸਾਫ ਰੇਤ ਪਾਉਣੀ ਅਤੇ ਹੋਰ ਵਿਕਾਸ ਕਾਰਨ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ 2.42 ਕਰੋੜ ਰੁਪਏ ਦੀ ਲਾਗਤ ਨਾਲ ਸੰਗਤ ਹਾਲ ਦੇ ਪੱਥਰ ਦੀ ਰਿਪੇਅਰ, ਲੰਗਰ ਹਾਲ, ਸਰਾਂ, ਪੈਨੋਰਮਾ ਸਥਿਤ ਹਾਲ ਦੇ ਪੇਂਟ ਦਾ ਕੰਮ ਕੀਤਾ ਜਾਵੇਗਾ। ਕਰੀਬ 1.74 ਕਰੋੜ ਰੁਪਏ ਦੀ ਲਾਗਤ ਨਾਲ ਸ਼ਰਧਾਲੂਆਂ ਲਈ ਸਰਾਂ ਵਿੱਚ ਨਵਾਂ ਫਰਨੀਚਰ, ਏ:ਸੀ ਅਤੇ ਹੋਰ ਕੰਮ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐੱਸ:ਟੀ:ਪੀ ਦੀ ਸਮਰਥਾ ਨੂੰ ਵਧਾਉਣਾ, ਸਾਰੇ ਬਾਥਰੂਮਾਂ ਦੀ ਮੁਰੰਮਤ, ਨਵੇਂ ਏ.ਸੀ. ਤੇ ਗੀਜਰ, ਫਾਇਰ ਸੇਫਟੀ ਸਿਸਟਮ ਆਦਿ ਦੇ ਕੰਮ ਵੀ ਕਰਵਾਏ ਜਾਣਗੇ ਜਿਸ `ਤੇ ਲੱਗਭੱਗ 5 ਕਰੋੜ ਤੋਂ ਵਧੇਰੇ ਰਾਸ਼ੀ ਖਰਚ ਹੋਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਵਿਕਾਸ ਕਾਰਜਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ।

ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਕਤੂਬਰ, 2026 ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਵੱਡੇ ਪੱਧਰ `ਤੇ ਮਨਾਇਆ ਜਾਵੇਗਾ, ਜਿਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਪੁੱਜਣਗੀਆਂ। ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਸਮਾਂ ਰਹਿੰਦੇ ਮੁਕੰਮਲ ਕਰ ਲਏ ਜਾਣਗੇ।

ਇਸ ਮੌਕੇ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਸ਼ਰਾਇਨ ਬੋਰਡ ਦੇ ਐਡਵਾਈਜਰੀ ਬੋਰਡ ਦੇ ਚੇਅਰਮੈਨ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਸੇਵਾ ਦਿੱਤੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਪੂਰੀ ਦੁਨੀਆਂ ਵਿੱਚ ਆਪਣੀ ਰੁਹਾਨੀ ਸ਼ਕਤੀ ਕਾਰਨ ਜਾਣਿਆ ਜਾਂਦਾ ਹੈ ਅਤੇ ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ ਕਿ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਟਹਿਲ ਸੇਵਾ ਵਿੱਚ ਕੋਈ ਕਸਰ ਬਾਕੀ ਨਾ ਰਹੇ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਸੁੰਦਰੀਕਰਨ ਵੱਲ ਹੋਰ ਵੀ ਧਿਆਨ ਦਿੱਤਾ ਜਾਵੇਗਾ।

ਇਸ ਮੌਕੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸ, ਨਸ਼ਾ ਮੁਕਤੀ ਮੋਰਚਾ ਦੀ ਮਾਝਾ ਕੋਆਰਡੀਨੇਟਰ ਮੈਡਮ ਸੋਨੀਆ ਮਾਨ, ਮਾਝਾ ਜੋਨ ਦੇ ਸਕੱਤਰ  ਸ੍ਰੀ ਰਵਿੰਦਰ ਹੰਸ, ਜ਼ਿਲ੍ਹਾ ਪ੍ਰਧਾਨ ਐਸ:ਸੀ ਵਿੰਗ ਡਾ. ਇੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ. ਰੁਪਿੰਦਰਪਾਲ ਸਿੰਘ, ਜਨਰਲ ਮੈਨੇਜਰ ਸ੍ਰੀ ਮਧੁਰ ਭਾਟੀਆ, ਸ੍ਰੀ ਪਵਨ ਦਰਾਵਿੰਡ, ਸ੍ਰੀ ਕੁਮਾਰ ਦਰਸ਼ਨ, ਐੱਸ:ਡੀ:ਐੱਮ ਮਨਵੀਰ ਸਿੰਘ ਢਿਲੋਂ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੈ ਦਾਨਵ, ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਚੰਦਨ ਗਰੇਵਾਲ, ਸੈਰ ਸਪਾਟਾ ਅਧਿਕਾਰੀ ਸ੍ਰ ਸੁਖਮਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।